For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ਅੱਗੇ ਖੋਲ੍ਹਿਆ ਮੋਰਚਾ 12ਵੇਂ ਦਿਨ ’ਚ ਦਾਖ਼ਲ

07:39 AM Apr 16, 2024 IST
ਕਿਸਾਨਾਂ ਵੱਲੋਂ ਮਿਨੀ ਸਕੱਤਰੇਤ ਅੱਗੇ ਖੋਲ੍ਹਿਆ ਮੋਰਚਾ 12ਵੇਂ ਦਿਨ ’ਚ ਦਾਖ਼ਲ
ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਸ਼ਗਨ ਕਟਾਰੀਆ
ਬਠਿੰਡਾ, 15 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇੱਥੇ ਮਿਨੀ ਸਕੱਤਰੇਤ ਅੱਗੇ 4 ਅਪਰੈਲ ਤੋਂ ਜਾਰੀ ਬੇਮਿਆਦੀ ਮੋਰਚਾ ਅਜੇ ਤੱਕ ਜਾਰੀ ਹੈ। ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕਣਕ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਤੱਕ ਕਣਕ ਦੇ ਹੋਏ ਖਰਾਬੇ ਦੀਆਂ ਤਿਆਰ ਕੀਤੀਆਂ ਲਿਸਟਾਂ ਵਿੱਚ ਪਿੰਡ ਬੁਰਜ ਮਹਿਮਾ ਵਿੱਚ ਹੋਏ ਨੁਕਸਾਨ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਇਸ ਮੰਗ ਦੀ ਪੂਰਤੀ ਤੋਂ ਇਲਾਵਾ ਹੋਰ ਮੰਗ ਕੀਤੀ ਕਿ ਸਰਕਾਰ ਗੈਸ ਪਾਈਪ ਲਾਈਨ ਕੰਪਨੀ ਦਾ ਕਿਸਾਨਾਂ ਨਾਲ ਕੀਤਾ ਸਮਝੌਤਾ ਲਾਗੂ ਕਰਵਾਵੇ ਅਤੇ ਜੋ ਪਿੰਡ ਢੱਡੇ ਕੋਲੋਂ ਤੇਲ ਪਾਈਪ ਲਾਈਨ ਲੰਘ ਰਹੀ ਹੈ, ਉਸ ਦਾ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਜ਼ਿਲ੍ਹੇ ਵਿੱਚ ਟੇਲਾਂ ’ਤੇ ਪਾਣੀ ਦੀ ਵੱਡੀ ਸਮੱਸਿਆ ਹੋਣ ਦਾ ਖੁਲਾਸਾ ਕਰਦਿਆਂ ਰਾਮਗੜ੍ਹ ਭੂੰਦੜ, ਕੋਟਭਾਰਾ ਅਤੇ ਕੋਟਫੱਤੇ ਦੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ। ਪਿੰਡ ਰਾਏ ਕੇ ਕਲਾਂ ਸਮੇਤ ਹੋਰ ਪਿੰਡਾਂ ਵਿੱਚ ਬਿਮਾਰੀ ਕਾਰਨ ਮਰੇ ਪਸ਼ੂਆਂ ਲਈ ਵੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਅੱਜ ਪਿੰਡ ਕੋਠਾ ਗੁਰੂ ਆਏ ‘ਆਪ’ ਦੇ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਕੀਤੀ। ਇਸ ਮੌਕੇ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੱਧੂ ਵੀ ਸਨ। ਵਫ਼ਦ ’ਚ ਸ਼ਾਮਲ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬਠਿੰਡਾ ਮੋਰਚੇ ਦੀਆਂ ਮੰਗਾਂ ਸਬੰਧੀ ਕਰਮਜੀਤ ਅਨਮੋਲ ਨੂੰ ਮੰਗ ਪੱਤਰ ਦੇ ਕੇ ਮੰਗਾਂ ’ਤੇ ਚਰਚਾ ਕੀਤੀ ਗਈ। ਸ੍ਰੀ ਅਨਮੋਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਮੰਗਾਂ ਦਾ ਜਲਦੀ ਹੱਲ ਕਰਵਾਉਣਗੇ।

Advertisement

Advertisement
Author Image

Advertisement
Advertisement
×