ਮੁਹਾਲੀ ਵਿੱਚ ਚੌਥਾ ਕੇਸਾਧਾਰੀ ਹਾਕੀ ਗੋਲਡ ਕੱਪ ਧੂਮ-ਧੜੱਕੇ ਨਾਲ ਸ਼ੁਰੂ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 1 ਫਰਵਰੀ
ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰ-ਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਾਇਆ ਜਾ ਰਿਹਾ ਚੌਥਾ ਕੇਸਾਧਾਰੀ ਹਾਕੀ ਗੋਲਡ ਕੱਪ ਅੰਡਰ-19 ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਖਰਾਬ ਮੌਸਮ ਦੇ ਬਾਵਜੂਦ ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਅੱਜ ਚਾਰ ਮੈਚ ਹੋਏ। ਟੂਰਨਾਮੈਂਟ ਦੀ ਸ਼ੁਰੂਆਤ ਕਰਨਲ ਜਗਤਾਰ ਸਿੰਘ ਮੁਲਤਾਨੀ ਸੈਕਟਰੀ ਜਨਰਲ ਇੰਟਰਨੈਸ਼ਨਲ ਸਿੱਖ ਕੰਨਫੈਡਰੇਸ਼ਨ ਨੇ ਕੀਤਾ ਅਤੇ ਪ੍ਰਧਾਨਗੀ ਕਮਲਜੀਤ ਸਿੰਘ ਰੂਬੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਨੇ ਕੀਤੀ। ਅੱਜ ਦੇ ਪਹਿਲੇ ਉਦਘਾਟਨੀ ਮੈਚ ਵਿੱਚ ਰਾਊਂਡ ਗਲਾਸ ਮਿਸਲ ਨਿਸ਼ਾਨਾਂਵਾਲੀ ਨੇ ਹਾਕਸ ਅਕੈਡਮੀ ਰੂਪਨਗਰ ਮਿਸਲ ਸ਼ਹੀਦਾਂ ਨੂੰ 4-0 ਗੋਲਾਂ ਨਾਲ ਮਾਤ ਦਿੱਤੀ। ਇਸ ਮੈਚ ਵਿਚ ਰਾਊਂਡ ਗਲਾਸ ਟੀਮ ਦੇ ਖਿਡਾਰੀ ਇੰਦਰਜੀਤ ਸਿੰਘ ਮੈਨ ਆਫ਼ ਦੀ ਮੈਚ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੂਸਰਾ ਮੈਚ ਪੀ.ਆਈ.ਐਸ. ਮੁਹਾਲੀ ਮਿਸਲ ਆਹਲੂਵਾਲੀਆ ਅਤੇ ਫਲਿੱਕਰ ਬ੍ਰਦਰਜ਼ ਸ਼ਾਹਬਾਦ ਮਿਸਲ ਫੂਲਕੀਆਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਆਈ.ਪੀ.ਐਸ ਮੁਹਾਲੀ ਨੇ ਫਲਿੱਕਰ ਬ੍ਰਦਰਜ਼ 4-1 ਗੋਲਾਂ ਨਾਲ ਹਰਾਇਆ। ਤੀਸਰੇ ਮੈਚ ਵਿਚ ਪੀ.ਆਈ.ਐਸ. ਲੁਧਿਆਣਾ ਮਿਸਲ ਭੰਗੀਆਂ ਨੇ ਹੌਲੀ ਵਰਲਡ ਅਕੈਡਮੀ ਬਟਾਲਾ ਮਿਸਲ ਸਿੰਘਪੁਰੀਆਂ ਨੂੰ 7-0 ਗੋਲਾਂ ਦੇ ਵੱਡੇ ਫਰਕ ਨਾਲ ਮਧੋਲ ਕੇ ਰੱਖ ਦਿੱਤਾ। ਇਸ ਮੈਚ ਵਿਚ ਮਿਸਲ ਭੰਗੀਆਂ ਦੇ ਖਿਡਾਰੀ ਅਰਸ਼ਦੀਪ ਸਿੰਘ ਨੂੰ ਮੈਨ ਆਫ਼ ਦੀ ਮੈਚ ਅਵਾਰਡ ਮਿਲਿਆ। ਚੌਥੇ ਮੈਚ ਵਿਚ ਐੱਸਜੀਪੀਸੀ ਮਿਸਲ ਸ਼ੁੱਕਰਚੱਕੀਆਂ ਨੇ ਰਾਊਂਡ ਗਲਾਸ ਬੁਤਾਲਾ ਮਿਸਲ ਡੱਲੇਵਾਲੀਆਂ ਨੂੰ 6-3 ਗੋਲਾਂ ਹਰਾਇਆ। ਇਸ ਮੈਚ ਵਿਚ ਸ਼ੁੱਕਰਚੱਕੀਆਂ ਮਿਸਲ ਦੇ ਖਿਡਾਰੀ ਜਗਜੀਤ ਸਿੰਘ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ। ਟੂੁਰਨਾਮੈਂਟ ਵਿੱੱਚ ਹਿੱਸਾ ਲੈ ਰਹੀਆਂ ਅੱਠ ਟੀਮਾਂ ਵਿੱਚੋਂ ਰਾਊਂਡ ਗਲਾਸ ਮੁਹਾਲੀ ਮਿਸਲ ਨਿਸ਼ਾਨਾਂਵਾਲੀ ਦੀ ਟੀਮ ਨੂੰ ਨਰੋਆ ਪੰਜਾਬ ਵੱਲੋਂ, ਹਾਕਸ ਅਕੈਡਮੀ ਰੂਪਨਗਰ ਮਿਸ਼ਲ ਸ਼ਹੀਦਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ, ਪੀ.ਆਈ.ਐੱਸ. ਮੁਹਾਲੀ ਮਿਸਲ ਆਹਲੂਵਾਲੀਆ ਨੂੰ ਮੁਹਾਲੀ ਵਾਕ ਵੱਲੋਂ, ਪੀ.ਆਈ.ਐੱਸ. ਲੁਧਿਆਣਾ ਮਿਸਲ ਭੰਗੀਆਂ ਨੂੰ ਜਸਵਾਲ ਸੰਨਜ਼ ਯੂ.ਐੱਸ.ਏ. ਵੱਲੋਂਸਪਾਂਸਰ ਕੀਤਾ ਜਾ ਰਿਹਾ ਹੈ।