ਸਾਬਕਾ ਵਿਧਾਇਕ ਵੱਲੋਂ ਸਮਰਥਕਾਂ ਸਣੇ ਪੁਲੀਸ ਖ਼ਿਲਾਫ਼ ਧਰਨਾ
ਪੱਤਰ ਪ੍ਰੇਰਕ
ਪਠਾਨਕੋਟ, 28 ਜੁਲਾਈ
ਪਿੰਡ ਸਿਹੋੜਾ ਕਲਾਂ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਗੋਰਾ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰਨ ਦੇ ਖਿਲਾਫ ਥਾਣਾ ਤਾਰਾਗੜ੍ਹ ਦੇ ਮੂਹਰੇ ਅੱਜ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਹੋਰ ਪਿੰਡ ਦੇ ਲੋਕ ਪੂਰੀ ਗਰਮੀ ਵਿੱਚ ਧਰਨੇ ਉਪਰ ਬੈਠੇ ਅਤੇ ਉਨ੍ਹਾਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਚੇਅਰਮੈਨ ਬਲਾਕ ਸਮਿਤੀ ਚੇਅਰਮੈਨ ਰਾਜ ਕੁਮਾਰ ਸਿਹੋੜਾ, ਜ਼ਿਲ੍ਹਾ ਓਬੀਸੀ ਸੈੱਲ ਪ੍ਰਧਾਨ ਕੁਲਜੀਤ ਸੈਣੀ, ਸਤੀਸ਼ ਜੱਟ ਪੰਮਾ, ਰਾਕੇਸ਼ ਬੌਬੀ, ਤਰਸੇਮ ਰਤੜਵਾਂ, ਹਰਸ਼ ਸ਼ਰਮਾ, ਚੇਅਰਮੈਨ ਲਖਬੀਰ ਸਿੰਘ ਲੱਕੀ ਸ਼ਾਮਲ ਸਨ।
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜਦ ਉਨ੍ਹਾਂ ਪੁਲੀਸ ਸਟੇਸ਼ਨ ਤਾਰਾਗੜ੍ਹ ਦੇ ਮੁਖੀ ਤੋਂ ਪੁੱਛਿਆ ਕਿ ਸਰਪੰਚ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਜਵਾਬ ਵਿੱਚ ਥਾਣਾ ਮੁਖੀ ਨੇ ਕਿਹਾ ਕਿ ਸਰਪੰਚ ਖਿਲਾਫ ਸ਼ਿਕਾਇਤ ਮਿਲਣ ’ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ 18 ਜੁਲਾਈ ਨੂੰ ਹੋਈ ਲੜਾਈ ਦਾ ਹਵਾਲਾ ਬਣਾ ਰਹੀ ਹੈ ਤੇ ਪੁਲੀਸ ਨੇ ਇੰਨੇ ਦਿਨ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਰਾਜਸੀ ਸ਼ਹਿ ਦੇ ਤਹਿਤ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਥਾਣਾ ਤਾਰਾਗੜ੍ਹ ਦੇ ਮੁਖੀ ਮਨਜੀਤ ਸਿੰਘ ਇਸ ਸਬੰਧੀ ਕੋਈ ਠੋਸ ਜਵਾਬ ਨਾ ਦੇ ਸਕੇ। ਚੇਅਰਮੈਨ ਬਲਾਕ ਸਮਿਤੀ ਰਾਜ ਕੁਮਾਰ ਸਿਹੋੜਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ ਅਤੇ ਸਵੇਰੇ 7 ਵਜੇ ਪੁਲੀਸ ਸਰਪੰਚ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਪੰਚ ਨੂੰ ਛੱਡਿਆ ਨਾ ਗਿਆ ਤਾਂ ਫਿਰ ਭਲਕੇ ਸੜਕ ਉਪਰ ਜਾਮ ਲਗਾਇਆ ਜਾਵੇਗਾ।