ਸਮਾਣਾ ਦੇ ਬੱਸ ਅੱਡੇ ’ਚ ਰਾਜਾ ਵੜਿੰਗ ਵੱਲੋਂ ਰੱਖਿਆ ਨੀਂਹ ਪੱਥਰ ਤੋੜਿਆ
ਅਸ਼ਵਨੀ ਗਰਗ
ਸਮਾਣਾ, 4 ਫਰਵਰੀ
ਇੱਥੇ ਪਿਛਲੀ ਕਾਂਗਰਸ ਸਰਕਾਰ ਦੇ ਆਖਰੀ ਸਮੇਂ ਦੌਰਾਨ ਚੋਣਾਂ ਤੋਂ ਐਨ ਪਹਿਲਾਂ ਸਥਾਨਕ ਬੱਸ ਸਟੈਂਡ ਦੇ ਨਵੀਨੀਕਰਨ ਸਬੰਧੀ ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਤੇ ਮੌਜੂਦਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਰੱਖਿਆ ਨੀਂਹ ਪੱਥਰ ਰਾਤੋਂ ਰਾਤ ਕੁਝ ਵਿਅਕਤੀਆਂ ਨੇ ਤੋੜ ਦਿੱਤਾ। ਦੱਸਿਆ ਜਾ ਰਿਹੈ ਕਿ ਇਹ ਨੀਂਹ ਪੱਥਰ ਬੱਸ ਸਟੈਂਡ ਵਿਚ ਨੀਂਹ ਪੱਥਰ ਦੇ ਐਨ ਪਿੱਛੇ ਬਣਾਈ ਜਾ ਰਹੀ ਦੁਕਾਨ ਦੇ ਫਰੰਟ ਨੂੰ ਖੋਲ੍ਹਣ ਲਈ ਹਟਾਇਆ ਗਿਆ ਹੈ। ਹਾਲਾਂਕਿ ਅਧਿਕਾਰੀ ਨੀਂਹ ਪੱਥਰ ਹਟਾਉਣ ਨੂੰ ਤਾਂ ਗਲਤ ਦੱਸ ਰਹੇ ਹਨ ਪਰ ਕੋਈ ਵੀ ਅਧਿਕਾਰੀ ਇਸ ਪ੍ਰਤੀ ਕਾਰਵਾਈ ਦੀ ਗੱਲ ਨਹੀਂ ਕਰ ਰਿਹਾ।
ਇਸ ਪਿੱਛੇ ਕੋਈ ਰਾਜਨੀਤਕ ਕਾਰਨ ਹੈ ਜਾਂ ਕੋਈ ਹੋਰ ਕਾਰਨ ਇਹ ਤਾਂ ਉਹ ਅਧਿਕਾਰੀ ਹੀ ਦੱਸ ਸਕਦੇ ਹਨ ਪਰ ਉਸ ਸਮੇਂ ਦੇ ਕਾਂਗਰਸੀ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਇਸ ਨੂੰ ਸੱਤਾਧਾਰੀ ਸਰਕਾਰ ਦੀ ਸ਼ਹਿ ’ਤੇ ਕੀਤਾ ਗਿਆ ਕੰਮ ਦੱਸਿਆ ਅਤੇ ਇਸ ਦੀ ਸ਼ਿਕਾਇਤ ਕਰਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
ਜ਼ਿਕਰਯੋਗ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੱਸ ਸਟੈਂਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਦਾ ਟੈਂਡਰ ਵੀ ਲੱਗ ਗਿਆ ਸੀ ਪਰ ਚੋਣ ਜ਼ਾਬਤਾ ਲੱਗਣ ਕਾਰਨ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਬੀਤੀ ਰਾਤ ਕੁੱਝ ਲੋਕਾਂ ਵੱਲੋਂ ਇਹ ਨੀਂਹ ਪੱਥਰ ਤੋੜ ਦਿੱਤਾ ਗਿਆ ਹੈ। ਦੱਸਿਆ ਇਹ ਜਾ ਰਿਹੈ ਕਿ ਇਹ ਨੀਂਹ ਪੱਥਰ ਜਿਸ ਜਗ੍ਹਾ ’ਤੇ ਲੱਗਾ ਹੋਇਆ ਸੀ ਉਸ ਜਗ੍ਹਾ ’ਤੇ ਨਵੀਂ ਦੁਕਾਨ ਦੀ ਉਸਾਰੀ ਕੀਤੀ ਗਈ ਹੈ ਜਿਨ੍ਹਾਂ ਆਪਣੀ ਦੁਕਾਨ ਦਾ ਫਰੰਟ ਖੋਲ੍ਹਣ ਲਈ ਇਸ ਨੀਂਹ ਪੱਥਰ ਨੂੰ ਕਥਿਤ ਤੋੜਿਆ ਹੈ। ਹਾਲਾਂਕਿ ਦੁਕਾਨਦਾਰ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਨਗਰ ਕੌਂਸਲ ਵੱਲੋਂ ਹਟਾਇਆ ਗਿਆ ਹੈ ਜਿਸ ਨੂੰ ਦੂਸਰੀ ਜਗ੍ਹਾ ’ਤੇ ਤਬਦੀਲ ਕੀਤਾ ਜਾਣਾ ਹੈ।
ਇਸ ਬਾਰੇ ਐੱਸਡੀਐੱਮ ਤਰਸੇਮ ਚੰਦ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਇਸ ਬਾਰੇ ਉਹ ਕਾਰਜਸਾਧਕ ਅਫ਼ਸਰ ਕੋਲੋਂ ਪਤਾ ਕਰਨਗੇ। ਸਾਬਕਾ ਕਾਂਗਰਸੀ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਨੀਂਹ ਪੱਥਰ ਤੋੜਨਾ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਣਦੀ ਕਾਨੂੰਨੀ ਕਾਰਵਾਈ ਕਰਨਗੇ।
ਮਾਮਲੇ ਦੀ ਜਾਂਚ ਕਰਾਂਗੇ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਬਰਜਿੰਦਰ ਸਿੰਘ ਨੇ ਕਿਹਾ ਕਿ ਨੀਂਹ ਪੱਥਰ ਨੂੰ ਤੋੜਿਆ ਨਹੀਂ ਜਾ ਸਕਦਾ। ਜੇਕਰ ਦੁਕਾਨ ਦੇ ਅੱਗੇ ਆ ਰਿਹਾ ਹੈ ਤਾਂ ਉਸ ਨੂੰ ਥੋੜ੍ਹਾ ਬਹੁਤ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪਤਾ ਕਰਨਗੇ।