ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੱਡੂ ਮਾਜਰਾ ਡੰਪਿੰਗ ਗਰਾਊਂਡ ਲੋਕਾਂ ਲਈ ਸਰਾਪ ਬਣਿਆ

08:37 AM Jul 12, 2024 IST
ਡੰਪਿੰਗ ਗਰਾਊਂਡ ਦੀ ਕੰਧ ’ਚੋਂ ਰਿਸ ਕੇ ਸੜਕ ’ਤੇ ਭਰਿਆ ਕੂੜੇ ਦਾ ਗੰਦਾ ਪਾਣੀ।

ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੁਲਾਈ
ਚੰਡੀਗੜ੍ਹ ਦੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਦਾ ਕੂੜਾ ਪਿਛਲੇ ਕਈ ਦਹਾਕਿਆਂ ਤੋਂ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਸਰਾਪ ਬਣਿਆ ਹੋਇਆ ਹੈ। ਭਾਵੇਂਕਿ ਪਿਛਲੇ ਲੰਮੇ ਸਮੇਂ ਤੋਂ ਇਸ ਕੂੜੇ ਕਾਰਨ ਆਸ-ਪਾਸ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਵੱਖ-ਵੱਖ ਪ੍ਰਾਜੈਕਟਾਂ ’ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਡੰਪਿੰਗ ਗਰਾਊਂਡਾਂ ਵਿੱਚ ਕੂੜੇ ਦੀ ਸਮੱਸਿਆ ਜਿਉਂ ਦੀ ਤਿਉਂ ਪਈ ਹੈ। ਡੰਪਿੰਗ ਗਰਾਊਂਡ ਦੇ ਕੂੜੇ ਤੋਂ ਆਸ-ਪਾਸ ਦੇ ਵਸਨੀਕ ਹਮੇਸ਼ਾ ਹੀ ਪ੍ਰੇਸ਼ਾਨ ਰਹਿੰਦੇ ਹਨ ਪਰ ਬਰਸਾਤਾਂ ਦੌਰਾਨ ਡੰਪਿੰਗ ਗਰਾਊਂਡ ਵਿੱਚ ਪਿਆ ਕੂੜਾ ਉਨ੍ਹਾਂ ਲਈ ਸਰਾਪ ਸਾਬਿਤ ਹੁੰਦਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਸਾਤ ਦੇ ਪਾਣੀ ਕਾਰਨ ਕੂੜੇ ਦਾ ਬੁਦਬੂਦਾਰ ਚਿੱਕੜ ਡੰਪਿੰਗ ਗਰਾਊਂਡ ਦੀ ਚਾਰਦੀਵਾਰੀ ਦੇ ਹੇਠਾਂ ਤੋਂ ਨਾਲ ਲੱਗਦੀ ਸੜਕ ’ਤੇ ਭਰਨਾ ਸ਼ੁਰੂ ਹੋ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਹ ਗੱਲ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਕਿ ਉਹ ‘ਸਮਾਰਟ ਸਿਟੀ’ ਦੇ ਵਾਸੀ ਹਨ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਦੱਸਿਆ ਕਿ ਸ਼ਹਿਰ ਵਿੱਚ ਅਜੇ ਮੀਂਹ ਪੈਣਾ ਸ਼ੁਰੂ ਹੀ ਹੋਇਆ ਹੈ ਤੇ ਥੋੜ੍ਹੀ ਜਿਹੇ ਮੀਂਹ ਤੋਂ ਬਾਅਦ ਹੀ ਡੰਪਿੰਗ ਗਰਾਊਂਡ ਦੀਆਂ ਕੰਧਾਂ ਵਿੱਚੋਂ ਕੂੜੇ ਦਾ ਗੰਦਾ ਪਾਣੀ ਰਿਸ ਕੇ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੂੜੇ ਦੇ ਚਿੱਕੜ ਤੋਂ ਨਿਕਲਣ ਵਾਲੀ ਬੁਦਬੂ ਨੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਦਿਆਲ ਕ੍ਰਿਸ਼ਨ ਨੇ ਕਿਹਾ ਕਿ ਬਰਸਾਤਾਂ ਦੌਰਾਨ ਡੰਪਿੰਗ ਗਰਾਊਂਡ ਦੇ ਕੂੜੇ ਦੇ ਚਿੱਕੜ ਦੀ ਨਿਕਾਸੀ ਨੂੰ ਰੋਕਣ ਲਈ ਨਗਰ ਨਿਗਮ ਨੇ 3 ਕਰੋੜ 1 ਲੱਖ ਰੁਪਏ ਦੀ ਲਾਗਤ ਨਾਲ ਡੰਪਿੰਗ ਗਰਾਊਂਡ ਦੀ ਦੀਵਾਰ ਦੇ ਨਾਲ ਡਰੇਨ ਬਣਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਬਰਸਾਤ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਤਾਂ ਜੋ ਇਸ ਸਮੱਸਿਆ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਾਲ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਵਿੱਚ ਥੋੜ੍ਹੀ ਜਿਹੀ ਬਰਸਾਤ ਹੋਈ ਅਤੇ ਕੁਝ ਦਿਨਾਂ ਬਾਅਦ ਹੀ ਡੰਪਿੰਗ ਗਰਾਊਂਡਾਂ ਦੀਆਂ ਕੰਧਾਂ ’ਚੋਂ ਇਥੇ ਅੰਦਰ ਪਏ ਕੂੜੇ ਦਾ ਚਿੱਕੜ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਡੰਪਿੰਗ ਗਰਾਊਂਡ ਦੀ ਚਾਰਦੀਵਾਰੀ ਦੇ ਨਾਲ ਪੌਦੇ ਵੀ ਲਗਾਏ ਗਏ ਸਨ। ਇਹ ਪੌਦੇ ਵੀ ਕੂੜੇ ਦੇ ਚਿੱਕੜ ਕਾਰਨ ਖ਼ਤਰੇ ਵਿੱਚ ਹਨ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਇਥੋਂ ਦੇ ਵਾਸੀਆਂ ਵਿੱਚ ਬਿਮਾਰੀ ਫੈਲਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਕਾਰਨ ਪੈਦਾ ਹੋਣ ਵਾਲੇ ਮੱਛਰਾਂ ਅਤੇ ਮੱਖੀਆਂ ਕਾਰਨ ਇਲਾਕੇ ਵਿੱਚ ਮੌਸਮੀ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੰਪਿੰਗ ਗਰਾਊਂਡ ਵਿੱਚ ਪਏ ਕੂੜੇ ਕਾਰਨ ਡੱਡੂ ਮਾਜਰਾ ਵਾਸੀਆਂ ਨੂੰ ਆ ਰਹੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।

Advertisement

Advertisement
Advertisement