ਸਾਬਕਾ ਕੌਂਸਲਰ ਨੇ ਧੂੰਆਂ ਪ੍ਰਦੂਸ਼ਣ ਖ਼ਿਲਾਫ਼ ਰੋਸ ਜਤਾਇਆ
ਸ਼ਗਨ ਕਟਾਰੀਆ
ਬਠਿੰਡਾ, 17 ਨਵੰਬਰ
ਫ਼ਿਜ਼ਾ ’ਚ ਅੰਬਰਾਂ ਤੱਕ ਚੜ੍ਹੇ ਧੂੰਏਂ ਖ਼ਿਲਾਫ਼ ਸਾਬਕਾ ਕੌਂਸਲਰ ਵਜਿੈ ਕੁਮਾਰ ਵੱਲੋਂ ਅੱਜ ਸ਼ਹਿਰ ਅੰਦਰ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅੱਖਾਂ ’ਤੇ ਕਾਲ਼ੀ ਪੱਟੀ ਬੰਨ੍ਹੀਂ ਅਤੇ ਮੂੰਹ ’ਚ ਸਾਹ ਲੈਣ ਵਾਲੀ ਮਸ਼ੀਨ ਨਾਲ ਸੜਕ ’ਤੇ ਨਿਕਲੇ ਵਜਿੈ ਕੁਮਾਰ ਨੇ ਕਿਹਾ ਕਿ ਧੂੰਏਂ ਕਾਰਨ ਅੱਖਾਂ ਅੰਨ੍ਹੀਆਂ ਹੋਈਆਂ ਪਈਆਂ ਨੇ, ਧੂੰਆਂ ਹੁਣ ਘਰਾਂ ’ਚ ਵੀ ਵੜ ਗਿਆ ਹੈ, ਘਰ ਛੱਡ ਕੇ ਕਿੱਥੇ ਜਾਈਏ, ਇਉਂ ਜਾਪਦੈ ਜਿਵੇਂ ਬੰਬਾਰੀ ਹੋ ਰਹੀ ਹੋਵੇ ਤੇ ਧੂੰਆਂ ਸਾਰੇ ਪਾਸੇ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਸਕੂਲਾਂ ’ਚ ਜਾਣੋਂ ਹਟ ਗਏ ਹਨ। ਇਸ ਕਾਰਨ ਡਾਕਟਰਾਂ ਦੇ ਕਲੀਨਿਕਾਂ ਵਿੱਚ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।’
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ, ‘ਕਿਸਾਨ ਵੀਰੋ! ਸਾਡਾ ਕਸੂਰ ਕੀ ਐ, ਤੁਹਾਡੀ ਲੜਾਈ ਸਰਕਾਰ ਨਾਲ ਐ ਤਾਂ ਉਸ ਨਾਲ ਲੜੋ।’ ਇਸ ਦੇ ਨਾਲ ਹੀ ਵਜਿੈ ਕੁਮਾਰ ਨੇ ਸਰਕਾਰ ਨੂੰ ਮੁਖ਼ਾਤਬਿ ਹੁੰਦਿਆਂ ਆਖਿਆ ‘ਜੇ ਸਾਡੀ ਜ਼ਿੰਦਗੀ ਹੀ ਨਾ ਬਚੀ, ਅਸੀਂ ਸਹੂਲਤਾਂ ਕੀ ਕਰਨੀਆਂ, ਸੁਪਰੀਮ ਕੋਰਟ ਤੇ ਗ੍ਰੀਨ ਟ੍ਰਿਬਿਊਨਲ ਦੀ ਕਿਉਂ ਨਹੀਂ ਸੁਣਦੇ, ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮਸ਼ੀਨਰੀ ਕਿਉਂ ਨਹੀਂ ਦਿੱਤੀ ਜਾ ਰਹੀ, ਪਰਾਲੀ ਖਤਮ ਕਰਨ ਵਾਲਾ ਕੈਮੀਕਲ ਕਿੱਥੇ ਐ, ਅੱਖਾਂ ਮੱਚਦੀਆਂ ਨੇ, ਸਾਹ ਨਹੀਂ ਆਉਂਦਾ, ਸਾਡੇ ’ਤੇ ਰਹਿਮ ਖਾਓ।’