ਸਾਬਕਾ ਸਰਪੰਚ ਨੇ ਸੁਰੱਖਿਆ ਲੈਣ ਲਈ ਖ਼ੁਦ ਨੂੰ ਧਮਕੀਆਂ ਦਿਵਾਈਆਂ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਨਵੰਬਰ
ਪਿੰਡ ਰਸੂਲਪੁਰ ਦੇ ਸਾਬਕਾ ਸਰਪੰਚ ਅਤੇ ਭਾਜਪਾ ਆਗੂ ਗੁਰਸਿਮਰਨ ਸਿੰਘ ਵੱਲੋਂ ਬੀਤੇ ਦਿਨ ਪੁਲੀਸ ਥਾਣਾ ਹਠੂਰ ਕੋਲ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਨੂੰ ਆਸਟਰੇਲੀਆ ਬੈਠੇ ਪਿੰਡ ਦੇ ਇੱਕ ਵਿਅਕਤੀ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅੱਜ ਇਸ ਮਾਮਲੇ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਕੇਸ ’ਚ ਨਾਮਜ਼ਦ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੇ ਭਾਜਪਾ ਆਗੂ ਗੁਰਸਿਮਰਨ ਸਿੰਘ ’ਤੇ ਦੋਸ਼ ਲਾਇਆ ਹੈ ਕਿ ਸਾਬਕਾ ਸਰਪੰਚ ਸ਼ੁਰੂ ਤੋਂ ਹੀ ਗੰਨਮੈਨ ਲੈਣਾ ਚਾਹੁੰਦਾ ਸੀ ਤੇ ਉਸ ਨੇ ਖ਼ੁਦ ਗੁਰਪ੍ਰੀਤ ਨੂੰ ਫੋਨ ’ਤੇ ਧਮਕੀ ਦੇਣ ਲਈ ਆਖਿਆ ਸੀ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਗੁਰਸਿਮਰਨ ਦੇ ਕਹੇ ਅਨੁਸਰਾ ਉਸ ਨੂੰ ਧਮਕੀ ਭਰੇ ਮੈਸੇਜ ਵੀ ਭੇਜੇ ਸਨ ਜਿਨ੍ਹਾਂ ਆਸਰੇ ਗੁਰਸਿਮਰਨ ਸੁਰੱਖਿਆ ਲੈਣ ਦੀ ਯੋਜਨਾ ਬਣਾ ਰਿਹਾ ਸੀ। ਆਪਣੇ ਨਾਲ ਕੇਸ ’ਚ ਨਾਮਜ਼ਦ ਹਰਵਿੰਦਰ ਸਿੰਘ ਭੀਮੀ ਬਾਰੇ ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਇਸ ਕਰਕੇ ਫਸਾਇਆ ਗਿਆ ਹੈ ਕਿਉਂਕਿ ਉਸ ਨੇ ਗੁਰਸਿਮਰਨ ਦੇ ਸਰਪੰਚ ਹੁੰਦਿਆਂ ਖਰਚੀਆਂ ਗਈਆਂ ਗਰਾਂਟਾਂ ਸਬੰਧੀ ਲੇਖਾ-ਜੋਖਾ ਮੰਗਿਆ ਸੀ।
ਗੁਰਪ੍ਰੀਤ ਦਾ ਦੋਸ਼ ਝੂਠਾ: ਸਾਬਕਾ ਸਰਪੰਚ
ਭਾਜਪਾ ਆਗੂ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਵੱਲੋਂ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਹਨ। ਪੁਲੀਸ ਨੇ 25 ਦਿਨਾਂ ਦੀ ਜਾਂਚ ਮਗਰੋਂ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਜਦੋਂ ਗੁਰਪ੍ਰੀਤ ਨੇ ਉਸ ਨੂੰ ਫੋਨ ਕੀਤੇ ਸਨ ਤਾਂ ਉਸ ਦੇ ਪਿਤਾ ਨਾਲ ਵੀ ਗੱਲ ਕੀਤੀ ਸੀ। ਗੁਰਸਿਮਰਨ ਨੇ ਕਿਹਾ ਕਿ ਉਸ ਨੂੰ ਗੰਨਮੈਨ ਰੱਖਣ ਦੀ ਕੋਈ ਖਾਹਿਸ਼ ਨਹੀਂ ਹੈ।