ਅੰਮ੍ਰਿਤਸਰ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਨਵੰਬਰ
ਦੀਵਾਲੀ ਤੋਂ ਬਾਅਦ ਅਤੇ ਨੇੜਲੇ ਇਲਾਕਿਆਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜੇ ਜਾਣ ਕਾਰਨ ਅੰਮ੍ਰਿਤਸਰ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਇਸ ਨੂੰ ਖ਼ਤਮ ਕਰਨ ਲਈ ਨਗਰ ਨਿਗਮ ਵੱਲੋਂ ਡਸਟ ਸੈਪਰੇਸ਼ਨ ਮਸ਼ੀਨਾਂ ਨਾਲ ਪਾਣੀ ਦਾ ਛਿੜਕਾਅ ਕਰਨ ਦਾ ਕੰਮ ਨਿਰੰਤਰ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਅਸਮਾਨ ਵਿੱਚ ਬਣੀ ਧੂੰਏਂ ਵਰਗੀ ਪਰਤ ਹਟਣ ਦਾ ਨਾਮ ਨਹੀਂ ਲੈ ਰਹੀ ਹੈ। ਧੂੰਏਂ ਦੀ ਇਹ ਪਰਤ ਅੱਜ ਸਵੇਰੇ ਅਤੇ ਸ਼ਾਮ ਸਮੇਂ ਵਧੇਰੇ ਪ੍ਰਭਾਵੀ ਢੰਗ ਨਾਲ ਦਿਖੀ। ਸਿਹਤ ਮਹਿਰਾਂ ਦੇ ਮੁਤਾਬਕ ਅਜਿਹੇ ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਮਾਹਿਰਾ ਵੱਲੋਂ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਜਾ ਰਿਹਾ ਹੈ। ਸ਼ਹਿਰ ਵਿੱਚ ਲੱਗੇ ਪ੍ਰਦੂਸ਼ਣ ਮਾਪਕ ਯੰਤਰਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਅੱਜ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਮਾੜੀ ਰਹੀ। ਸ਼ਹਿਰ ਵਿੱਚ ਅੱਜ ਏਕਿਊਆਈ ਦਾ ਅੰਕੜਾ 227 ਰਿਹਾ। ਇਸੇ ਤਰ੍ਹਾਂ ਹਵਾ ਵਿੱਚ ਫੈਲੇ ਪ੍ਰਦੂਸ਼ਣ ਕਣ ਪੀਐੱਮ 2.5 ਅਤੇ ਪੀਐਮ 10 ਦੀ ਸਥਿਤੀ ਵੀ ਮਾੜੀ ਬਣੀ ਹੋਈ ਹੈ। ਇਸ ਕਾਰਨ ਬਣੀ ਧੁੰਆਂਖੀ ਧੁੰਧ ਦੀ ਪਰਤ ਕਰ ਕੇ ਸਵੇਰੇ ਅਤੇ ਸ਼ਾਮ ਸਮੇਂ ਧੁੰਦਲਾ ਦ੍ਰਿਸ਼ ਬਣਿਆ ਹੋਇਆ ਹੈ। ਦੇਖਣ ਦੀ ਸਮਰੱਥਾ ਵੀ ਘੱਟ ਰਹੀ ਹੈ। ਸ਼ਾਮ 5 ਵਜੇ ਹੀ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਚੱਲਣਾ ਪੈ ਰਿਹਾ ਹੈ।
ਨਿਗਮ ਵੱਲੋਂ ਦੋ ਦਿਨ ਪਹਿਲਾਂ ਤੋਂ ਸ਼ੁਰੂ ਕੀਤਾ ਪਾਣੀ ਦੇ ਛਿੜਕਾਅ ਅੱਜ ਵੀ ਜਾਰੀ ਰਿਹਾ। ਨਿਗਮ ਵੱਲੋਂ ਡਸਟ ਸੈਪਰੇਸ਼ਨ ਮਸ਼ੀਨਾਂ ਦੀ ਮਦਦ ਨਾਲ ਅਸਮਾਨ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਦੂਸ਼ਣ ਦੇ ਕਣ ਪਾਣੀ ਨਾਲ ਮਿਲ ਕੇ ਹੇਠਾਂ ਡਿੱਗ ਪੈਣ। ਇਹ ਮਸ਼ੀਨਾਂ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਕਰ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਏਕਿਊਆਈ ਅੰਕ ਪਹਿਲਾਂ ਨਾਲੋਂ ਹੇਠਾਂ ਆਇਆ ਹੈ ਪਰ ਪ੍ਰਦੂਸ਼ਣ ਕਰ ਕੇ ਸਥਿਤੀ ਬਦਤਰ ਬਣੀ ਹੋਈ ਹੈ। ਦੀਵਾਲੀ ਮਗਰੋਂ ਏਕਿਊਆਈ 352 ਤੇ ਪੁੱਜ ਗਿਆ ਸੀ।
ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦਾ ‘ਵਾਤਾਵਰਨ ਦੇ ਰਖਵਾਲੇ’ ਪ੍ਰਸ਼ੰਸਾ ਪੱਤਰ ਨਾਲ ਸਨਮਾਨ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ):
ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਤਹਿਸੀਲ ਸ਼ਾਹਕੋਟ ਦੇ ਕਿਸਾਨਾਂ ਨੂੰ ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ‘ਵਾਤਾਵਰਨ ਦੇ ਰਖਵਾਲੇ’ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਐੱਸਡੀਐੱਮ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਕੋਟਲੀ ਗਾਜਰਾਂ, ਬਾਜਵਾ ਕਲਾਂ ਤੇ ਖੁਰਦ, ਮੀਏਂਵਾਲ ਅਰਾਈਆਂ ਤੇ ਮੌਲਵੀਆਂ, ਈਨੋਵਾਲ, ਭੋਇਪੁਰ ਅਤੇ ਥੰਮੂਵਾਲ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖਤਾ ਸਮੇਤ ਸਮੁੱਚੀ ਵਨਸਪਤੀ ਅਤੇ ਜੀਵ ਜੰਤੂਆਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ।