ਵਾਤਾਵਰਨ ਬਚਾਉਣ ਦੀ ਗੱਲ ਕਰੇਗਾ ਚੌਥਾ ‘ਬਠਿੰਡਾ ਫ਼ਿਲਮ ਫ਼ੈਸਟੀਵਲ’
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 10 ਅਗਸਤ
ਬਠਿੰਡਾ ਫ਼ਿਲਮ ਫਾਉਂਡੇਸ਼ਨ ਵੱਲੋਂ ‘ਬਠਿੰਡਾ ਫ਼ਿਲਮ ਫ਼ੈਸਟੀਵਲ’ ਦਾ ਚੌਥਾ ਐਡੀਸ਼ਨ ਨਵੰਬਰ 2024 ਵਿੱਚ ਕਰਵਾਇਆ ਜਾਵੇਗਾ। ਇਸ ਵਾਰ ਇਹ ਫ਼ਿਲਮ ਫ਼ੈਸਟੀਵਲ ਹਵਾ, ਪਾਣੀ, ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਨਾਲ ਸਬੰਧਤ ਫ਼ਿਲਮਾਂ ਅਤੇ ਸਮਾਜ ਵਿੱਚ ਫੈਲੀਆਂ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਅਤੇ ਹੋਰਨਾਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੋਵੇਗਾ। ਪ੍ਰੈਸ ਕਲੱਬ ਬਠਿੰਡਾ ਵਿੱਚ ਫ਼ੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਫ਼ੈਸਟੀਵਲ ਦੇ ਨਿਰਦੇਸ਼ਕ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਚੌਥੇ ਫੈਸਟੀਵਲ ਵਿੱਚ ਸ਼ਾਰਟ ਫ਼ਿਲਮਾਂ, ਫੀਚਰ ਫ਼ਿਲਮਾਂ ਅਤੇ ਵੈੱਬ ਸੀਰੀਜ਼ ਭੇਜੀਆਂ ਜਾ ਸਕਦੀਆਂ ਹਨ। ਇਸ ਫ਼ੈਸਟੀਵਲ ਵਿੱਚ ਫ਼ਿਲਮਾਂ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਐਂਟਰੀ ਫੀਸ ਜਾਂ ਰਜਿਸਟਰੇਸ਼ਨ ਚਾਰਜਿਜ਼ ਨਹੀਂ ਹਨ। ਫਿਲਮਾਂ 28 ਅਕਤੂਬਰ ਤੱਕ ਭੇਜੀਆਂ ਜਾ ਸਕਦੀਆਂ ਹਨ। ਬਠਿੰਡਾ ਫਿਲਮ ਫੈਸਟੀਵਲ ਦੀ ਵੈਬਸਾਈਟ www.bathindafilmfestival.com ’ਤੇ ਜਾ ਕੇ ਮੁਫ਼ਤ ਵਿੱਚ ਫਿਲਮਾਂ ਭੇਜੀਆਂ ਜਾ ਸਕਦੀਆਂ ਹਨ। ਇਸ ਮੌਕੇ ਬਠਿੰਡਾ ਫ਼ਿਲਮ ਫਾਊਡੇਸ਼ਨ ਦੇ ਪ੍ਰਧਾਨ ਦੀਪਕ ਸੈਣੀ, ਖਜ਼ਾਨਚੀ ਮਹਿੰਦਰ ਠਾਕੁਰ, ਮਨੀਸ਼ ਪਾਂਧੀ, ਹਰਦਰਸ਼ਨ ਸਿੰਘ ਸੋਹਲ ਅਤੇ ਗੁਰਸੇਵਕ ਸਿੰਘ ਚਹਿਲ ਮੌਜੂਦ ਸਨ।