ਚੁੱਘੇ ਖੁਰਦ ’ਚ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 7 ਨਵੰਬਰ
ਪਿੰਡ ਚੁੱਘੇ ਖੁਰਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨੂੰ ‘ਸਕੂਲ ਆਫ ਹੈਪੀਨੈਸ’ ਬਣਾਉਣ ਲਈ ਪੰਜਾਬ ਸਰਕਾਰ ਨੇ ਕਾਰਵਾਈ ਆਰੰਭ ਦਿੱਤੀ ਹੈ, ਜਿਸ ਤਹਿਤ ਸਕੂਲ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰਿਸ਼ੀ ਮੁਨੀ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ। ਸਕੂਲ ਕਮੇਟੀ ਮੈਂਬਰਾਂ ਨੇ ਦੱਸਿਆ ਕਿ ‘ਸਕੂਲ ਆਫ ਹੈਪੀਨੈਸ’ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਇੱਕ ਸਾਲ ਤੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਉਨ੍ਹਾਂ ਦੁਆਰਾ ਪਿੰਡ ਵਿੱਚੋਂ ਦਾਨ ਦੇ ਰੂਪ ਵਿੱਚ ਲਗਪਗ 5 ਲੱਖ ਰੁਪਏ ਇਕੱਠੇ ਕਰਕੇ ਸਕੂਲ ਦੇ ਨਾਲ ਲੱਗ ਦੀ 23 ਮਰਲੇ ਜਗ੍ਹਾ ਖਰੀਦੀ ਗਈ ਸੀ। ਜਿਸ ਤਹਿਤ ਹੁਣ ਇਸ ਸਕੂਲ ਵਿੱਚ ਨਵੀਂ ਇਮਾਰਤ ਦਾ ਨੀਹ ਪੱਥਰ ਰੱਖਿਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੱਘੇ ਖੁਰਦ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਵਿੱਚ ਆਪਸੀ ਭਾਈਚਾਰੇ ਸਦਕਾ ਵਿਕਾਸ ਹੋ ਰਿਹਾ ਹੈ। ਮੁੱਖ ਅਧਿਆਪਕਾ ਚੇਤਨਾ ਰਾਣੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਸਰਪੰਚ ਬੂਟਾ ਸਿੰਘ, ਸਮੁੱਚੀ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।