ਵਣ ਵਿਭਾਗ ਦੀ ਟੀਮ ਨੇ ਤੇਂਦੂਏ ਨੂੰ ਫੜਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਸਤੰਬਰ
ਬੀਤੀ ਰਾਤ ਵਣ ਵਿਭਾਗ ਦੀ ਰੈਪਿਡ ਰਿਸਪਾਂਸ ਟੀਮ ਵੱਲੋਂ ਤੇਂਦੂਏ ਨੂੰ ਰੈਸਕਿਊ ਕਰ ਲਿਆ ਗਿਆ ਹੈ। ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇਂਦੂਏ ਨੂੰ ਤੁਰੰਤ ਛੱਤਬੀੜ ਚਿੜੀਆ ਘਰ ਵਿੱਚ ਲੋੜੀਂਦੇ ਇਲਾਜ ਅਤੇ ਅਗਲੀ ਕਾਰਵਾਈ ਨੂੰ ਲਿਜਾਇਆ ਗਿਆ। ਚਿੜੀਆਘਰ ਦੇ ਵੈਟਰਨਰੀਅਨ ਅਤੇ ਵਾਈਲਡ ਲਾਈਫ ਸਟਾਫ ਦੀ ਅਗਵਾਈ ਵਾਲੀ ਮਾਹਿਰ ਟੀਮ ਨੂੰ ਫੜੇ ਗਏ ਤੇਂਦੂਏ ਨੂੰ ਬਚਾਉਣ ਲਈ ਤਾਇਨਾਤ ਕੀਤਾ ਗਿਆ। ਡੀਸੀ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਵਿਦਿਆ ਸਾਗਰੀ ਨੇ ਦੱਸਿਆ ਕਿ ਲੰਘੇ ਕੱਲ੍ਹ ਇੰਡੀਅਨ ਆਇਲ ਡੰਪ ਦੇ ਬਾਹਰ ਗੈਰ-ਜੰਗਲੀ ਖੇਤਰ ’ਚ ਤੇਂਦੂਏ ਨੂੰ ਵੇਖਿਆ ਗਿਆ ਸੀ। ਇੰਡੀਆ ਆਇਲ ਡੰਪ ਦੇ ਬਾਹਰ ਪੈਰਾਂ ਦੇ ਨਿਸ਼ਾਨ ਅਤੇ ਸੀਸੀਟੀਵੀ ਫੁਟੇਜ਼ ਦੇਖੀ ਗਈ। ਇਸ ਤੋਂ ਬਾਅਦ ਵਣ ਵਿਭਾਗ ਦੀ ਰੈਪਿਡ ਰਿਸਪਾਂਸ ਟੀਮ ਨੇ ਮੁੱਢਲੀ ਜਾਂਚ ਤੋਂ ਬਾਅਦ ਇੱਕ ਬਾਲਗ ਨਰ ਤੇਂਦੂਏ ਦੇ ਹੋਣ ਦੀ ਪੁਸ਼ਟੀ ਕੀਤੀ ਸੀ। ਮਗਰੋਂ ਡੀਸੀ ਜਤਿੰਦਰ ਜ਼ੋਰਵਾਲ ਨੇ ਵਣ ਵਿਭਾਗ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਤੇਂਦੂਏ ਨੂੰ ਸਫਲਤਾਪੂਰਵਕ ਰੈਕਸਿਊ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 9.00 ਵਜੇ ਤੇਂਦੂਏ ਨੂੰ ਰੈਸਕਿਊ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੈਸਕਿਊ ਕੀਤੇ ਗਏ ਤੇਂਦੂਏ ਨੂੰ ਅੱਜ ਸਵੇਰੇ ਰੈਪਿਡ ਰਿਸਪਾਂਸ ਟੀਮ ਦੁਆਰਾ ਛੱਤਬੀੜ ਚਿੜੀਆਘਰ ਵਿੱਚ ਹੋਰ ਲੋੜੀਂਦੇ ਇਲਾਜ ਅਤੇ ਅਗਲੀ ਕਾਰਵਾਈ ਲਈ ਲਿਜਾਇਆ ਗਿਆ ਹੈ।