ਜੌੜਾਮਾਜਰਾ ਵੱਲੋਂ ਪਟਿਆਲਾ ਦੇ ਪਹਿਲੇ ਬਾਇਓਮਾਸ ਪਲਾਂਟ ਦਾ ਨੀਂਹ ਪੱਥਰ
ਸਮਾਣਾ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਬਦਨਪੁਰ ਵਿੱਚ ਪਰਾਲੀ ਤੋਂ ਬਾਇਓਮਾਸ ਪੇਲੈਟਸ ਕੋਲਾ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਬਾਇਓਮਾਸ ਪਲਾਂਟ ‘ਈਕੋ ਫਰੈਂਡਲੀ ਫ਼ਿਊਲਜ਼’ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੀ ਸਥਾਪਨਾ ਨਾਲ ਜਿੱਥੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉੱਥੇ ਹੀ ਕਿਸਾਨਾਂ ਦੀ ਪਰਾਲੀ ਸੰਭਾਲਣ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਦੂਸ਼ਣ ‘ਚ ਕਮੀ ਲਿਆਉਣ ਲਈ ਅਹਿਮ ਫ਼ੈਸਲੇ ਕੀਤੇ ਹਨ ਤਾਂ ਕਿ ਸਾਡੀ ਆਬੋ-ਹਵਾ ਸਾਫ਼ ਸੁਥਰੀ ਰਹੇ। ਸਰਕਾਰ ਨੇ ਇੱਟਾਂ ਦੇ ਭੱਠਿਆਂ ਵਿੱਚ 20 ਫ਼ੀਸਦੀ ਪਰਾਲੀ ਸਾੜਨ ਦੇ ਹੁਕਮ ਜਾਰੀ ਕੀਤੇ ਹਨ, ਇਸ ਲਈ ਇਹ ਪਲਾਂਟ ਸਮਾਣਾ ‘ਚ ਪੈਂਦੇ 100 ਦੇ ਕਰੀਬ ਭੱਠਿਆਂ ਲਈ ਸਸਤਾ ਬਾਇਓਮਾਸ ਪੇਲੈਟਸ (ਕੋਲਾ) ਪ੍ਰਦਾਨ ਕਰੇਗਾ, ਇਸ ਨਾਲ ਜਿੱਥੇ ਇੱਟ ਦੀ ਲਾਗਤ ਘਟੇਗੀ, ਉਥੇ ਹੀ ਕਿਸਾਨਾਂ ਦੀ ਪਰਾਲੀ ਸੰਭਾਲਣ ਦੀ ਸਮੱਸਿਆ ਦਾ ਵੀ ਵੱਡਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਪ੍ਰਦੂਸ਼ਣ ਵੀ ਘੱਟ ਕਰਨ ਲਈ ਸਹਾਇਤਾ ਕਰੇਗਾ। ਈਕੋ ਫਰੈਂਡਲੀ ਬਾਇਓਮਾਸ ਦੇ ਪ੍ਰਬੰਧਕਾਂ ਰਾਜੀਵ ਗੋਇਲ, ਮੁਨੀਸ਼ ਗੋਇਲ ਅਤੇ ਅਜੈ ਗਰਗ ਨੇ ਕਿਹਾ ਕਿ ਉਹ ਹਰ ਸਾਲ 50 ਹਜ਼ਾਰ ਟਨ ਪਰਾਲੀ ਇਸ ਪਲਾਂਟ ਵਿੱਚ ਵਰਤਣਗੇ।