ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਤੇਜ਼ੀ ਨਾਲ ਫੈਲ ਰਿਹਾ ਡੇਂਗੂ ਦਾ ਕਹਿਰ

06:18 AM Oct 31, 2023 IST

ਡਾ. ਪ੍ਰਭਦੀਪ ਸਿੰਘ ਚਾਵਲਾ

ਮੌਸਮ ’ਚ ਬਦਲਾਅ ਆਉਣ ਦੇ ਬਾਵਜੂਦ ਸੂਬੇ ਭਰ ’ਚ ਡੇਂਗੂ ਦਾ ਕਹਿਰ ਜਾਰੀ ਹੈ। ਤਾਪਮਾਨ ਵੀ ਘੱਟੋ-ਘੱਟ 15-17 ਡਿਗਰੀ ਸੈਲਸੀਅਸ ਤਕ ਆ ਗਿਆ ਹੈ ਪਰ ਡੇਂਗੂ ਮੱਛਰ ਦੀ ਮਾਰ ਘੱਟਣ ਦਾ ਨਾਂ ਨਹੀਂ ਲੈ ਰਹੀ। ਇਹ ਮੰਨਿਆ ਜਾਂਦਾ ਹੈ ਕਿ ਤਾਪਮਾਨ 24 ਡਿਗਰੀ ਸੈਲਸੀਅਸ ਤੋਂ ਹੇਠਾਂ ਆਉਣ ’ਤੇ ਡੇਂਗੂ ਦਾ ਮੱਛਰ ਮਰ ਜਾਂਦਾ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬੁਖਾਰ ਅਤੇ ਡੇਂਗੂ ਦਾ ਰੂਪ ਬਦਲਿਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਤਾਪਮਾਨ ਘੱਟਣ ਅਤੇ ਪ੍ਰਦੂਸ਼ਣ ਵਿਚ ਵਾਧਾ ਹੋਣ ਕਾਰਨ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਘੱਟ ਜਾਂਦੇ ਸਨ ਪਰ ਸਥਤਿੀ ਇਹ ਹੈ ਕਿ ਹਰ ਰੋਜ਼ ਡੇਂਗੂ ਦੇ ਨਵੇਂ ਮਰੀਜ਼ ਆ ਰਹੇ ਹਨ ਤੇ ਵੱਡੀ ਗਿਣਤੀ ਮਰੀਜ਼ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਡੇਂਗੂ ਦੇ ਮੱਛਰ ਦੀ ਠੰਢ ਬਰਦਾਸ਼ਤ ਕਰਨ ਦੀ ਸਮਰੱਥਾ ਵਧ ਗਈ ਹੈ। ਇਹੀ ਕਾਰਨ ਹੈ ਕਿ ਤਾਪਮਾਨ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਬੇਮੌਸਮੀ ਬਰਸਾਤਾਂ ਕਾਰਨ ਮੱਛਰ ਦੀ ਪੈਦਾਇਸ਼ ਵਧਦੀ ਪ੍ਰਤੀਤ ਹੋ ਰਹੀ ਹੈ। ਇਸ ਵਾਰ ਮੱਛਰ ਡਾਢਾ ਢੀਠ ਲੱਗ ਰਿਹਾ ਹੈ ਕਿਉਂਕਿ ਮੱਛਰ ’ਤੇ ਮਾਰੂ ਕਰੀਮਾਂ, ਸਪਰੇਆਂ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਪਿਆ ਜਾਪ ਰਿਹਾ ਹੈ। ਇਸ ਨਾਲ ਵੈਕਟਰ ਬੌਰਨ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆਂ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਹੋਰ ਵੀ ਵੱਧ ਜਾਂਦਾ ਹੈ। ਡੇਂਗੂ ’ਤੇ ਕਾਬੂ ਪਾਉਣ ਲਈ ਸਮੇਂ ਸਿਰ ਜਨਤਕ ਭਾਗੀਦਾਰੀ ਦੀ ਵੀ ਲੋੜ ਹੈ।
ਡੇਂਗੂ ਕੀ ਹੈ: ਡੇਂਗੂ ਹੱਡ-ਟੁੱਟਵਾਂ ਬੁਖਾਰ ਹੈ, ਜਿਸ ਨੂੰ ਮਹਾਮਾਰੀ ਦੇ ਰੂਪ ’ਚ ਦੇਖਿਆ ਜਾਂਦਾ ਹੈ। ਇਹ ਜਾਨਲੇਵਾ ਵੀ ਹੋ ਸਕਦਾ ਹੈ। ਡੇਂਗੂ ਬੁਖਾਰ ਨੂੰ ‘ਹੱਡ-ਤੋੜ’ ਬੁਖਾਰ ਕਹਿੰਦੇ ਹਨ ਕਿਉਂਕਿ ਇਸ ਨਾਲ ਪੀੜਤ ਲੋਕਾਂ ਨੂੰ ਇੰਨਾ ਜ਼ਿਆਦਾ ਸਰੀਰਕ ਦਰਦ ਹੁੰਦਾ ਹੈ ਜਿਵੇਂ ਉਨ੍ਹਾਂ ਦੀਆਂ ਹੱਡੀਆਂ ਟੁੱਟ ਰਹੀਆਂ ਹੋਣ।
ਕਿਵੇਂ ਫੈਲਦਾ ਹੈ ਡੇਂਗੂ: ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਡੇਂਗੂ ਫੈਲਦਾ ਹੈ। ਇਨ੍ਹਾਂ ਡੇਂਗੂ ਮੱਛਰਾਂ ਦੀ ਨਿਸ਼ਾਨੀ ਇਹ ਹੈ ਕਿ ਇਨ੍ਹਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਹ ਬਰਸਾਤ ਦੇ ਮੌਸਮ ਵਿੱਚ ਵਧਦਾ-ਫੁੱਲਦਾ ਹੈ ਅਤੇ ਇਸ ਮੌਸਮ ਵਿੱਚ ਇਹ ਮੱਛਰ ਉੱਚਾ ਉੱਡਣ ਦੇ ਯੋਗ ਵੀ ਨਹੀਂ ਹੁੰਦਾ।
ਡੇਂਗੂ ਫੈਲਣ ਦਾ ਕਾਰਨ: ਬਰਸਾਤ ਦਾ ਪਾਣੀ, ਗਮਲਿਆਂ, ਕੂਲਰਾਂ, ਟਾਇਰਾਂ ਆਦਿ ’ਚ ਇਕੱਠਾ ਹੋ ਜਾਂਦਾ ਹੈ, ਜਿਸ ’ਚ ਮੱਛਰ ਪੈਦਾ ਹੁੰਦਾ ਹੈ। ਜੇਕਰ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸ ਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ, ਜੇਕਰ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ, ਜੋ ਡੇਂਗੂ ਤੋਂ ਪ੍ਰਭਾਵਤਿ ਹੈ ਤਾਂ ਉਹ ਮੱਛਰ ਸਿਹਤਮੰਦ ਵਿਅਕਤੀਆਂ ’ਚ ਅੱਗੇ ਵਾਇਰਸ ਫੈਲਾਉਂਦਾ ਰਹਿੰਦਾ ਹੈ।
ਡੇਂਗੂ ਦੇ ਲੱਛਣ: ਡੇਂਗੂ ’ਚ ਬੁਖਾਰ ਅਤੇ ਸਿਰਦਰਦ ਬਹੁਤ ਤੇਜ਼ ਹੁੰਦਾ ਹੈ। ਸਰੀਰ ’ਚ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ। ਉਲਟੀਆਂ ਆਉਂਦੀਆਂ ਹਨ ਅਤੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ, ਮਨ ਕੱਚਾ-ਕੱਚਾ ਮਹਿਸੂਸ ਹੁੰਦਾ ਹੈ। ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਥ-ਪੈਰ ਦਰਦ ਅਤੇ ਪਿੱਠ ਦਰਦ ਦੀ ਸ਼ਿਕਾਇਤ ਹੁੰਦੀ ਹੈ। ਜੋੜਾਂ ਅਤੇ ਮਾਸ-ਪੇਸ਼ੀਆਂ ’ਚ ਦਰਦ, ਬੇਚੈਨੀ ਅਤੇ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਜ਼ਿਆਦਾ ਸਿਹਤ ਵਿਗੜਣ ਤੇ ਮੂੰਹ-ਨੱਕ ਅਤੇ ਮਸੂੜਿਆਂ ’ਚੋਂ ਖੂਨ ਵਗਣ ਲੱਗਦਾ ਹੈ।
ਡੇਂਗੂ ਦੀ ਜਾਂਚ ਅਤੇ ਇਲਾਜ: ਡੇਂਗੂ ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ਼ ਨੂੰ ਬੁਖਾਰ ਹੋਣ ਲੱਗਦਾ ਹੈ, ਜਿਸ ਤੋਂ ਬਾਅਦ 10 ਦਿਨਾਂ ’ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ। ਡੇਂਗੂ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਂਚ ਲਈ ਜਾਣਾ ਚਾਹੀਦਾ ਹੈ, ਜੇਕਰ ਮਰੀਜ਼ ਨੂੰ 102 ਡਿਗਰੀ ਤੱਕ ਬੁਖਾਰ ਹੈ ਤਾਂ ਉਸ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਲਗਾਉਣੀਆਂ ਚਾਹੀਦੀਆਂ ਹਨ। ਮਰੀਜ਼ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ। ਮਰੀਜ਼ ਨੂੰ ਆਰਾਮ ਕਰਨ ਦਿਓ। ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਘਰੇਲੂ ਨੁਸਕਾ ਜਾਂ ਦਵਾਈ ਨਾ ਲਵੋ ਅਤੇ ਮਰੀਜ਼ ਦੀ ਸਥਤਿੀ ਬਾਰੇ ਡਾਕਟਰ ਨੂੰ ਸਮੇਂ-ਸਮੇਂ ਜਾਣੂ ਕਰਵਾਉਂਦੇ ਰਹੋ।
ਡੇਂਗੂ ਤੋਂ ਬਚਣ ਲਈ ਸਾਵਧਾਨੀਆਂ: ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਘਰਾਂ ਦੀਆਂ ਛੱਤਾਂ ਉੱਪਰ ਪਏ ਪੁਰਾਣੇ ਟਾਇਰ-ਟੱਪੇ, ਕਵਾੜ ਆਦਿ ਨੂੰ ਕਵਰ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੋਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰ ਕੇ ਸਾਫ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰ ਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟਰੇਅ ਨੂੰ ਖਾਲੀ ਕਰ ਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ, ਬਚਾਅ ਲਈ ਖੜ੍ਹੇ ਪਾਣੀ ਦੇ ਸੋਮਿਆਂ ’ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਇਨ੍ਹਾਂ ਸਾਰੀਆਂ ਸਾਵਧਾਨੀਆਂ ਨੂੰ ਅਮਲ ’ਚ ਲਿਆਉਣ ਲਈ ਬਣਾਈ ਰਣਨੀਤੀ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ, ‘‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ।” ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ - ਸਰੀਰ ਨੂੰ ਢੱਕ ਕੇ ਰੱਖੋ, ਰਾਤ ਸਮੇ ਸੌਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਓ, ਸਰੀਰ ਉਪਰ ਮੱਛਰ ਮਾਰੂ ਕਰੀਮਾਂ ਜਾਂ ਤੇਲ ਅਦਿ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਡੇਂਗੂ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਅਤੇ ਪ੍ਰਭਾਵਤਿ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ।
ਇਨ੍ਹਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆਂ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ’ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਅਜਿਹੇ ਲੱਛਣ ਹੋਣ ’ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ, ਡੇਂਗੂ ਦਾ ਟੈਸਟ ਤੇ ਇਲਾਜ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਸੁਝਾਵਾਂ ਲਈ 24 ਘੰਟੇ ਉਪਲਬਧ ਟੌਲ ਫਰੀ ਹੈਲਪਲਾਈਨ ਨੰਬਰ 104 ’ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
ਸੰਪਰਕ: 98146-56257

Advertisement

Advertisement