ਸਾਬਕ ਵਿਧਾਇਕ ਨੇ ਬਨੂੜ ਦੇ ਥਾਣਾ ਮੁਖੀ ਨੂੰ ਘੇਰਿਆ
ਪੱਤਰ ਪ੍ਰੇਰਕ
ਬਨੂੜ, 3 ਅਕਤੂਬਰ
ਰਾਜਪੁਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਥਾਣਾ ਬਨੂੜ ਦੇ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਖ਼ਿਲਾਫ਼ ਕਈ ਦੋਸ਼ ਲਾਉਂਦਿਆ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨਰ, ਜ਼ਿਲ੍ਹਾ ਚੋਣ ਕਮਿਸ਼ਨਰ ਪਟਿਆਲਾ, ਡੀਜੀਪੀ ਪੰਜਾਬ, ਆਈਜੀ ਪਟਿਆਲਾ ਰੇਂਜ ਅਤੇ ਐੱਸਐੱਸਪੀ ਪਟਿਆਲਾ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਬਨੂੜ ਦੇ ਥਾਣਾ ਮੁਖੀ ਦੇ ਤੁਰੰਤ ਤਬਾਦਲੇ ਦੀ ਮੰਗ ਕੀਤੀ ਹੈ। ਸ੍ਰੀ ਕੰਬੋਜ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਕਿ ਉਕਤ ਥਾਣਾ ਮੁਖੀ ਹੁਕਮਰਾਨ ਧਿਰ ਦੀ ਸ਼ੈਅ ’ਤੇ ਪੰਚੀ-ਸਰਪੰਚੀ ਦੀਆਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਪਿੰਡਾਂ ਵਿੱਚੋਂ ਥਾਣੇ ਬੁਲਾ ਕੇ ਝੂਠੇ ਕੇਸਾਂ ਵਿਚ ਫਸਾਉਣ ਅਤੇ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਵੇਖਦਿਆਂ ਉਕਤ ਐੱਸਐੱਚਓ ਖ਼ਿਲਾਫ਼ ਲੋੜੀਂਦਾ ਐਕਸ਼ਨ ਲਿਆ ਜਾਵੇ ਅਤੇ ਤੁਰੰਤ ਤਬਾਦਲਾ ਕੀਤਾ ਜਾਵੇ। ਸ੍ਰੀ ਕੰਬੋਜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਵੀ ਆਖਿਆ ਕਿ ਉਹ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਇਰ ਕਰਨਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਥਾਣਾ ਮੁਖੀ ਵੱਲੋਂ ਵਿਰੋਧੀ ਪਾਰਟੀਆਂ ਦੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਉਨ੍ਹਾਂ ਕੋਲ ਸਬੂਤ ਮੌਜੂਦ ਹਨ।
ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਬਨੂੜ ਦੇ ਐੱਸਐੱਚਓ ਇੰਸਪੈਕਟਰ ਗੁਰਸੇਵਕ ਸਿੰਘ ਸਾਬਕਾ ਵਿਧਾਇਕ ਵੱਲੋਂ ਲਗਾਏ ਦੋਸ਼ਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਕਿਸੇ ਵੀ ਚੋਣ ਅਮਲ ਵਿੱਚ ਕੋਈ ਡਿਊਟੀ ਹੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਕਿਸੇ ਨੂੰ ਕੋਈ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਵਿੱਚ ਲਗਾਤਾਰ ਗਸ਼ਤ ਕਰ ਰਹੇ ਹਨ ਤੇ ਕਿਤੇ ਵੀ ਕੋਈ ਡਰ ਦਾ ਮਾਹੌਲ ਨਹੀਂ ਹੈ।