For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਵੱਲੋਂ ਚੈੱਕ ਪੋਸਟ ’ਤੇ ਜਾਅਲੀ ਟੈਕਸ ਵਸੂਲੀ ਘੁਟਾਲੇ ਦਾ ਭਗੌੜਾ ਮੁਲਜ਼ਮ ਕਾਬੂ

08:40 AM May 10, 2024 IST
ਵਿਜੀਲੈਂਸ ਵੱਲੋਂ ਚੈੱਕ ਪੋਸਟ ’ਤੇ ਜਾਅਲੀ ਟੈਕਸ ਵਸੂਲੀ ਘੁਟਾਲੇ ਦਾ ਭਗੌੜਾ ਮੁਲਜ਼ਮ ਕਾਬੂ
Advertisement

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ(ਮੁਹਾਲੀ), 9 ਮਈ
ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਰਾਜ ਚੈੱਕ ਪੋਸਟ ’ਤੇ ਜਾਅਲੀ ਟੈਕਸ ਵਸੂਲੀ ਘੁਟਾਲੇ ਦੇ ਭਗੌੜੇ ਮੁਲਜ਼ਮ ਸਤਪਾਲ ਚੌਧਰੀ ਵਾਸੀ ਪਿੰਡ ਮੁਰਤਜ਼ਾਬਾਦ, ਸਤਬਾਗੜ੍ਹੀ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਲਗਾਤਾਰ ਭੱਜਦਾ ਆ ਰਿਹਾ ਸੀ। ਉਹ ਮੁਹਾਲੀ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ, ਝਰਮੜੀ ਵਿੱਚ ਪੰਜਾਬ ’ਚ ਦਾਖ਼ਲ ਹੋਣ ਵਾਲੇ ਕਾਮਰਸ਼ੀਅਲ ਵਾਹਨਾਂ ਤੋਂ ਜਾਅਲੀ ਕੰਪਿਊਟਰ ਸਾਫ਼ਟਵੇਅਰ ਅਤੇ ਜਾਅਲੀ ਸਟੈਂਪਾਂ/ਸੀਲਾਂ ਦੀ ਵਰਤੋਂ ਕਰ ਕੇ ਟੈਕਸ ਉਗਰਾਹੀ ਕਰਨ ਦੇ ਘੁਟਾਲੇ ਵਿੱਚ ਵਿਜੀਲੈਂਸ ਨੂੰ ਲੋੜੀਂਦਾ ਸੀ। ਇਸ ਸਬੰਧੀ 8 ਜੂਨ 2022 ਨੂੰ ਧਾਰਾ 420, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਹਰਪਾਲ ਸਿੰਘ ਵਾਸੀ ਪਿੰਡ ਹਸਨਪੁਰ, ਫ਼ਤਿਹਾਬਾਦ (ਹਰਿਆਣਾ), ਸ਼ੈਲਿੰਦਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ, ਜ਼ੀਰਕਪੁਰ ਅਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਖਾਨਪੁਰ, ਖਰੜ (ਮੁਹਾਲੀ) ਦੇ ਤਿੰਨੋਂ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਕਿ ਅੰਤਰਰਾਜੀ ਟੈਕਸ ਉਗਰਾਹੀ ਕੇਂਦਰ ਵਿੱਚ ਜਾਅਲੀ ਕੰਪਿਊਟਰ ਸਾਫ਼ਟਵੇਅਰ ਅਤੇ ਫ਼ਰਜ਼ੀ ਸਟੈਂਪਾਂ/ਸੀਲਾਂ ਦੀ ਵਰਤੋਂ ਕਰਦੇ ਸਨ। ਉਕਤ ਦੇ ਸਾਥੀ ਸਤਪਾਲ ਚੌਧਰੀ ਨੂੰ ਵੀ ਟਰਾਂਸਪੋਰਟ ਵਿਭਾਗ ਦੇ ਈ-ਪਰਿਵਹਨ ਸਾਫ਼ਟਵੇਅਰ ਦੀ ਤਰਜ਼ ’ਤੇ ਤਿਆਰ ਕੀਤੇ ਜਾਅਲੀ ਸਾਫ਼ਟਵੇਅਰ ਦਾ ਲਿੰਕ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ।
ਵਿਜੀਲੈਂਸ ਅਨੁਸਾਰ ਰੋਜ਼ਾਨਾ ਕਰੀਬ 2,000 ਵਪਾਰਕ ਵਾਹਨਾਂ ਦੇ ਨਾਲ-ਨਾਲ ਵਪਾਰਕ ਵਾਹਨਾਂ ਦੀਆਂ ਨਵੀਆਂ ਚਾਸੀਆਂ ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਦਾਖ਼ਲ ਹੁੰਦੀਆਂ ਹਨ। ਇਨ੍ਹਾਂ ਵਾਹਨਾਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਜਾਂ ਲੰਘਣ ਲਈ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ ਜੋ ਕਿ ਸਬੰਧਤ ਵਾਹਨ ਦੇ ਡਰਾਈਵਰ/ਮਾਲਕ ਵੱਲੋਂ ਆਨਲਾਈਨ ਜਾਂ ਉਕਤ ਚੈੱਕ ਪੋਸਟ ’ਤੇ ਤਾਇਨਾਤ ਸਟਾਫ਼ ਕੋਲ ਜਮ੍ਹਾਂ ਕਰਵਾਇਆ ਜਾਂਦਾ ਹੈ। ਪਿੰਡ ਝਰਮੜੀ ਵਿੱਚ ਆਰਟੀਏ ਚੈੱਕ ਪੋਸਟ ’ਤੇ ਤਾਇਨਾਤ ਮੁਲਾਜ਼ਮ ਈ-ਪਰਿਵਹਨ ਸਾਫ਼ਟਵੇਅਰ ਵਿੱਚ ਵਾਹਨ ਦੇ ਰਜਿਸਟਰੇਸ਼ਨ ਨੰਬਰ ਅਤੇ ਕਿਸਮ ਸਮੇਤ ਲੋੜੀਂਦੇ ਵੇਰਵੇ ਭਰਨ ਤੋਂ ਬਾਅਦ ਟੈਕਸ ਦੀ ਬਣਦੀ ਰਕਮ ਵਸੂਲਦੇ ਹਨ, ਜੋ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੁੰਦੀ ਹੈ।
ਹਾਲਾਂਕਿ, ਇਨ੍ਹਾਂ ਮੁਲਜ਼ਮਾਂ ਨੇ ਰਕਮ ਦਾ ਗਬਨ ਕਰਨ ਦੇ ਇਰਾਦੇ ਨਾਲ ਇੱਕ ਜਾਅਲੀ ਸਾਫ਼ਟਵੇਅਰ ਤਿਆਰ ਕੀਤਾ ਅਤੇ ਇਸ ਦੀ ਵਰਤੋਂ ਵਪਾਰਕ ਵਾਹਨਾਂ ਤੋਂ ਟੈਕਸ ਵਸੂਲਣ ਅਤੇ ਵਾਹਨਾਂ ਦੇ ਮਾਲਕਾਂ/ਡਰਾਈਵਰਾਂ ਲਈ ਜਾਅਲੀ ਰਸੀਦਾਂ ਤਿਆਰ ਕਰਨ ਲਈ ਕਰਦੇ ਸਨ। ਇਸ ਤਰ੍ਹਾਂ ਹੋਣ ਵਾਲੀ ਆਮਦਨ ਨਾਲ ਇਹ ਮੁਲਜ਼ਮ ਲੰਮੇ ਸਮੇਂ ਤੋਂ ਆਪਣੀਆਂ ਜੇਬਾਂ ਭਰ ਰਹੇ ਸਨ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਸੀ। ਇਹੀ ਨਹੀਂ ਉਨ੍ਹਾਂ ਨੇ ਵਾਹਨ ਮਾਲਕਾਂ/ਡਰਾਈਵਰਾਂ ਨੂੰ ਯਕੀਨ ਦਿਵਾਉਣ ਲਈ ਰਸੀਦਾਂ ਉੱਤੇ ਚਿਪਕਾਉਣ ਵਾਸਤੇ ਜਾਅਲੀ ਸਟੈਂਪ/ਸੀਲਾਂ ਵੀ ਬਣਾਈਆਂ ਹੋਈਆਂ ਸਨ। ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁੱਛ-ਪੜਤਾਲ ਦੌਰਾਨ ਟੈਕਸ ਵਸੂਲੀ ਮਾਮਲੇ ਵਿੱਚ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×