ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੌਥਾ ਬੈਗ

11:35 AM May 31, 2023 IST
featuredImage featuredImage

ਮਲਕੀਤ ਸਿੰਘ ਮਛਾਣਾ

Advertisement

ਜਦੋਂ ਤੋਂ ਦੋਹਾਂ ਜੀਆਂ ਦਾ ਸੁਪਰ ਵੀਜ਼ਾ ਲੱਗਿਆ ਸੀ, ਪਤਨੀ ਦੇ ਪੈਰ ਭੁੰਜੇ ਨਹੀਂ ਸੀ ਲਗਦੇ। ਉਹ ਸੋਚਦੀ, ਕਦੋਂ ਉੱਡ ਕੇ ਧੀ ਕੋਲ ਕੈਨੇਡਾ ਪਹੁੰਚ ਜਾਵਾਂ। ਟਿਕਟਾਂ ਬੜੀਆਂ ਮਹਿੰਗੀਆਂ ਹੋ ਗਈਆਂ ਸਨ। ਤਿੰਨ ਮਹੀਨੇ ਦੇ ਵਕਫ਼ੇ ਤੋਂ ਬਾਅਦ ਦੀਆਂ ਟਿਕਟਾਂ ਬੁੱਕ ਕਰਵਾਉਣ ‘ਤੇ ਵੀ ਡੇਢ ਲੱਖ ਦੀ ਇੱਕ ਟਿਕਟ ਮਿਲੀ ਤੇ ਸ੍ਰੀਮਤੀ ਜੀ ਦੇ ਹੇਰਵੇ ਨੇ ਤਿੰਨ ਲੱਖ ਝਾੜ ਸੁੱਟੇ। ਹੁਣ ਵਾਰੀ ਆ ਗਈ ਸਮਾਨ ਖਰੀਦਣ ਤੇ ਨਾਲ ਲਿਜਾਣ ਦੀ। ਇੱਕ ਟਿਕਟ ‘ਤੇ ਤੇਈ ਕਿਲੋ ਦਾ ਇੱਕ ਬੈਗ ਅਤੇ ਸੱਤ ਕਿਲੋ ਦਾ ਕੈਬਿਨ ਬੈਗ ਲਿਜਾਣ ਦੀ ਇਜਾਜ਼ਤ ਸੀ। ਟਿਕਟ ‘ਤੇ ਇਹ ਵੀ ਦਰਜ ਸੀ ਕਿ ਜੇਕਰ ਦੂਜਾ ਬੈਗ ਲਿਜਾਣਾ ਹੋਵੇ ਤਾਂ ਉਸ ਵਾਸਤੇ 105 ਕੈਨੇਡੀਅਨ ਡਾਲਰ ਦੇ ਬਰਾਬਰ ਦੀ ਰਕਮ ਹਵਾਈ ਅੱਡੇ ‘ਤੇ ਸਬੰਧਿਤ ਕੰਪਨੀ ਦੇ ਕਾਊਂਟਰ ‘ਤੇ ਜਮ੍ਹਾਂ ਕਰਵਾਈ ਜਾ ਸਕਦੀ ਹੈ।

ਸ੍ਰੀਮਤੀ ਸਮਾਨ ਦੀ ਖਰੀਦਾਰੀ ਲਈ ਨਿੱਤ ਦਿਹਾੜੇ ਬਾਜ਼ਾਰ ਜਾਣ ਵਾਸਤੇ ਜ਼ੋਰ ਪਾ ਰਹੀ ਸੀ। ਮੈਨੂੰ ਇਲਮ ਸੀ ਕਿ ਕੋਈ ਵੀ ਰਸਮ ਦਾ ਦਿਨ ਮਿਥ ਲਈਏ ਤਾਂ ਜ਼ਨਾਨੀਆਂ ਦਿਨ ਦੇ ਦਿਨ ਤੱਕ ਖਰੀਦਦਾਰੀ ਕਰਨੋਂ ਨਹੀਂ ਹਟਦੀਆਂ, ਇਸੇ ਲਈ ਮੈਂ ਟਾਲਾ ਵਟਦਾ ਰਿਹਾ। ਕਦੇ ਪਿੰਡ ਜਾਣ ਦੇ ਬਹਾਨੇ ਕਰਦਾ, ਕਦੀ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਲੱਕੜ ਤੇ ਰੰਗ-ਰੋਗਨ ਕਰਨ ਵਾਲੇ ਮਿਸਤਰੀਆਂ ਕੋਲ ਜਾ ਕੇ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਹਿੰਦਾ ਪਰ ਅਸਲ ਵਿਚ ਉਹਨਾਂ ਨੂੰ ਗੱਲਾਂ ਵਿਚ ਉਲਝਾ ਕੇ ਮੈਂ ਆਪਣਾ ਹੀ ਨੁਕਸਾਨ ਕਰਦਾ ਰਿਹਾ!

Advertisement

ਘਰ ਦੇ ਨੇੜੇ ਹੀ ਧੀ ਦੀ ਸਹੇਲੀ ਦੀ ਬੁਟੀਕ ਹੈ, ਸ੍ਰੀਮਤੀ ਨੇ ਆਪਣੇ ਅਤੇ ਧੀ ਦੇ ਕਈ ਨਵੇਂ ਸੂਟਾਂ ਦਾ ਆਰਡਰ ਉਸ ਨੂੰ ਇੱਕਲਿਆਂ ਜਾ ਕੇ ਹੀ ਦੇ ਦਿੱਤਾ। ਬਾਕੀ ਸਭ ਨੂੰ ਪਤਾ ਹੀ ਹੈ, ਕਿਹੜਾ ਐਸਾ ਘਰ ਹੈ ਜਿੱਥੇ ਕਈ ਕਈ ਅਲਮਾਰੀਆਂ ਜ਼ਨਾਨਾ ਸੂਟਾਂ ਨਾਲ ਤੂੜੀਆਂ ਨਾ ਪਈਆਂ ਹੋਣ। ਜਦੋਂ ਅਲਮਾਰੀ ਖੋਲ੍ਹੋ, ਪੰਜ-ਚਾਰ ਸੂਟ ਜਾਂ ਚੁੰਨੀਆਂ ਤਾਂ ਖੁਦ-ਬਖੁਦ ਹੀ ਹੇਠਾਂ ਛਾਲਾਂ ਮਾਰ ਜਾਂਦੇ ਨੇ ਜਿਵੇਂ ਅਲਮਾਰੀ ਅੰਦਰ ਉਹਨਾਂ ਦਾ ਸਾਹ ਘੁਟਦਾ ਹੋਵੇ। ਕੈਨੇਡਾ ਦੌੜਨ ਵਾਲਿਆਂ ਤੋਂ ਸੁਣ-ਸੁਣਾ ਕੇ ਇਲੈਕਟ੍ਰਾਨਿਕ ਕੰਡਾ ਅਸੀਂ ਵੀ ਆਨਲਾਈਨ ਪਹਿਲਾਂ ਹੀ ਮੰਗਵਾ ਲਿਆ ਸੀ। ਜਦੋਂ ਸੂਟਾਂ ਤੇ ਹੋਰ ਘਰੇਲੂ ਨਿੱਕ-ਸੁੱਕ ਦੀ ਤੋਲ-ਤੁਲਾਈ ਹੋਈ ਤਾਂ ਮੇਰਾ ਬੈਗ ਐਨ ਤੇਈ ਕਿਲੋ ਦਾ ਨਿਕਲਿਆ ਜਿਸ ਵਿਚ ਛੇ ਕੁ ਪੈਂਟ-ਸ਼ਰਟਾਂ, ਪੰਜ ਪੱਗਾਂ, ਇੱਕ ਬਲੇਜ਼ਰ ਤੇ ਦੋ ਜਾਕਟਾਂ ਸਨ; ਬਾਕੀ ਕੁਝ ਰੁਮਾਲ ਤੇ ਕੱਛੇ-ਬਨੈਣਾਂ ਵਗੈਰਾ। ਸ੍ਰੀਮਤੀ ਦੇ ਤਾਂ ਅੱਧੇ ਸੂਟਾਂ ਨਾਲ ਹੀ ਕੰਡੇ ਦੀ ਸੂਈ ਤੇਈ ਦਾ ਨਿਸ਼ਾਨ ਟੱਪ ਗਈ। ਮੈਂ ਆਪਣਾ ਕੈਬਿਨ ਬੈਗ ਪਹਿਲਾਂ ਹੀ ਮੈਡਮ ਕੋਲ ਸਰੰਡਰ ਕਰ ਚੁੱਕਿਆ ਸੀ ਤੇ ਸਿਰਫ ਤੇਈ ਕਿਲੋ ਦੇ ਇੱਕ ਬੈਗ ‘ਤੇ ਹੀ ਸਬਰ ਕਰ ਲਿਆ ਸੀ।

ਔਖੇ ਵੇਲੇ ਹੀ ਪਤਾ ਲਗਦੈ, ਬਈ ਬੰਦਾ ਕਿੰਨੀ ਕੁ ਕੁਰਬਾਨੀ ਦੇ ਸਕਦਾ… ਆਪਾਂ ਵੀ ਦਿੱਤੀ…! ਛੇ ‘ਚੋਂ ਦੋ ਪੈਂਟ-ਸ਼ਰਟਾਂ, ਪੰਜਾਂ ‘ਚੋਂ ਤਿੰਨ ਪੱਗਾਂ ਤੇ ਦੋਹਾਂ ‘ਚੋਂ ਇੱਕ ਜਾਕਟ ਆਪਣੇ ਇੱਕੋ-ਇੱਕ ਬੈਗ ‘ਚੋਂ ਕੱਢ ਕੇੇ ਅਹੁ ਮਾਰੀਆਂ ਤੇ ਸ੍ਰੀਮਤੀ ਨੂੰ ਕਿਹਾ, “ਰੱਖ ਲਾ ਭਾਗਵਾਨੇ ਜੋ ਇਹਦੇ ਵਿਚ ਰੱਖਣੈ, ਇਸ ਤੋਂ ਵੱਧ ਹੋਰ ਗੁੰਜ਼ਾਇਸ਼ ਨਹੀਂ। ਨਹੀਂ ਤਾਂ ਜਦੋਂ ਇਮੀਗਰੇਸ਼ਨ ਵਾਲਿਆਂ ਨੇ ਮੇਰੇ ਬੈਗ ਦੀ ਤਲਾਸ਼ੀ ਲਈ ਤਾਂ ਕਹਿਣਗੇ, ਪਤਾ ਨਹੀਂ ਇਸ ਭਲੇਮਾਣਸ ਨੇ ਕੱਛੇ-ਬੁਨੈਣਾਂ ‘ਚ ਹੀ ਕੈਨੇਡਾ ਦੇਖਣਾ।”

ਧੀ ਤੇ ਜਵਾਈ ਦੋਨੋਂ ਬੜੇ ਸਿਦਕ ਸਬਰ ਵਾਲੇ ਤੇ ਖੁੱਦਾਰ ਬੱਚੇ ਹਨ, ਧੱਕੇ ਨਾਲ ਵੀ ਕੁਝ ਦੇਣਾ ਚਾਹੀਏ ਤਾਂ ਸਵੀਕਾਰ ਨਹੀਂ ਕਰਦੇ ਪਰ ਮੈਡਮ ਕਹਿੰਦੀ- ਪਹਿਲੀ ਵਾਰ ਧੀ ਦੇ ਘਰ ਜਾ ਰਹੀ ਹਾਂ… ਖਾਲੀ ਹੱਥ ਕਿਵੇਂ ਵਗਜਾਂ…? ਗਲਾਸ, ਕੌਲੀਆਂ, ਚਮਚੇ, ਥਾਲੀਆਂ ਤੇ ਡਿਨਰ ਸੈਟ ਵਗੈਰਾ ਵਗੈਰਾ… (ਸਾਰਾ ਕੁਝ ਨਾ ਹੀ ਪੁੱਛੋ ਤਾਂ ਚੰਗਾ)। ਐਕਟਿਵਾ ‘ਤੇ ਜਦੋਂ ਇਹ ਸਮਾਨ ਲੋਟ ਨਹੀਂ ਆਇਆ ਤਾਂ ਰਿਕਸ਼ਾ ਕਰਨਾ ਪਿਆ।

ਘਰ ਆ ਕੇ ਫਿਰ ਤੋਲ-ਤੁਲਾਈ ਦਾ ਕੰਮ ਸ਼ੁਰੂ ਹੋ ਗਿਆ, ਸ੍ਰੀਮਤੀ ਨੇ ਮਾਟੀ ਦੀ ਜਾਨ ਖਾ ਲਈ (ਮਾਟੀ ਸ੍ਰੀਮਤੀ ਦੀ ਵਿਆਹੀ-ਵਰੀ ਭਾਣਜੀ ਹੈ, ਤੇ ਅਜਿਹੇ ਕੰਮਾਂ ਵੇਲੇ ਐਨ ਉਹ ਸਾਡੇ ਘਰ ਆ ਠਾਹ ਵੱਜਦੀ ਹੈ ਤੇ ਸ੍ਰੀਮਤੀ ਲਈ ਬੀਪੀ ਦੀ ਗੋਲੀ ਸਾਬਤ ਹੁੰਦੀ ਹੈ)।

ਕਦੇ ਕੋਈ ਚੁੰਨੀ ਜਾਂ ਭਾਂਡਾ ਉਹ ਬੈਗ ‘ਚੋਂ ਕੱਢ ਲੈਣ… ਫਿਰ ਦੋ ਹੋਰ ਪਾ ਲੈਣ। ਮੈਨੂੰ ਪਹਿਲਾਂ ਹੀ ਪਤਾ ਸੀ, ਬਈ ਤੀਜੇ ਬੈਗ ਬਿਨਾ ਸਰਨਾ ਨਹੀਂ। ਸ੍ਰੀਮਤੀ ਉਂਝ ਵੀ ਗੱਲੀਂਬਾਤੀਂ ਸੁਣਾਉਦੀਂ ਰਹਿੰਦੀ ਸੀ, “ਬਥੇਰਾ ਕੰਮ ਕੀਤਾ ਇਸ ਘਰੇ… ਜਿੱਦਣ ਦੀ ਆਈ ਆਂ, ਖੂਨ-ਪਾਣੀ ਇੱਕ ਕਰਤਾ… ਹੁਣ ਜੇ ਇੱਕ ਬੈਗ ਹੋਰ ਲਿਜਾਣਾ ਪੈਜੂ ਤਾਂ ਕੀ ਲੋਹੜਾ ਆਜੂ…।”

“ਮੈਂ ਕਿਹਾ ਜੀ…!” ਸ੍ਰੀਮਤੀ ਘਬਰਾਈ ਹੋਈ ਸੀ ਤੇ ਉਹਦੇ ਗਲ਼ੇ ‘ਚੋਂ ਕੋਈ ਗੱਲ ਬਾਹਰ ਨਹੀਂ ਸੀ ਆ ਰਹੀ।

“ਚਿੰਤਾ ਨਾ ਕਰ… ਤੀਜਾ ਬੈਗ ਵੀ ਲੈ ਚੱਲਾਂਗੇ… ਘਬਰਾਉਣ ਦੀ ਲੋੜ ਨ੍ਹੀਂ।” ਮੈਂ ਤਸੱਲੀ ਦਿੱਤੀ।

“ਓ ਤਾਂ ਥੋਡੀ ਗੱਲ ਠੀਕ ਆ… ਪਰ ਇੱਕ ਬੈਗ ਤਾਂ…!”

“ਇੱਕ ਬੈਗ ਤਾਂ ਕੀ?”

“ਇੱਕ ਬੈਗ ਤਾਂ ਮੇਰੀ ਟਿਕਟ ਨਾਲ ਵੀ ਹੋਰ ਜਾ ਸਕਦਾ!”

“ਮਤਲਬ?”

“ਮਤਲਬ ਤਿੰਨ ਵੱਡੇ ਬੈਗ ਤੇ ਦੋਵੇਂ ਕੈਬਿਨ ਬੈਗ ਤਾਂ ਪਹਿਲਾਂ ਹੀ ਭਰ ਚੁੱਕੇ ਹਨ ਤੇ ਉਹ ਦੀਪਕ…।”

“ਦੀਪਕ ਕੀ?” ਮੈਂ ਉਹਦੀ ਗੱਲ ਕੱਟਦਿਆਂ ਕਾਹਲੀ ਨਾਲ ਪੁੱਛਿਆ।

“ਦੀਪਕ ਆਪਣੇ ਨਵੀ ਦਾ ਦੋਸਤ… ਜੀਹਦੇ ਤੋਂ ਆਪਾਂ ਕੰਨਟੀਨ ਤੋਂ ਬੈਗ ਮੰਗਵਾਏ ਸਨ, ਉਹ ਆਪਣੀ ਤਰਫ਼ੋਂ ਦੋ ਚਟਾਈਆਂ ਦੇ ਗਿਆ ਸੀ, ਬਈ ਆਂਟੀ ਇਹ ਮੇਰੇ ਵਲੋਂ ਭੈਣ ਨੂੰ ਗਿਫ਼ਟ ਆ… ਇਹਨਾਂ ਦੇ ਉਹਨੇ ਪੈਸੇ ਵੀ ਨਹੀਂ ਲਏ… ਤੇ ਨਾਲੇ ਥੋਡੀ ਛੋਟੀ ਸਾਲੀ ਮੱਲੋਜ਼ੋਰੀ ਕੰਬਲ ਰੱਖ ਗਈ ਸੀ।” ਸ੍ਰੀਮਤੀ ਨੇ ਡਰਦੀ ਡਰਦੀ ਨੇ ਵਾਕ ਪੂਰਾ ਕੀਤਾ।

“ਅੱਛਾ! ਹੋਰ ਫਰਮਾਓ ਜੀ।” ਮੈਂ ਵਿਅੰਗ ‘ਤੇ ਉਤਰ ਆਇਆ ਸੀ।

“ਹੋਰ ਪਾਪਾ, ਮੈਂ ਥੋਨੂੰ ਦੱਸਣਾ ਹੀ ਭੁੱਲ ਗਈ… ਪਤੀਸੇ ਤੇ ਢੋਡੇ ਦੇ ਦੋ ਡੱਬੇ ਦੌਲੇ ਵਾਲੇ ਮਾਮਾ ਜੀ ਦੇ ਗਏ ਸਨ, ਉਹ ਤਾਂ ਹਰ ਹਾਲਤ ਵਿਚ ਲਿਜਾਣੇ ਹੀ ਪੈਣਗੇ, ਨਹੀਂ ਤਾਂ ਮਾਮੀ ਜੀ ਗੁੱਸੇ ਹੋ ਜਾਣਗੇ।” ਰਹਿੰਦੀ ਕਸਰ ਨੂੰਹ ਨੇ ਪੂਰੀ ਕਰ ਦਿੱਤੀ। ਉਹ ਅਕਸਰ ਚੁਟਕੀ ਲੈਣ ਦਾ ਅਜਿਹਾ ਵੇਲਾ ਖੁੰਝਣ ਨਹੀਂ ਦਿੰਦੀ।

“ਇਸ ਹਿਸਾਬ ਨਾਲ ਤਾਂ ਭਾਗਵਾਨੇ ਤੇਰਾ ਚੌਥਾ ਬੈਗ ਬਣਦਾ ਈ ਬਣਦਾ!” ਮੈਂ ਹਥਿਆਰ ਸੁੱਟ ਦਿੱਤੇ ਸਨ।

“ਚਲੋ ਸ਼ੁਕਰ ਐ…।” ਮੈਡਮ ਦੋਵੇਂ ਹੱਥ ਜੋੜ ਕੇ ਤੇ ਅੱਖਾਂ ਬੰਦ ਕਰ ਕੇ ਮੇਰੇ ਬਜਾਇ ਰੱਬ ਦਾ ਧੰਨਵਾਦ ਕਰਨ ਲੱਗ ਪਈ ਤਾਂ ਮੈਥੋਂ ਰਿਹਾ ਨਾ ਗਿਆ, “ਨਾਲੇ ਹੁਣ ਛੋਟੀ-ਮੋਟੀ ਗੱਡੀ ਦਾ ਕੋਈ ਕੰਮ ਨਹੀਂ ਰਿਹਾ… ਇੰਨਾ ਸਮਾਨ ਤਾਂ ਸੁਖ ਨਾਲ ਦੌਲੇ ਵਾਲੇ ਭਰਾ ਦੀ ਇਨੋਵਾ ‘ਤੇ ਹੀ ਜਾਂਦਾ ਸੁਹਣਾ ਲੱਗੂ…!”
ਸੰਪਰਕ: 96461-14221

Advertisement