ਜੰਗਲਾਤ ਮੁਲਾਜ਼ਮਾਂ ਨੇ ਮੁੱਖ ਵਣ ਪਾਲ ਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਅਕਤੂਬਰ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਬਰਾਂਚ ਸੰਗਰੂਰ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਇੱਥੇ ਜ਼ਿਲ੍ਹਾ ਜੰਗਲਾਤ ਦਫ਼ਤਰ ਅੱਗੇ ਪੰਜਾਬ ਸਰਕਾਰ ਤੇ ਮੁੱਖ ਵਣ ਪਾਲ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਯੂਨੀਅਨ ਆਗੂ ਮੇਲਾ ਸਿੰਘ ਪੁੰਨਾਂਵਾਲ ਵੱਲੋਂ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਦਰਜਾ ਚਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਂਹਪੱਖੀ ਰਵੱਈਏ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਬੁਲਾਰਿਆਂ ਮੰਗ ਕੀਤੀ ਕਿ ਰੈਗੂਲਰ ਕਰਨ ਸਬੰਧੀ ਜਾਰੀ ਕੀਤੀ ਪਾਲਿਸੀ ਵਿਚ ਲਗਾਈਆਂ ਬੇਬੁਨਿਆਦ ਸ਼ਰਤਾਂ ਖਤਮ ਕਰਕੇ ਮੁਲਾਜ਼ਮਾਂ ਨੂੰ ਬਿਨਾ ਸ਼ਰਤ ਰੈਗੂਲਰ ਕੀਤਾ ਜਾਵੇ, ਮੁਲਾਜ਼ਮਾਂ ਦੀਆਂ ਰਹਿੰਦੀਆਂ ਡੀ. ਏ ਕਿਸ਼ਤਾਂ ਤੇ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮੁਲਾਜ਼ਮਾਂ ਉਪਰ ਥੋਪਿਆ 200 ਰੁਪਏ ਟੈਕਸ ਤੁਰੰਤ ਵਾਪਸ ਲਿਆ ਜਾਵੇ, ਮੁਲਾਜ਼ਮਾਂ ਦੇ ਕੱਟੇ ਗਏ 37 ਭੱਤੇ ਬਹਾਲ ਕੀਤੇ ਜਾਣ, ਦਰਜਾ ਚਾਰ ਕਰਮਚਾਰੀਆਂ ਦੀਆਂ ਵਰਦੀਆਂ ਦਾ ਬਜਟ ਸਾਰੇ ਵਿਭਾਗਾਂ ਨੂੰ ਜਾਰੀ ਕੀਤਾ ਜਾਵੇ, ਦਰਜਾ ਚਾਰ ਕਰਮਚਾਰੀਆਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਸਕੂਲਾਂ ਵਿੱਚ ਸਫ਼ਾਈ ਸੇਵਕਾਂ, ਚੌਕੀਦਾਰਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ 12 ਘੰਟੇ ਦੀ ਡਿਊਟੀ ਦਾ ਪੱਤਰ ਵਾਪਸ ਲੈ ਕੇ ਅੱਠ ਘੰਟੇ ਦੀ ਡਿਊਟੀ ਦਾ ਪੱਤਰ ਜਾਰੀ ਕੀਤਾ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਜਲਦ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂਆਂ ਸੀਤਾ ਰਾਮ ਸ਼ਰਮਾ, ਇੰਦਰ ਸਿੰਘ ਧੂਰੀ, ਹੰਸ ਰਾਜ ਦੀਦਾਰਗੜ੍ਹ, ਰਾਮੇਸ਼ ਕੁਮਾਰ, ਗੁਰਮੀਤ ਸਿੰਘ ਮਿੱਡਾ, ਨਾਜ਼ਰ ਸਿੰਘ ਈਸੜਾ, ਕੇਵਲ ਸਿੰਘ ਗੁੱਜਰਾਂ, ਗਮਧੂਰ ਸਿੰਘ, ਬੀਰਾ ਸਿੰਘ,ਨਗਾਹੀ ਰਾਮ, ਕਸ਼ਮੀਰਾ ,ਸਿੰਘ ਦਵਿੰਦਰ ਸਿੰਘ ਸੁਨਾਮ, ਜਸਵੀਰ ਸਿੰਘ ਦਿੜ੍ਹਬਾ, ਅੰਗਰੇਜ਼ ਸਿੰਘ,ਬਡਬਰ, ਗੁਰਮੀਤ ਸਿੰਘ ਮਾਲੇਰਕੋਟਲਾ ਆਦਿ ਨੇ ਸੰਬੋਧਨ ਕੀਤਾ।
ਪਟਿਆਲਾ (ਪੱਤਰ ਪ੍ਰੇਰਕ): ਜੰਗਲਾਤ ਦੇ ਤਿੰਨ ਵਿੰਗਾਂ ਦੇ ਕਾਮਿਆਂ ਵੱਲੋਂ ਅੱਜ ਇੱਥੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਵਣ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਵੇਲੇ ਕਾਮਿਆਂ ਨੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕੰਮਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਪੰਜਾਬ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਂ ’ਤੇ ਯਾਦ ਪੱਤਰ ਵੀ ਦਿੱਤੇ ਗਏ। ਅੱਜ ਦੀ ਰੈਲੀ ਵਿੱਚ ਰਾਮ ਪ੍ਰਸਾਦ ਸਹੋਤਾ, ਗੁਰਚਰਨ ਸਿੰਘ, ਰਾਮ ਲਾਲ ਰਾਮਾ, ਦਰਸ਼ਨ ਮੁੱਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਭਰਪੂਰ ਸਿੰਘ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਅਜੈ ਸਿੱਪਾ, ਪ੍ਰਕਾਸ਼ ਲੁਬਾਣਾ, ਸ਼ਾਮ ਸਿੰਘ, ਹਰਬੰਸ ਸਿੰਘ, ਸੁਭਾਸ਼, ਬੰਸੀ ਲਾਲ, ਕਿਰਨ ਪਾਲ, ਅਮਰ ਨਾਥ ਨਰੜੂ, ਅਮਰੀਕ ਸਿੰਘ, ਹਰਵਿੰਦਰ ਗੋਲਡੀ ਆਦਿ ਨੇ ਵੀ ਸੰਬੋਧਨ ਕੀਤਾ।