For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ ਖ਼ਿਲਾਫ਼ ਲੱਗੇ ਮੋਰਚੇ ਵੱਲੋਂ ਆਰ-ਪਾਰ ਦੀ ਲੜਾਈ ਦੀ ਚਿਤਾਵਨੀ

07:14 AM Apr 15, 2024 IST
ਗੈਸ ਫੈਕਟਰੀ ਖ਼ਿਲਾਫ਼ ਲੱਗੇ ਮੋਰਚੇ ਵੱਲੋਂ ਆਰ ਪਾਰ ਦੀ ਲੜਾਈ ਦੀ ਚਿਤਾਵਨੀ
ਪਿੰਡ ਭੂੰਦੜੀ ’ਚ ਗੈਸ ਫੈਕਟਰੀ ਅੱਗੇ ਰੈਲੀ ’ਚ ਸ਼ਾਮਲ ਲੋਕ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਪਰੈਲ
ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਪਿਛਲੇ ਕਈ ਦਿਨਾਂ ਤੋਂ ਜਾਰੀ ਹੋਣ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਵੱਡਾ ਇਕੱਠ ਹੋਇਆ। ਗੈਸ ਫੈਕਟਰੀ ਮੂਹਰੇ ਕੀਤੀ ਗਈ ਵਿਸ਼ਾਲ ਰੈਲੀ ’ਚ ਭਰਵੀਂ ਇਕੱਤਰਤਾ ਨੇ ਫੈਕਟਰੀ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਇਆ। ਰੈਲੀ ’ਚ ਵੱਖ-ਵੱਖ ਕਿਸਾਨ, ਮਜ਼ਦੂਰ, ਇਨਕਲਾਬੀ ਤੇ ਹੋਰ ਜਨਤਕ ਜਥੇਬੰਦੀਆਂ ਦੇ ਸੂਬਾਈ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਸਨ। ਬੁਲਾਰਿਆਂ ਨੇ ਇਸ ਸਮੇਂ ਕਿਹਾ ਕਿ ਸਤਾਰਾਂ ਦਿਨ ਤੋਂ ਮਰਦ ਔਰਤਾਂ ਦਾ ਨਿਰੰਤਰ ਧਰਨਾ ਚੱਲਦਾ ਹੋਣ ਅਤੇ ਸਿਆਸੀ ਆਗੂਆਂ ਨੂੰ ਘੇਰ ਕੇ ਸਵਾਲ ਕਰਨ ਦੇ ਐਲਾਨ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਦਾ ਕੁੰਭਕਰਨੀ ਨੀਂਦ ਸੁੱਤੇ ਰਹਿਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਫੈਕਟਰੀ ਲੋਕਾਂ ਦੇ ਜਾਨ-ਮਾਲ ਦਾ ਖੌਅ ਹੈ ਜਿਸ ਕਰਕੇ ਇਸ ਦਾ ਵਿਰੋਧ ਹੋ ਰਿਹਾ ਹੈ। ਇਹ ਇਲਾਕੇ ਨੂੰ ਪ੍ਰਦੂਸ਼ਿਤ ਕਰੇਗੀ ਅਤੇ ਇਸ ਨਾਲ ਹਮੇਸ਼ਾ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹੇਗਾ। ਰੈਲੀ ’ਚ ਔਰਤਾਂ ਕਾਲੀਆਂ ਅਤੇ ਬਸੰਤੀ ਚੁੰਨੀਆਂ ਲੈ ਕੇ ਭਰਵੀਂ ਗਿਣਤੀ ’ਚ ਸ਼ਾਮਲ ਹੋਈਆਂ।
ਸੂਬਾ ਪ੍ਰਧਾਨ ਧਨੇਰ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਰਘਬੀਰ ਸਿੰਘ ਤੇ ਬਲਰਾਜ ਸਿੰਘ ਕੋਟਉਮਰਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਭੂੰਦੜੀ, ਬੀਕੇਯੂ (ਉਗਰਾਹਾਂ) ਤੋਂ ਅਮਰਜੀਤ ਕੌਰ ਮਾਜਰੀ, ਸੁਦਾਗਰ ਸਿੰਘ ਘੁਡਾਣੀ, ਚਰਨ ਸਿੰਘ ਨੂਰਪੁਰਾ, ਕਾਰਖਾਨਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ, ਜਗਤਾਰ ਸਿੰਘ ਦੇਹੜਕਾ, ਤਰਕਸ਼ੀਲ ਆਗੂ ਸੁਰਜੀਤ ਦੌਧਰ, ਜਮਹੂਰੀ ਅਧਿਕਾਰ ਸਭਾ ਚੰਡੀਗੜ੍ਹ ਦੀ ਆਗੂ ਐਡਵੋਕੇਟ ਅਮਨਦੀਪ ਕੌਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਤੋਂ ਰਣਜੀਤ ਸਿੰਘ ਗੁੜੇ, ਜਸਪਾਲ ਸਿੰਘ ਜੱਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੇ ਰੋਹ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਝੁਕਣਾ ਪਿਆ ਹੈ। ਜੇਕਰ ਹੁਣ ਵੀ ਫੈਕਟਰੀ ਬੰਦ ਕਰਨ ਦਾ ਫ਼ੈਸਲਾ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕਰਨਾ ਲੋਕਾਂ ਦੀ ਮਜਬੂਰੀ ਹੋਵੇਗਾ ਕਿਉਂਕਿ ਇਹ ਮਸਲਾ ਲੋਕਾਂ ਦੀਆਂ ਫ਼ਸਲਾਂ ਨਾਲੋਂ ਜ਼ਿਆਦਾ ਨਸਲਾਂ ਅਤੇ ਹੋਂਦ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਆਗੂਆਂ ਹਰਪ੍ਰੀਤ ਸਿੰਘ ਹੈਪੀ, ਗੁਰਜੀਤ ਸਿੰਘ, ਤੇਜਿੰਦਰ ਸਿੰਘ, ਅਮਰੀਕ ਸਿੰਘ ਰਾਮਾ, ਮਨਜਿੰਦਰ ਸਿੰਘ ਖੇੜੀ, ਜਗਤਾਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

Advertisement

Advertisement
Author Image

Advertisement
Advertisement
×