ਰਾਵੀ ਤੇ ਉਝ ਦਰਿਆਵਾਂ ਦੇ ਵਹਾਅ ਨੇ ਜ਼ਮੀਨ ਨੂੰ ਢਾਹ ਲਾਈ
ਜਤਿੰਦਰ ਬੈਂਸ
ਗੁਰਦਾਸਪੁਰ, 5 ਸਤੰਬਰ
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੇੜਿਉਂ ਲੰਘਦਾ ਰਾਵੀ ਅਤੇ ਉਝ ਦਰਿਆ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਵੱਡੀ ਢਾਹ ਲਾ ਰਿਹਾ ਹੈ। ਹੁਣ ਤੱਕ ਹਜ਼ਾਰਾਂ ਏਕੜ ਵਾਹੀਯੋਗ ਜ਼ਮੀਨ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ। ਦਰਿਆ ਨੇ ਪਾਰਲੇ ਪਿੰਡਾਂ ਨੂੰ ਲੰਘਦੀ ਲਿੰਕ ਸੜਕ ਨੂੰ ਵੀ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਲਿਹਾਜ਼ਾ ਦਰਿਆ ਪਾਰਲੇ ਪਿੰਡਾਂ ਦੇ ਲੋਕ ਅਤੇ ਇਲਾਕੇ ਦੇ ਕਿਸਾਨ ਦਰਿਆ ਕਾਰਨ ਨਿਰੰਤਰ ਹੋ ਰਹੀ ਤਬਾਹੀ ਕਾਰਨ ਪ੍ਰੇਸ਼ਾਨ ਹਨ। ਦਰਿਆ ਕਾਰਨ ਲੱਗ ਰਹੇ ਖੋਰੇ ਨੂੰ ਰੋਕਣ ਲਈ ਇਲਾਕੇ ਦੇ ਲੋਕਾਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ 9 ਸਤੰਬਰ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਦਰਿਆ ਉੱਤੇ ਪੈਂਦੇ ਮਕੌੜਾ ਪੱਤਣ ਤੋਂ ਪਾਰਲੇ ਸਰਹੱਦੀ ਪਿੰਡ ਕਜ਼ਲੇ ਚੁੰਬਰ ਦੇ ਕਿਸਾਨਾਂ ਨੇ ਮੀਟਿੰਗ ਕਰਕੇ ਰਣਨੀਤੀ ਉਲੀਕੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਦੱਸਿਆ ਕਿ ਦਰਿਆ ਜ਼ਮੀਨ ਨੂੰ ਢਾਹ ਲਾਉਂਦਾ ਆ ਰਿਹਾ ਹੈ ਅਤੇ ਬਰਸਾਤਾਂ ਦੇ ਦਿਨਾਂ ਅੰਦਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਢਾਹ ਲੱਗਣ ਦਾ ਸਿਲਸਿਲਾ ਹੋਰ ਵੀ ਤੇਜ਼ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਦਰਿਆ ਨੇ ਜ਼ਮੀਨ ਦੇ ਨਾਲ-ਨਾਲ ਪਾਰਲੇ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਨੂੰ ਰੋੜ੍ਹ ਦਿੱਤਾ ਸੀ। ਉਸ ਵੇਲੇ ਇਲਾਕੇ ਦੇ ਲੋਕਾਂ ਨੇ ਦਰਿਆ ਉੱਤੇ ਪੱਕਾ ਪੁੱਲ ਬਣਾਉਣ ਤੇ ਜ਼ਮੀਨ ਨੂੰ ਲਗਾਤਾਰ ਲਗ ਰਹੀ ਢਾ ਨੂੰ ਰੋਕਣ ਲਈ ਮਜ਼ਬੂਤ ਸੱਪਰ ਬਣਾਉਣ ਦੀ ਮੰਗ ਕੀਤੀ ਸੀ।
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਬਾਅਦ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਦਰਿਆ ’ਤੇ ਸੱਪਰ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਾਲ ਬਹੁਤੀ ਬਾਰਸ਼ ਨਾ ਹੋਣ ਦੇ ਬਾਵਜੂਦ ਦਰਿਆ ਦੇ ਵਹਾਅ ਨੇ ਸੱਪਰਾਂ ਨੂੰ ਢਾਹ ਲਾ ਕੇ ਹੇਠਾਂ ਸੁੱਟ ਦਿੱਤਾ ਹੈ ਅਤੇ ਲਿੰਕ ਸੜਕ ਨੂੰ ਥੱਲਿਓਂ ਖੋਖਲਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੂੰ 9 ਸਤੰਬਰ ਨੂੰ ਮਿਲਣ ਦਾ ਪ੍ਰੋਗਰਾਮ ਉੱਲੀਕਿਆ ਹੈ ਅਤੇ ਜੇਕਰ ਲੋੜ ਪਈ ਤਾਂ ਮੁੜ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਕਜ਼ਲੇ ਮਹਿੰਦਰ ਸਿੰਘ, ਸਾਬਕਾ ਸਰਪੰਚ ਮੋਹਨ ਸਿੰਘ, ਨੰਬਰਦਾਰ ਜਾਗੀਰ ਸਿੰਘ, ਕਸ਼ਮੀਰ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ ਅਤੇ ਸਰੂਪ ਸਿੰਘ ਹਾਜ਼ਰ ਸਨ।