For the best experience, open
https://m.punjabitribuneonline.com
on your mobile browser.
Advertisement

ਭਾਰਤੀ ਖੁਰਾਕ ਨਿਗਮ ਨੇ ਪੰਜਾਬ ’ਚ ਕਣਕ ਖ਼ਰੀਦਣ ਤੋਂ ਹੱਥ ਘੁੱਟਿਆ

07:27 AM May 04, 2024 IST
ਭਾਰਤੀ ਖੁਰਾਕ ਨਿਗਮ ਨੇ ਪੰਜਾਬ ’ਚ ਕਣਕ ਖ਼ਰੀਦਣ ਤੋਂ ਹੱਥ ਘੁੱਟਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਭਾਰਤੀ ਖ਼ੁਰਾਕ ਨਿਗਮ ਨੇ ਇਸ ਵਾਰ ਹੁਣ ਤੱਕ ਸੂਬੇ ਵਿੱਚ ਖ਼ਰੀਦੀ ਗਈ ਕਣਕ ਦਾ ਸਿਰਫ਼ 2.3 ਫੀਸਦ ਹਿੱਸਾ ਹੀ ਖਰੀਦਿਆ ਹੈ। ਭਾਰਤੀ ਖ਼ੁਰਾਕ ਨਿਗਮ ਵੱਲੋਂ ਨਾ ਖ਼ੁਦ ਖ਼ਰੀਦ ਵਿਚ ਦਿਲਚਸਪੀ ਲਈ ਜਾ ਰਹੀ ਹੈ ਅਤੇ ਨਾ ਹੀ ਕਿਸਾਨ ਖ਼ੁਰਾਕ ਨਿਗਮ ਨੂੰ ਫ਼ਸਲ ਵੇਚਣ ਲਈ ਰਾਜੀ ਹਨ। ਸ਼ੁਰੂਆਤੀ ਪੜਾਅ ’ਤੇ ਜਦੋਂ ਕਣਕ ਦੀ ਫ਼ਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਸੀ ਤਾਂ ਖ਼ੁਰਾਕ ਨਿਗਮ ਸਖ਼ਤੀ ਨਾਲ ਪੇਸ਼ ਆਇਆ। ਕਿਸਾਨ ਸੂਬਾਈ ਖ਼ਰੀਦ ਏਜੰਸੀਆਂ ਨੂੰ ਫ਼ਸਲ ਵੇਚਣ ਨੂੰ ਤਰਜੀਹ ਦਿੰਦੇ ਹਨ।
ਪੰਜਾਬ ਵਿਚ ਹੁਣ ਤੱਕ 112.62 ਲੱਖ ਮੀਟਰਿਕ ਟਨ ਫ਼ਸਲ ਖਰੀਦੀ ਗਈ ਹੈ ਜਿਸ ’ਚੋਂ ਸਿਰਫ 2.59 ਲੱਖ ਮੀਟਰਿਕ ਟਨ ਕਣਕ ਹੀ ਭਾਰਤੀ ਖ਼ੁਰਾਕ ਨਿਗਮ ਨੇ ਖਰੀਦੀ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿਚ ਤਾਂ ਭਾਰਤੀ ਖ਼ੁਰਾਕ ਨਿਗਮ ਨੇ ਖ਼ਰੀਦ ਦਾ ਮਹੂਰਤ ਵੀ ਨਹੀਂ ਕੀਤਾ ਜਿਨ੍ਹਾਂ ਵਿਚ ਕਪੂਰਥਲਾ, ਫ਼ਿਰੋਜ਼ਪੁਰ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ ਅਤੇ ਪਟਿਆਲਾ ਦੀਆਂ ਮੰਡੀਆਂ ਸ਼ਾਮਲ ਹਨ। ਸੰਗਰੂਰ ਜ਼ਿਲ੍ਹੇ ਵਿਚ ਸਭ ਤੋਂ ਘੱਟ 800 ਮੀਟਰਿਕ ਟਨ ਫ਼ਸਲ ਖ਼ੁਰਾਕ ਨਿਗਮ ਨੇ ਖ਼ਰੀਦੀ ਹੈ। ਫ਼ਾਜ਼ਿਲਕਾ, ਫ਼ਰੀਦਕੋਟ ਅਤੇ ਬਰਨਾਲਾ ਜ਼ਿਲ੍ਹੇ ਵਿਚ ਵੀ ਭਾਰਤੀ ਖ਼ੁਰਾਕ ਨਿਗਮ ਦੀ ਖ਼ਰੀਦ ਕਾਫ਼ੀ ਘੱਟ ਹੈ। ਪਿਛਲੇ ਵਰ੍ਹੇ ਭਾਰਤੀ ਖ਼ੁਰਾਕ ਨਿਗਮ ਨੇ 4.08 ਲੱਖ ਮੀਟਰਿਕ ਟਨ ਅਤੇ 2022-23 ਵਿਚ 6.07 ਲੱਖ ਮੀਟਰਿਕ ਟਨ ਫ਼ਸਲ ਖ਼ਰੀਦੀ ਸੀ। ਕਿਸਾਨ ਆਗੂਆਂ ਅਨੁਸਾਰ ਜੋ ਮੰਡੀਆਂ ਭਾਰਤੀ ਖ਼ੁਰਾਕ ਨਿਗਮ ਨੂੰ ਅਲਾਟ ਹੁੰਦੀਆਂ ਹਨ, ਉੱਥੇ ਕਿਸਾਨਾਂ ਦੀ ਖੱਜਲਖੁਆਰੀ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਸੂਬਾਈ ਸਰਕਾਰ ਐੱਫਸੀਆਈ ਦੇ ਨਾਲ ਸੂਬਾਈ ਏਜੰਸੀ ਨੂੰ ਅਟੈਚ ਕਰ ਦਿੰਦੀ ਹੈ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਲੇਬਰ ਦੇ ਰੇਟ 30 ਫ਼ੀਸਦੀ ਘੱਟ ਦਿੱਤੇ ਜਾਂਦੇ ਹਨ ਜਿਸ ਕਰਕੇ ਲੇਬਰ ਵੀ ਖ਼ੁਰਾਕ ਨਿਗਮ ਦੀਆਂ ਮੰਡੀਆਂ ਤੋਂ ਪਾਸਾ ਵੱਟਦੀ ਹੈ। ਪਤਾ ਲੱਗਾ ਹੈ ਕਿ ਆੜ੍ਹਤੀਆਂ ਦਾ ਪਿਛਲੇ ਸਾਲਾਂ ਦਾ ਕਮਿਸ਼ਨ ਵੀ ਖ਼ੁਰਾਕ ਨਿਗਮ ਵੱਲ ਬਕਾਇਆ ਖੜ੍ਹਾ ਹੈ।
ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਨੇ ਐੱਫਸੀਆਈ ਨੂੰ ਕਈ ਮੰਡੀਆਂ ਅਲਾਟ ਨਹੀਂ ਕੀਤੀਆਂ ਸਨ। ਉਨ੍ਹਾਂ ਵੱਲੋਂ ਖ਼ਰੀਦਿਆ ਗਿਆ ਅਨਾਜ ਸਿੱਧਾ ਸਾਇਲੋਜ਼ ਕੋਲ ਚਲਾ ਜਾਣਾ ਸੀ। ਹਾਲਾਂਕਿ ਰਾਜ ਸਰਕਾਰ ਵੱਲੋਂ ਸਾਇਲੋਜ਼ ਨੂੰ ਓਪਨ ਮਾਰਕੀਟ ਯਾਰਡ ਐਲਾਨਣ ਦੇ ਆਦੇਸ਼ ਵਾਪਸ ਲੈਣ ਤੋਂ ਬਾਅਦ ਕੁਝ ਮੰਡੀਆਂ ਦੁਬਾਰਾ ਐੱਫਸੀਆਈ ਨੂੰ ਅਲਾਟ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਮੰਡੀਆਂ ਤੋਂ ਭਾਰਤੀ ਖ਼ੁਰਾਕ ਨਿਗਮ ਦੀ ਸਿੱਧੀ ਖ਼ਰੀਦ ਲਗਪਗ ਦੋ ਫੀਸਦ ’ਤੇ ਸਥਿਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×