ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੂਹ ਦਾ ਡੱਡੂ

10:08 AM Sep 14, 2024 IST

ਇਕਬਾਲ ਸਿੰਘ ਹਮਜਾਪੁਰ

Advertisement

ਡੱਡੂ ਖੂਹ ਦੇ ਬਾਹਰ ਬਣੀ ਨਾਲੀ ਵਿੱਚ ਰਹਿੰਦਾ ਸੀ। ਲੋਕ ਇਸ ਖੂਹ ਤੋਂ ਪਾਣੀ ਲੈਣ ਆਉਂਦੇ ਰਹਿੰਦੇ ਸਨ। ਲੋਕ ਖੂਹ ’ਤੇ ਆ ਕੇ ਹੀ ਨਹਾਉਂਦੇ ਅਤੇ ਕੱਪੜੇ ਧੋਂਦੇ ਸਨ। ਲੋਕਾਂ ਦੇ ਨਹਾਉਣ ਅਤੇ ਕੱਪੜੇ ਧੋਣ ਕਰਕੇ ਖੂਹ ਦੇ ਬਾਹਰ ਬਣੀ ਨਾਲੀ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ। ਇਸੇ ਨਾਲੀ ਵਿੱਚ ਡੱਡੂ ਰਹਿੰਦਾ ਸੀ।
ਡੱਡੂ ਇੱਕ ਦਿਨ ਖੂਹ ਵਿੱਚ ਡਿੱਗ ਪਿਆ। ਉਹ ਮਸਤੀ ਕਰਦਾ ਹੋਇਆ ਖੂਹ ਦੀ ਮੌਣ ਉੱਪਰ ਚੜ੍ਹ ਗਿਆ ਸੀ। ਮੌਣ ਉੱਪਰ ਚੜ੍ਹਨ ਤੋਂ ਬਾਅਦ ਉਸ ਦਾ ਪੈਰ ਤਿਲ੍ਹਕ ਗਿਆ ਤੇ ਉਹ ਖੂਹ ਵਿੱਚ ਡਿੱਗ ਪਿਆ ਸੀ।
ਖੂਹ ਵਿੱਚ ਡਿੱਗਣ ਤੋਂ ਬਾਅਦ ਡੱਡੂ ਨਿਰਾਸ਼ ਹੋ ਗਿਆ। ‘‘ਇਹ ਖੂਹ ਹੀ ਹੁਣ ਮੇਰੀ ਦੁਨੀਆ ਹੈ। ਮੈਂ ਇਸ ਖੂਹ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਮੈਨੂੰ ਜ਼ਿੰਦਗੀ ਭਰ ਇੱਥੇ ਹੀ ਰਹਿਣਾ ਪੈਣਾ ਹੈ।’’ ਡੱਡੂ ਨੇ ਸੋਚਿਆ। ਉਸ ਨੇ ਇਸੇ ਸੋਚ ਵਿੱਚ ਕਈ ਮਹੀਨੇ ਲੰਘਾ ਦਿੱਤੇ। ਡੱਡੂ ਤੋਂ ਬਾਅਦ ਇੱਕ ਦਿਨ ਇੱਕ ਕਿਰਲਾ ਵੀ ਖੂਹ ਵਿੱਚ ਡਿੱਗ ਪਿਆ। ਕਿਰਲੇ ਦਾ ਵੀ ਪੈਰ ਤਿਲ੍ਹਕ ਗਿਆ ਸੀ। ਡੱਡੂ, ਕਿਰਲੇ ਨੂੰ ਵੇਖਣ ਲੱਗਾ। ਕਿਰਲਾ ਪਾਣੀ ਵਿੱਚ ਨਹੀਂਂ ਰਹਿ ਸਕਦਾ ਸੀ। ਉਹ ਉਸੇ ਵੇਲੇ ਛਾਲ ਮਾਰ ਕੇ ਖੂਹ ਦੀ ਦੀਵਾਰ ਨਾਲ ਚਿੰਬੜ ਗਿਆ। ਉਹ ਉਸੇ ਵੇਲੇ ਖੂਹ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕਰਨ ਲੱਗਾ। ਉਹ, ਡੱਡੂ ਵਾਂਗ ਢੇਰੀ ਢਾਹ ਕੇ ਨਹੀਂ ਬੈਠਾ ਸੀ। ਕਿਰਲਾ ਇੱਟਾਂ ਨੂ ਹੱਥ ਪਾ ਕੇ ਥੋੜ੍ਹਾ ਉੱਪਰ ਚੜ੍ਹਦਾ ਪਰ ਹੇਠਾਂ ਡਿੱਗ ਪੈਂਦਾ। ਕਿਰਲਾ ਕਈ ਵਾਰ ਹੇਠਾਂ ਡਿੱਗਿਆ ਪਰ ਉਸ ਨੇ ਹਾਰ ਨਾ ਮੰਨੀ। ਕਿਰਲੇ ਨੇ ਇੱਟਾਂ ਨੂੰ ਹੱਥ ਪਾ ਪਾ ਕੇ ਉੱਪਰ ਚੜ੍ਹਨ ਦਾ ਅਭਿਆਸ ਕਰ ਲਿਆ। ਵਾਰ ਵਾਰ ਕੋਸ਼ਿਸ਼ ਕਰਕੇ ਉਹ ਖੂਹ ਵਿੱਚੋਂ ਬਾਹਰ ਨਿਕਲ ਆਇਆ।
‘‘ਮੈਂ ਵੀ ਕਿਰਲੇ ਵਾਂਗ ਕੋਸ਼ਿਸ਼ ਕਰਕੇ ਵੇਖਦਾ ਹਾਂ। ਸ਼ਾਇਦ ਮੈਂ ਖੂਹ ਵਿੱਚੋਂ ਬਾਹਰ ਨਿਕਲ ਹੀ ਜਾਵਾਂ।’’ ਕਿਰਲੇ ਨੂੰ ਵੇਖ ਕੇ ਡੱਡੂ ਵੀ ਹੌਸਲੇ ਵਿੱਚ ਹੋ ਗਿਆ ਸੀ। ਫਿਰ ਉਹ ਵੀ ਖੂਹ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ।
ਡੱਡੂ, ਕਿਰਲੇ ਵਾਂਗ ਇੱਟਾਂ ਨੂੰ ਹੱਥ ਪਾ-ਪਾ ਕੇ ਬਾਹਰ ਨਹੀਂ ਨਿਕਲ ਸਕਦਾ ਸੀ। ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। ਉਸ ਦਾ ਪਾਣੀ ਵਿੱਚੋਂ ਬਾਹਰ ਆਉਣ ਤੋਂ ਬਾਅਦ ਛੇਤੀ ਹੀ ਪਿੰਡਾ ਮੱਚਣ ਲੱਗ ਪੈਂਦਾ ਸੀ। ਖੂਹ ਉੱਪਰ ਸਾਰਾ ਦਿਨ ਭੀੜ ਰਹਿੰਦੀ ਸੀ। ਲੋਕ ਰੱਸੀ ਤੇ ਬਾਲਟੀ ਨਾਲ ਖੂਹ ਵਿੱਚੋਂ ਪਾਣੀ ਕੱਢਦੇ ਰਹਿੰਦੇ ਸਨ। ਡੱਡੂ ਖੂਹ ਵਿੱਚ ਆਉਂਦੀਆਂ-ਜਾਂਦੀਆਂ ਬਾਲਟੀਆਂ ਨੂੰ ਵੇਖਣ ਲੱਗ ਪਿਆ। ਲੋਕ ਹਿਚਕੋਲਾ ਜਿਹਾ ਮਾਰ ਕੇ ਬਾਲਟੀ ਨੂੰ ਪਾਣੀ ਵਿੱਚ ਡੁਬੋਂਦੇ ਸਨ। ਬਾਲਟੀ ਭਰ ਜਾਂਦੀ ਸੀ ਤੇ ਲੋਕ ਉੱਪਰ ਖਿੱਚ ਲੈਂਦੇ ਸਨ। ਡੱਡੂ ਛਾਲ ਮਾਰ ਕੇ ਇੱਕ ਪਾਣੀ ਦੀ ਭਰੀ ਬਾਲਟੀ ਵਿੱਚ ਵੜ ਗਿਆ।
ਡੱਡੂ ਨੂੰ ਪੂਰੀ ਉਮੀਦ ਸੀ ਕਿ ਪਾਣੀ ਦੀ ਬਾਲਟੀ ਰਾਹੀਂ ਉਹ ਖੂਹ ਵਿੱਚੋਂ ਬਾਹਰ ਨਿਕਲ ਜਾਵੇਗਾ। ਉਹ ਪਾਣੀ ਦੀ ਬਾਲਟੀ ਵਿੱਚ ਵੜ ਕੇ ਤੈਰਨ ਲੱਗ ਪਿਆ ਪਰ ਥੋੜ੍ਹਾ ਉੱਪਰ ਆ ਕੇ ਹਿਲੋਰਾ ਜਿਹਾ ਵੱਜਾ। ਡੱਡੂ ਵਾਪਸ ਖੂਹ ਵਿੱਚ ਡਿੱਗ ਪਿਆ। ਉਸ ਵੱਲੋਂ ਕੀਤੀ ਕੋਸ਼ਿਸ਼ ਬੇਕਾਰ ਚਲੀ ਗਈ।
ਡੱਡੂ ਨੇ ਫਿਰ ਕੋਸ਼ਿਸ਼ ਕੀਤੀ। ਇੱਕ ਵਾਰ ਫਿਰ ਉਹ ਪਾਣੀ ਦੀ ਬਾਲਟੀ ਵਿੱਚ ਵੜ ਗਿਆ। ਉਸ ਨੇ ਹਿਲੋਰਾ ਵੱਜਣ ’ਤੇ ਡਿੱਗਣ ਵਾਲੀ ਸਮੱਸਿਆ ਦਾ ਹੱਲ ਲੱਭ ਲਿਆ ਸੀ। ਪਾਣੀ ਦੀ ਬਾਲਟੀ ਉੱਪਰ ਨੂੰ ਆਉਣ ਲੱਗ ਪਈ ਸੀ। ਹਿਲੋਰੇ ਵੱਜਦੇ ਸਨ ਪਰ ਡੱਡੂ ਬੇਹਦ ਸੁਚੇਤ ਹੋ ਗਿਆ ਸੀ। ਥੋੜ੍ਹਾ ਜਿਹਾ ਵੀ ਹਿਲੋਰਾ ਵੱਜਦਾ ਤਾਂ ਉਹ ਬਾਲਟੀ ਵਿੱਚ ਟੁੱਭੀ ਮਾਰ ਜਾਂਦਾ। ਉਹ ਫਿਰ ਤੈਰਨ ਲੱਗ ਪੈਂਦਾ। ਡੱਡੂ ਲੰਮਾ ਸਮਾਂ ਟੁੱਭੀ ਮਾਰ ਕੇ ਵੀ ਨਹੀਂ ਰਹਿ ਸਕਦਾ ਸੀ।
ਉਹ ਬਾਲਟੀ ਵਿੱਚ ਵੜ ਕੇ ਖੂਹ ਵਿੱਚੋਂ ਨਿਕਲ ਆਇਆ। ਉਹ ਬਾਹਰ ਆ ਕੇ ਬਹੁਤ ਖ਼ੁਸ਼ ਹੋਇਆ। ਡੱਡੂ ਦੁਬਾਰਾ ਛਾਲ ਮਾਰ ਕੇ ਨਾਲੀ ਵਿੱਚ ਵੜ ਗਿਆ।
ਉਹ ਖੂਹ ਵਿੱਚੋਂ ਨਿਕਲ ਕੇ ਉਤਸ਼ਾਹ ਨਾਲ ਭਰ ਗਿਆ ਸੀ। ਉਹ ਆਪਣੇ ਜੀਵਨ ਨੂੰ ਸੰਵਾਰਨ ਤੇ ਹੋਰ ਸੁਖਾਲਾ ਬਣਾਉਣ ਬਾਰੇ ਸੋਚਣ ਲੱਗ ਪਿਆ।
‘‘ਮੈਨੂੰ ਇਸ ਨਾਲੀ ਵਿੱਚ ਨਹੀਂ ਰਹਿਣਾ ਚਾਹੀਦਾ। ਨਾਲੀ ਦਾ ਪਾਣੀ ਜ਼ਿਆਦਾ ਗਰਮੀ ਆਉਣ ’ਤੇ ਸੁੱਕ ਸਕਦਾ ਹੈ। ਨਾਲੀ ਦਾ ਪਾਣੀ ਸੁੱਕਣ ਤੋਂ ਬਾਅਦ ਮੇਰੇ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ। ਉਂਜ ਵੀ ਇਸ ਨਾਲੀ ਵਿੱਚ ਪਾਣੀ ਘੱਟ ਤੇ ਚਿੱਕੜ ਜ਼ਿਆਦਾ ਹੈ।’’ ਫਿਰ ਡੱਡੂ ਨੂੰ ਖ਼ਿਆਲ ਆਇਆ, ‘‘ਇਸ ਨਾਲੀ ਦਾ ਪਾਣੀ ਦੂਰ ਜਾ ਕੇ ਜ਼ਰੂਰ ਕਿਸੇ ਛੱਪੜ ਵਿੱਚ ਪੈਂਦਾ ਹੋਵੇਗਾ।’’ ਉਸ ਦਾ ਅੰਦਾਜ਼ਾ ਸਹੀ ਸੀ। ਉਹ ਨਾਲੀ ਵਿੱਚ ਹੀ ਅੱਗੇ ਨੂੰ ਤੁਰ ਪਿਆ। ਇਹ ਨਾਲੀ ਅੱਗੇ ਜਾ ਕੇ ਇੱਕ ਹੋਰ ਵੱਡੀ ਨਾਲੀ ਵਿੱਚ ਪੈਂਦੀ ਸੀ। ਵੱਡੀ ਨਾਲੀ ਪਿੰਡ ਦੇ ਦੂਸਰੇ ਪਾਸੇ ਜਾ ਕੇ ਇੱਕ ਛੱਪੜ ਵਿੱਚ ਪੈਂਦੀ ਸੀ। ਡੱਡੂ ਵੱਡੀ ਨਾਲੀ ਰਾਹੀਂ ਹੁੰਦਾ ਹੋਇਆ ਛੱਪੜ ਵਿੱਚ ਪਹੁੰਚ ਗਿਆ।
ਛੱਪੜ ਵਿੱਚ ਪਾਣੀ ਜ਼ਿਆਦਾ ਸੀ। ਗਰਮੀਆਂ ਵਿੱਚ ਵੀ ਛੱਪੜ ਦੇ ਸੁੱਕਣ ਦਾ ਡਰ ਨਹੀਂ ਸੀ। ਡੱਡੂ ਫਿਰ ਕੁਝ ਮਹੀਨੇ ਹੀ ਛੱਪੜ ਵਿੱਚ ਰਿਹਾ। ਛੱਪੜ ਵਿੱਚ ਸਾਰੇ ਪਿੰਡ ਦੇ ਪਸ਼ੂ ਨਹਾਉਣ ਆਉਂਦੇ ਸਨ। ਡੱਡੂ ਡਰਦਾ ਸੀ ਕਿ ਕਿਧਰੇ ਕਿਸੇ ਪਸ਼ੂ ਦੇ ਖੁਰ ਥੱਲੇ ਹੀ ਨਾ ਆ ਜਾਵੇ। ਇਸ ਕਰਕੇ ਉਹ ਛੱਪੜ ਨੂੰ ਵੀ ਛੱਡ ਕੇ ਜਾਣ ਬਾਰੇ ਸੋਚਣ ਲੱਗ ਪਿਆ।
ਡੱਡੂ ਨੂੰ ਦੂਰ ਇੱਕ ਤਲਾਬ ਦਾ ਪਤਾ ਲੱਗ ਗਿਆ ਸੀ। ਉਸ ਤਲਾਬ ਵਿੱਚ ਪਸ਼ੂ ਨਹੀਂ ਨਹਾਉਂਦੇ ਸਨ। ਤਲਾਬ ਦਾ ਪਾਣੀ ਵੀ ਛੱਪੜ ਦੇ ਪਾਣੀ ਨਾਲੋਂ ਜ਼ਿਆਦਾ ਸਾਫ਼ ਸੀ। ਇਸ ਲਈ ਡੱਡੂ ਤਲਾਬ ਵਿੱਚ ਜਾਣਾ ਚਾਹੁੰਦਾ ਸੀ।
‘‘ਪਰ ਮੈਂ ਤਲਾਬ ਤੱਕ ਪਹੁੰਚਾਂਗਾ ਕਿਵੇਂ? ਤਲਾਬ ਦੂਰ ਹੈ। ਮੈਂ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ ਸਕਦਾ। ਛੱਪੜ ਤੋਂ ਤਲਾਬ ਤੱਕ ਕੋਈ ਨਾਲੀ ਵੀ ਨਹੀਂ ਜਾਂਦੀ। ਜਿਸ ਰਾਹੀਂਂ ਮੈਂ ਤਲਾਬ ਤੱਕ ਪਹੁੰਚ ਸਕਾਂ।’’ ਡੱਡੂ ਇਹ ਸਭ ਸੋਚਣ ਲੱਗਾ, ਪਰ ਉਹ ਢੇਰੀ ਢਾਹ ਕੇ ਬਹਿਣ ਵਾਲਾ ਨਹੀਂ ਰਿਹਾ ਸੀ। ਖੂਹ ਨੇ ਉਸ ਨੂੰ ਆਸ਼ਾਵਾਦੀ ਬਣਾ ਦਿੱਤਾ ਸੀ। ਡੱਡੂ ਸਮਝ ਗਿਆ ਸੀ ਕਿ ਹਰੇਕ ਮੁਸ਼ਕਿਲ ਦਾ ਹੱਲ ਹੁੰਦਾ ਹੈ।
ਡੱਡੂ ਨੂੰ ਆਪਣੇ ਦਾਦੇ-ਪੜਦਾਦੇ ਦੀ ਦਿਬ-ਦ੍ਰਿਸ਼ਟੀ ਦਾ ਖ਼ਿਆਲ ਆਇਆ। ਕਈ ਦਿਨਾਂ ਦੀ ਲੰਬੀ ਝੜੀ ਲੱਗਣ ਤੋਂ ਪਹਿਲਾਂ ਉਸ ਦੇ ਦਾਦੇ-ਪੜਦਾਦੇ ‘ਟਰੈਂ-ਟਰੈਂ’ ਕਰਨ ਲੱਗ ਪੈਂਦੇ ਹੁੰਦੇ ਸਨ। ਉਸ ਦੇ ਦਾਦੇ-ਪੜਦਾਦੇ ਦੀ ਇਹ ‘ਟਰੈਂ-ਟਰੈਂ’ ਲੰਬੀ ਝੜੀ ਦਾ ਸੰਕੇਤ ਹੁੰਦੀ ਸੀ। ਫਿਰ ਇੱਕ ਦਿਨ ਜਦੋਂ ਆਸੇ-ਪਾਸੇ ਦੇ ਡੱਡੂ ‘ਟਰੈਂ-ਟਰੈਂ’ ਕਰਨ ਲੱਗੇ ਤਾਂ ਡੱਡੂ ਛੱਪੜ ਨੂੰ ਛੱਡ ਕੇ ਤਲਾਬ ਵੱਲ ਨੂੰ ਤੁਰ ਪਿਆ। ਉਹ ਮੀਂਹ ਪੈਂਦੇ-ਪੈਂਦੇ ਤਲਾਬ ਵਿੱਚ ਪਹੁੰਚ ਗਿਆ।
ਉਹ ਤਲਾਬ ਵਿੱਚ ਪਹੁੰਚ ਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਸ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ।
ਸੰਪਰਕ: 94165-92149

Advertisement
Advertisement