ਪੰਜਾਬ-ਹਿਮਾਚਲ ਸੰਪਰਕ ਸੜਕ ਦਾ ਨੀਂਹ ਪੱਥਰ ਰੱਖਿਆ
ਪੱਤਰ ਪ੍ਰੇਰਕ
ਕੁਰਾਲੀ, 29 ਅਗਸਤ
ਬਲਾਕ ਮਾਜਰੀ ਰਾਹੀਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਅੱਜ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪਿੰਡ ਅਭੀਪੁਰ ਵਿੱਚ ਰੱਖਿਆ ਤੇ ਟੱਕ ਲਾ ਕੇ ਕੰਮ ਸ਼ੁਰੂ ਕਰਵਾਇਆ। ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀ ਘਾਟ ਤੋਂ ਬਲਾਕ ਮਾਜਰੀ ਦੇ ਮਾਜਰਾ ਟੀ-ਪੁਆਇੰਟ (ਕੁਰਾਲੀ-ਸਿਸਵਾਂ ਰੋਡ) ਤੋਂ ਹਿਮਾਚਲ ਪ੍ਰਦੇਸ਼ ਦੇ ਮਾਜਰੀ ਘਾਟ ਤੱਕ ਬਣਨ ਵਾਲੀ ਇਸ ਸੜਕ ’ਤੇ ਕਰੀਬ 27 ਕਰੋੜ ਰੁਪਏ ਦੀ ਲਾਗਤ ਆਵੇਗੀ।
ਸੜਕ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਪੰਜਾਬ, ਚੰਡੀਗੜ੍ਹ ਦਾ ਹਿਮਾਚਲ ਪ੍ਰਦੇਸ਼ ਦਾ ਸਿੱਧਾ ਤੇ ਨੇੜਿਓਂ ਸੰਪਰਕ ਜੁੜੇਗਾ ਜਿਸ ਨਾਲ ਜਿੱਥੇ ਆਵਾਜਾਈ ਸਬੰਧੀ ਦਿੱਕਤਾਂ ਦੂਰ ਹੋਣਗੀਆਂ ਉੱਥੇ ਪੰਜਾਬ ਵਿੱਚ ਵਪਾਰਕ ਸਾਂਝ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰੀਬ 21.50 ਕਿਲੋਮੀਟਰ ਲੰਬੀ ਇਹ ਸੜਕ ਪੰਜਾਬ ਤੇ ਚੰਡੀਗੜ੍ਹ ਦੇ ਵਪਾਰ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਇਸ ਖੇਤਰ ਦੀਆਂ ਫੈਕਟਰੀਆਂ ਵਿੱਚੋਂ ਜੋ ਮਾਲ ਬਣਦਾ ਹੈ, ਉਸ ਨੂੰ ਚੰਡੀਗੜ੍ਹ ਸਾਈਡ ਆਉਣ ਜਾਣ ਲਈ ਵਾਇਆ ਰੋਪੜ ਆਉਣਾ-ਜਾਣਾ ਪੈਂਦਾ ਹੈ ਪਰ ਇਸ ਨਵੀਂ ਸੜਕ ਨਾਲ ਸਿੱਧਾ ਸੰਪਰਕ ਸੰਭਵ ਹੋ ਸਕੇਗਾ। ਇਹ ਸੜਕ ਮਾਜਰਾ ਟੀ-ਪੁਆਇੰਟ (ਕੁਰਾਲੀ- ਸਿਸਵਾਂ ਰੋਡ) ਵਾਇਆ ਪੁਰਖਾਲੀ -ਹਰੀਪੁਰ-ਮੀਆਂਪੁਰ ਚੰਗਰ-ਅਭੀਪੁਰ- ਪੱਲਣਪੁਰ ਹੁੰਦੀ ਹੋਈ ਘਾੜ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਦੇ ਮਾਜਰੀ ਘਾਟ ਉਦਯੋਗਿਕ ਖੇਤਰ ਨਾਲ ਜੋੜਦੀ ਹੋਈ ਅੱਗੇ ਜਾ ਕੇ ਲਖਨਪੁਰ-ਝੀਰਣ-ਮਝੌਲੀ ਆਦਿ ਖੇਤਰਾਂ ਨਾਲ ਜੁੜੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਘਾੜ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।