ਸਾਬਕਾ ਵੀਸੀ ਵੱਲੋਂ ’ਵਰਸਿਟੀ ’ਚ ਪਲੇਠੀ ਫੇਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਭੌਤਿਕ ਵਿਗਿਆਨੀ ਪ੍ਰੋਫੈਸਰ ਅਰਵਿੰਦ ਨੇ ਅੱਜ ਯੂਨੀਵਰਸਿਟੀ ਦਾ ਗੇੜਾ ਮਾਰਿਆ ਜਿਸ ਦੌਰਾਨ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਤੋਂ ਇਲਾਵਾ ਮੁਲਾਜ਼ਮਾ ਜਥੇਬੰਦੀਆਂ ਦੇ ਆਗੂ ਨੇ ਵੀ ਉਨ੍ਹਾਂ ਨਾਲ ਮਿਲਣੀ ਕੀਤੀ। ਵੀਸੀ ਵਜੋਂ ਆਪਣੇ ਅਹੁਦੇ ਦੀ ਮਿਆਦ ਖਤਮ ਹੋਣ ਮਗਰੋਂ ਇਹ ਉਨ੍ਹਾਂ ਦੀ ਪਲੇਠੀ ਫੇਰੀ ਸੀ। ਉਨ੍ਹਾਂ ਨਾਲ ਸਾਬਕਾ ਸਕੱਤਰ ਡਾ. ਨਾਗਰ ਸਿੰਘ ਮਾਨ ਵੀ ਮੌਜੂਦ ਸਨ। ਗੈਸਟ ਹਾਊਸ ਵਿੱਚ ਪਹੁੰਚਣ ਤੋਂ ਪਹਿਲਾਂ ਉਹ ਫਿਜਿਕਸ ਵਿਭਾਗ ਗਏ, ਜਿੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਵਾਗਤ ਕੀਤਾ ਅਤੇ ਚਾਹ ਦੀ ਪਿਆਲੀ ਸਾਂਝੀ ਕੀਤੀ। ਉਹ ਵੀ.ਸੀ ਹੁੰਦਿਆਂ ਵੀ ਕੈਂਪਸ ਚ ਕਲਾਸਾਂ ਲਾਉਂਦੇ ਰਹੇ ਹਨ। ਪ੍ਰੋਫੈਸਰ ਅਰਵਿੰਦ ਨੂੰ ਮਿਲਣ ਵਾਲਿਆਂ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੰਗੀਨਾ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ, ਬੌਟਨੀ ਵਿਭਾਗ ਦੇ ਮੁਖੀ ਡਾਕਟਰ ਮਨੀਸ਼, ਡਾਇਰੈਕਟਰ ਸਪੋਰਟਸ ਡਾ. ਅਜੀਤਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦਾ ਮੁਖੀ ਪ੍ਰੋਫੈਸਰ ਪਰਮਿੰਦਰ ਕੌਰ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ ਦੇ ਮੁਖੀ ਡਾਕਟਰ ਅਨਵਰ ਚਿਰਾਗ, ਐਚ ਆਰ ਡੀਸੀ ਦੇ ਡਾਇਰੈਕਟਰ ਪ੍ਰੋਫੈਸਰ ਮਨੋਰੁਚੀ, ਇੰਚਾਰਜ ਯੁਵਕ ਭਲਾਈ ਵਿਭਾਗ ਡਾ. ਗਗਨ ਥਾਪਾ, ਨਾਨ ਟੀਚਿੰਗ ਵਿੱਚੋਂ ਏ ਕਲਾਸ ਦੇ ਪ੍ਰਧਾਨ ਗੁਰਿੰਦਰਪਾਲ ਬੱਬੀ ਅਤੇ ਬੀ ਤੇ ਸੀ ਕਰਮਚਾਰੀ ਸੰਘ ਦੇ ਪ੍ਰਧਾਨ ਰਜਿੰਦਰ ਬਾਗੜੀਆ, ਸਕੱਤਰ ਅਮਰਜੀਤ ਕੌਰ ਤੇ ਕੀਪ-ਅਪ ਅਫਸਰ ਦੇਵਕੀ ਆਦਿ ਪੁੱਜੇ ਸਨ।