ਸਾਬਕਾ ਕਬੱਡੀ ਖਿਡਾਰੀ ਨੇ ਫਾਹਾ ਲਿਆ
ਹਰਦੀਪ ਸਿੰਘ
ਧਰਮਕੋਟ, 17 ਨਵੰਬਰ
ਇੱਥੋਂ ਨੇੜਲੇ ਪਿੰਡ ਕਿਸ਼ਨਪੁਰ ਕਲਾਂ ਦੇ ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਅਵਤਾਰ ਸਿੰਘ ਸ਼ੰਟੀ ਨੇ ਬੀਤੇ ਕੱਲ੍ਹ ਖ਼ੁਦਕੁਸ਼ੀ ਕਰ ਲਈ। ਸਰਕਾਰੀ ਨੌਕਰੀ ਨਾ ਮਿਲਣ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ ਸੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਜਾਣਕਾਰੀ ਮੁਤਾਬਕ ਉਸ ਦੀ ਆਪਣੀ ਮਾਂ ਨਾਲ ਕੱਲ੍ਹ ਮਾਮੂਲੀ ਬਹਿਸ ਹੋਣ ਮਗਰੋਂ ਉਹ ਘਰੋਂ ਚਲਾ ਗਿਆ ਤੇ ਸਿੱਧਵਾਂ ਬੇਟ ਨਜ਼ਦੀਕ ਸਫੈਦੇ ਨਾਲ ਫਾਹਾ ਲੈ ਲਿਆ। ਕਿਸ਼ਨਪੁਰਾ ਕਲਾਂ ਦੇ ਬੰਟੀ ਅਤੇ ਸ਼ੰਟੀ ਭਰਾਵਾਂ ਦੀ ਜੋੜੀ ਕਿਸੇ ਵੇਲੇ ਕਬੱਡੀ ਜਗਤ ਵਿੱਚ ਕਾਫ਼ੀ ਮਸ਼ਹੂਰ ਸੀ ਅਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਕਈ ਕਬੱਡੀ ਕੱਪ ਖੇਡੇ ਸਨ। ਸ਼ੰਟੀ ਨੂੰ ਕਬੱਡੀ ਦਾ ਥੰਮ੍ਹ ਮੰਨਿਆ ਜਾਂਦਾ ਸੀ। ਕਬੱਡੀ ਖਿਡਾਰੀ ਸ਼ੰਟੀ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਅਤੇ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ। ਪੁਲੀਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਟੂਰਨਾਮੈਂਟ ਕਮੇਟੀ ਕਿਸ਼ਨਪੁਰਾ ਕਲਾਂ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਸਾਬਕਾ ਕਬੱਡੀ ਖਿਡਾਰੀ ਅਵਤਾਰ ਸਿੰਘ ਸ਼ੰਟੀ ਦਾ ਅੱਜ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।