ਨਹਿਰੀ ਵਿਭਾਗ ਦੇ ਸਾਬਕਾ ਮੁਲਾਜ਼ਮ ਨੇ ਆਤਮਦਾਹ ਦੀ ਆਗਿਆ ਮੰਗੀ
ਜਗਜੀਤ ਸਿੰਘ
ਮੁਕੇਰੀਆਂ, 1 ਫਰਵਰੀ
ਸ਼ਾਹ ਨਹਿਰ ਵਿੱਚੋਂ ਅਧਰੰਗ ਕਾਰਨ ਸੇਵਾਮੁਕਤ ਹੋਏ ਮੁਲਾਜ਼ਮ ਨੇ ਅਧਿਕਾਰੀਆਂ ਵੱਲੋਂ ਉਸ ਦੇ ਕਰੀਬ ਚਾਰ ਲੱਖ ਰੁਪਏ ਦੇ ਮੈਡੀਕਲ ਬਿੱਲ ਚਾਰ ਸਾਲ ਬੀਤਣ ਤੋਂ ਬਾਅਦ ਵੀ ਅਦਾ ਨਾ ਕੀਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਆਤਮਦਾਹ ਕਰਨ ਦੀ ਇਜਾਜ਼ਤ ਮੰਗੀ ਹੈ। ਸੇਵਾਮੁਕਤ ਮੁਲਾਜ਼ਮ ਨੇ ਮੰਡਲ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਵੀ ਲਗਾਏ ਹਨ। ਅਧਰੰਗ ਕਰ ਕੇ ਬਾਂਹ ਅਤੇ ਲੱਤ ਨਾ ਚੱਲਣ ਕਾਰਨ ਉਸ ਨੂੰ ਨੌਕਰੀ ਛੱਡਣੀ ਪਈ ਸੀ। ਦੂਜੇ ਪਾਸੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਦਫ਼ਤਰ ਤੋਂ ਆਈ ਚਿੱਠੀ ਮਗਰੋਂ ਉੱਚ ਅਧਿਕਾਰੀਆਂ ਵੱਲੋਂ ਮੰਡਲ ਦਫ਼ਤਰ ਨੂੰ ਘਟਨਾਕ੍ਰਮ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਮੈਡੀਕਲ ਬਿੱਲ ਜਲਦੀ ਪਾਸ ਕਰਨ ਦੀ ਹਦਾਇਤ ਕੀਤੀ ਗਈ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੇਵਾਮੁਕਤ ਮੁਲਾਜ਼ਮ ਸ਼ੀਤਲ ਸਿੰਘ ਨੇ ਦੱਸਿਆ ਕਿ ਉਹ ਸ਼ਾਹ ਨਹਿਰ ਦੇ ਮੰਡਲ ਤਲਵਾੜਾ ਅਧੀਨ ਮੁਕੇਰੀਆਂ ਤੋਂ 31-8-2019 ਨੂੰ ਸੇਵਾਮੁਕਤ ਹੋਇਆ ਸੀ। ਨੌਕਰੀ ਦੌਰਾਨ ਪਏ ਅਧਰੰਗ ਦੇ ਦੌਰੇ ਕਾਰਨ ਸੀਐੱਮਸੀ ਹਸਪਤਾਲ ਲੁਧਿਆਣਾ ਤੋਂ ਚੱਲੇ ਉਸ ਦੇ ਇਲਾਜ ਦਾ 4,09,155 ਰੁਪਏ ਖਰਚ ਆਇਆ ਸੀ। ਉਸ ਨੇ ਮੈਡੀਕਲ ਬਿੱਲ ਅਦਾਇਗੀ ਲਈ 23-7-2019 ਨੂੰ ਸਾਰੇ ਦਸਤਾਵੇਜ਼ਾਂ ਸਮੇਤ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ ਪਰ ਕਰੀਬ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਜਾਣਬੁੱਝ ਕੇ ਉਸ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਸ ਨੇ ਦੋਸ਼ ਲਾਇਆ ਕਿ ਮੰਡਲ ਦਫ਼ਤਰ ਦੇ ਸੁਪਰਡੈਂਟ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਤੇ ਉਸ ਦੀ ਸੁਣਵਾਈ ਨਹੀਂ ਹੋ ਰਹੀ। ਸ਼ੀਤਲ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦਫ਼ਤਰ ਉਸ ਦਾ ਮਸਲਾ ਹੱਲ ਨਹੀਂ ਕਰ ਸਕਦੇ ਤਾਂ ਉਸ ਨੂੰ ਮੰਡਲ ਦਫ਼ਤਰ ਅੱਗੇ ਆਤਮਦਾਹ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ।
ਅਧਿਕਾਰੀਆਂ ਨੇ ਦੋਸ਼ ਨਕਾਰੇ
ਦੂਜੇ ਪਾਸੇ ਮੰਡਲ ਸੁਪਰਡੈਂਟ ਨੇ ਦੋਸ਼ ਨਕਾਰਦਿਆਂ ਕਿਹਾ ਕਿ ਬਿੱਲ 11 ਜਨਵਰੀ ਨੂੰ ਇਸ ਦਫ਼ਤਰ ਨੂੰ ਮਿਲੇ ਸਨ, ਜਿਹੜੇ ਕਿ 18 ਜਨਵਰੀ ਨੂੰ ਖ਼ਜ਼ਾਨਾ ਦਫ਼ਤਰ ਨੂੰ ਭੇਜ ਦਿੱਤੇ ਗਏ ਹਨ। ਉਧਰ, ਵਿਭਾਗ ਦੇ ਐਕਸੀਅਨ ਦਿਨੇਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਸਲਾ ੳਨ੍ਹਾਂ ਤੋਂ ਪਹਿਲਾਂ ਦਾ ਹੈ। ਬਿੱਲ ਗਲਤੀ ਨਾਲ ਗੁਰਦਾਸਪੁਰ ਮੰਡਲ ਵਿੱਚ ਚਲੇ ਗਏ ਹਨ, ਜਿਹੜੇ ਕਿ ਹੁਣ ਮੰਗਵਾ ਕੇ ਖ਼ਜ਼ਾਨਾ ਦਫ਼ਤਰ ਨੂੰ ਭੇਜੇ ਗਏ ਹਨ ਅਤੇ ਜਲਦੀ ਹੀ ਅਦਾਇਗੀ ਹੋ ਜਾਵੇਗੀ। ਕੁਮਾਰ ਨੇ ਆਖਿਆ ਕਿ ਮੁੱਖ ਮੰਤਰੀ ਦਫ਼ਤਰ ਤੋਂ ਉਨ੍ਹਾਂ ਨੂੰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਮਿਲੀਆਂ ਹਨ, ਜਿਨਾਂ ਦੀ ਜਵਾਬਤਲਬੀ ਕੀਤੀ ਜਾਵੇਗੀ।