ਜੰਗਲਾਤ ਕਾਮਿਆਂ ਨੇ ਘੇਿਰਆ ਵਣ ਅਫਸਰ ਦਾ ਦਫ਼ਤਰ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਕਤੂਬਰ
ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਮਾਨਸਾ ਵੱਲੋਂ ਇਥੇ ਵਣ ਮੰਡਲ ਅਫ਼ਸਰ ਦੇ ਦਫਤਰ ਦਾ ਘਿਰਾਓ ਕੀਤਾ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣ, ਸੀਨੀਆਰਤਾ ਸੂਚੀ ਸੋਧ ਕੇ ਬਣਾਈ ਜਾਵੇ, ਰਹਿੰਦੇ ਬਕਾਏ ਦਿੱਤੇ ਜਾਣ, ਲੋੜੀਂਦੇ ਸੰਦ, ਬੂਟ ਤੇ ਵਰਦੀਆਂ ਦਿੱਤੀਆਂ ਜਾਣ। ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜਟ ਆ ਜਾਣ ਦੇ ਬਾਵਜੂਦ ਵਰਕਰਾਂ ਨੂੰ ਤਨਖਾਹਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਤੋਂ ਜਾਪਦਾ ਹੈ ਕਿ ਸਰਕਾਰ, ਵਰਕਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਰ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 30 ਅਕਤੂਬਰ ਨੂੰ ਤਨਖਾਹਾਂ ਦੇਣ ਦੇ ਦਾਅਵਾ ਕਰ ਰਹੇ ਹਨ ਅਤੇ ਦੂਜੇ ਪਾਸੇ ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ ਨੇ ਦੱਸਿਆ ਕਿ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਕੇ ਮੰਗਾਂ ਨੂੰ ਪੂਰਾ ਕਰਨ ਦੀਆਂ ਅਪੀਲਾਂ ਕਰ ਚੁੱਕੇ ਹਨ, ਪ੍ਰੰਤੂ ਉਨ੍ਹਾਂ ਦੇ ਕੰਨ ਤੋਂ ਜੂੰਅ ਨਹੀਂ ਸਰਕੀ, ਜਿਸ ਕਾਰਨ ਮਜਬੂਰ ਹੋ ਕੇ ਜਥੇਬੰਦੀ ਨੂੰ ਅੱਜ ਘਿਰਾਓ ਕਰਨਾ ਪਿਆ। ਇਸ ਮੌਕੇ ਨਿਰਮਲ ਸਿੰਘ ਬੱਪੀਆਣਾ, ਜੰਟਾ ਖਾਂ ਕੋਟਧਰਮੂ, ਗੁਰਜਿੰਦਰ ਸਿੰਘ ਜੋਗਾ, ਜਗਤਾਰ ਤਾਰਾ, ਸੁਖਦੇਵ ਸਿੰਘ, ਪੱਪੂ ਬੁਰਜ ਰਾਠੀ, ਕਰਮਜੀਤ ਸਿੰਘ, ਬਲਦੇਵ ਸਿੰਘ, ਮੱਖਣ ਸਿੰਘ, ਬੱਬੂ ਸਿੰਘ, ਰਾਜਿੰਦਰ ਸਿੰਘ, ਕੇਵਲ ਸਿੰਘ ਚਹਿਲਾਂਵਾਲੀ, ਅਜੀਤ ਸਿੰਘ, ਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਅਫ਼ਸਰ ਦੇ ਭਰੋਸੇ ਮਗਰੋਂ ਖ਼ਤਮ ਕੀਤਾ ਸੰਘਰਸ਼
ਅਖੀਰ ਵਿੱਚ ਵਣ ਮੰਡਲ ਅਫ਼ਸਰ ਮਾਨਸਾ ਨੇ ਜਦੋਂ ਧਰਨੇ ਵਿੱਚ ਆ ਕੇ ਦੋ ਦਿਨਾਂ ਵਿੱਚ ਵਰਕਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਤਾਂ ਜਥੇਬੰਦੀ ਨੇ ਪ੍ਰਦਰਸ਼ਨ ਸਮਾਪਤ ਕੀਤਾ।