ਮੀਟਿੰਗ ਰੱਦ ਕਰਨ ’ਤੇ ਜੰਗਲਾਤ ਕਾਮੇ ਭੜਕੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਫਰਵਰੀ
ਜੰਗਲਾਤ ਮੰਤਰੀ ਵੱਲੋਂ ਮੀਟਿੰਗ ਰੱਦ ਕਰਨ ਦੇ ਮਾਮਲੇ ’ਤੇ ਰੋਸ ਵਿੱਚ ਆਏ ਜੰਗਲਾਤ ਕਾਮਿਆਂ ਨੇ ਅੱਜ ਪੰਜਾਬ ਸਰਕਾਰ ਅਤੇ ਜੰਗਲਾਤ ਮੰਤਰੀ ਦੀਆਂ ਅਰਥੀਆਂ ਸਾੜੀਆਂ। ਉੱਧਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜੰਗਲਾਤ ਕਾਮਿਆਂ ਤੇ ਜੰਗਲੀ ਜੀਵ ਕਾਮਿਆ ਦਾ ਚੱਲ ਰਿਹਾ ਪੱਕਾ ਮੋਰਚਾ 18ਵੇਂ ਦਿਨ ਵਿੱਚ ਸ਼ਾਮਲ ਹੋਇਆ। ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਮੀਟਿੰਗ ਦਾ ਅਗਲਾ ਸਮਾਂ ਦਿੱਤਾ। ਮੁਹਾਲੀ ਵਿੱਚ ਮਜ਼ਦੂਰ ਖੱਜਲ ਖ਼ੁਆਰ ਹੋਏ ਜਿਨ੍ਹਾਂ ਨੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਕੋਠੀ ਵੱਲ ਮਾਰਚ ਕੀਤਾ ਜਿਸ ਦੌਰਾਨ ਭਾਰੀ ਪੁਲੀਸ ਫੋਰਸ ਨਾਲ ਆਪਣੇ ਬਲ ’ਤੇ ਧਰਨਾਕਾਰੀਆਂ ਨੂੰ ਰੋਕਿਆ। ਪਟਿਆਲਾ ਪ੍ਰਸ਼ਾਸਨ ਦੇ ਵਿਸ਼ਵਾਸ ਦੁਆਉਣ ’ਤੇ ਸਿਹਤ ਮੰਤਰੀ ਦੇ ਪੀਏ ਜਸਵੀਰ ਸਿੰਘ ਗਾਂਧੀ ਨੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸ਼ਵਾਸ ਦੁਆਇਆ ਤੇ ਕਿਹਾ ਕਿ ਜੰਗਲਾਤ ਕਾਮਿਆਂ ਦੀ ਛੇਤੀ ਮੀਟਿੰਗ ਕਰਵਾ ਕੇ ਮੰਗਾਂ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੱਕਾ ਮੋਰਚਾ ਦੇ ਆਗੂਆਂ ਨੂੰ ਟੈਲੀਫ਼ੋਨ ’ਤੇ ਹੋਈ ਗੱਲਬਾਤ ਵਿੱਚ ਵਿਸ਼ਵਾਸ ਦੁਆਇਆ ਕਿ ਜੰਗਲਾਤ ਵਿਭਾਗ ਕਾਮਿਆਂ ਦੀ ਸਮੱਸਿਆ ਦੀ ਜਾਣਕਾਰੀ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਦਿੱਤੀ ਜਾਵੇਗੀ। ਵਿਸ਼ਵਾਸ ਦੁਆਉਣ ’ਤੇ ਕੋਠੀ ਜਾਣ ਤੋਂ ਪਾਸਾ ਵੱਟਿਆ। ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੇ ਮਜ਼ਦੂਰਾਂ ਦਾ ਵਿਸ਼ਵਾਸ ਤੋੜਿਆ ਤਾਂ ਅਗਲੇ ਦਿਨਾਂ ਵਿੱਚ ਹਰ ਰੋਜ਼ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਗਮੋਹਨ ਨੌਲੱਖਾ, ਕੇਵਲ ਸਿੰਘ, ਦਰਸ਼ਨ ਮੁਲੇਵਾਲਾ, ਨਛੱਤਰ ਲਾਛੜੂ ਤੇ ਤਰਲੋਚਨ ਮੰਡੋਲੀ ਨੂੰ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੰਗਲਾਤ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਰੈਲੀ ਨੂੰ ਹਰਮੇਸ਼ ਸਿੰਘ ਮਾਨਸਾ, ਸੁਖਦੇਵ ਸਿੰਘ ਝੰਡੀ ਮਾਤਾ ਕੁਸ਼ੱਲਿਆ ਹਸਪਤਾਲ, ਸਾਗਰ ਸਿੰਘ ਪੀਡਬਲਿਊਡੀ, ਜਸਵੀਰ ਸਿੰਘ ਦਿੜ੍ਹਬਾ, ਕਸ਼ਮੀਰ ਸਿੰਘ, ਰਘਵੀਰ ਸਿੰਘ ਦਿੜ੍ਹਬਾ, ਡੇਰਾਬਸੀ ਤੋਂ ਨਿਸ਼ਾਨ ਸਿੰਘ, ਛਿੰਦਰਪਾਲ, ਕਰਨੈਲ ਸਿੰਘ, ਭਾਦਸੋਂ ਰੇਂਜ ਤੋਂ ਹਰਭੀਮ ਸਿੰਘ, ਜਸਵਿੰਦਰ ਸਿੰਘ, ਸਮਾਣਾ ਰੇਂਜ ਤੋਂ ਰਵਿੰਦਰ ਸਿੰਘ, ਪਾਲਾ ਸਿੰਘ, ਨਾਭ ਰੇਂਜ ਤੋਂ ਬਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ ਧਾਰੀਵਾਲ, ਰੇਂਜ ਰਾਜਪੁਰਾ ਤੋਂ ਮਹਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਰਾਮ ਲਾਲ ਆਦਿ ਨੇ ਵੀ ਸੰਬੋਧਨ ਕੀਤਾ।