ਬੁੱਢੇ ਦਰਿਆ ਵਿੱਚ ਦੂਸ਼ਿਤ ਪਾਣੀ ਦਾ ਵਹਾਅ ਘਟਿਆ
ਸਤਵਿੰਦਰ ਬਸਰਾ
ਲੁਧਿਆਣਾ, 3 ਅਕਤੂਬਰ
ਸਨਅਤੀ ਸ਼ਹਿਰ ਨੂੰ ਦੋ ਹਿੱਸਿਆ ਵਿੱਚ ਵੰਡਣ ਵਾਲੇ ਬੁੱਢੇ ਦਰਿਆ ਵਿੱਚ ਦੂਸ਼ਿਤ ਪਾਣੀ ਸੁੱਟਣ ਵਾਲੀਆਂ ਇਕਾਈਆਂ ’ਤੇ ਪੀਪੀਸੀਬੀ ਵੱਲੋਂ ਵਰਤੀ ਸਖਤੀ ਦਾ ਅਸਰ ਦਿਖਾਈ ਦੇਣ ਲੱਗਾ ਹੈ। ਪਿਛਲੇ ਕੁਝ ਦਿਨ ਤੋਂ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਦਾ ਵਹਾਅ ਬਹੁਤ ਹੱਦ ਤੱਕ ਘੱਟ ਗਿਆ ਹੈ ਅਤੇ ਕਈ ਥਾਵਾਂ ’ਤੇ ਹੇਠਲੀ ਗਾਰ ਤੱਕ ਦਿਖਾਈ ਦੇਣ ਲੱਗ ਪਈ ਹੈ।
ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਬੁੱਢੇ ਦਰਿਆ ਦਾ ਪ੍ਰਦੂਸ਼ਣ ਓਨੀ ਦੇਰ ਘੱਟ ਹੋਣਾ ਮੁਸ਼ਕਲ ਹੈ ਜਿੰਨੀ ਦੇਰ ਤੱਕ ਸਾਰੀਆਂ ਗੈਰ ਕਾਨੂੰਨੀ ਦੂਸ਼ਿਤ ਪਾਣੀ ਸੁੱਟਣ ਵਾਲੀਆਂ ਇਕਾਈਆਂ ’ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਦੂਸ਼ਿਤ ਪਾਣੀ ਦਾ ਵਹਾਅ ਘੱਟ ਹੋਣ ਪਿੱਛੇ ਇੱਕ ਕਾਰਨ ਇਹ ਵੀ ਬਣਿਆ ਹੈ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਸਬੰਧੀ ਪਿਛਲੇ ਕੁੱਝ ਦਿਨਾਂ ਤੋਂ ਬੁੱਢੇ ਨਾਲੇ ਦੇ ਆਲੇ-ਦੁਆਲੇ ਖਾਸ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਇਸ ਤੋਂ ਇਲਾਵਾ ਉਦਯੋਗਿਕ ਇਕਾਈਆਂ ਵਿੱਚ ਛੁੱਟੀਆਂ ਵੀ ਚੱਲ ਰਹੀਆਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬੀ ਨੇ ਬੁੱਢੇ ਦਰਿਆ ਵਿੱਚ ਦੂਸ਼ਿਤ ਪਾਣੀ ਸੁੱਟਣ ਵਾਲਿਆਂ ਵਿਰੁੱਧ ਸਖਤੀ ਦੇ ਹੁਕਮ ਦਿੱਤੇ ਸਨ ਅਤੇ ਇਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ। ਸੈਂਟਰਲ ਜੇਲ੍ਹ ਕੋਲ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਸੁੱਟਣ ਵਾਲੇ ਦੋ ਪਾਈਪ ਬਿਲਕੁਲ ਬੰਦ ਸਨ ਜਦਕਿ ਇੱਕ ਵੱਡੇ ਪਾਈਪ ਰਾਹੀਂ ਸੋਧਿਆ ਹੋਇਆ ਪਾਣੀ ਸੁੱਟਿਆ ਜਾ ਰਿਹਾ ਸੀ। ਕੇਂਦਰੀ ਜੇਲ੍ਹ ਤੋਂ ਅੱਗੇ ਤਾਜਪੁਰ ਪਿੰਡ ਵਾਲੇ ਪਾਸੇ ਬੁੱਢੇ ਨਾਲੇ ਵਿੱਚ ਡੇਅਰੀਆਂ ਅਤੇ ਸੀਵਰੇਜ ਦਾ ਪਾਣੀ ਲਗਾਤਾਰ ਸੁੱਟਿਆ ਜਾ ਰਿਹਾ ਸੀ ਜਿਸ ਦਾ ਅੰਦਾਜ਼ਾ ਇੱਥੇ ਆਉਂਦੀ ਸੜਾਂਦ ਤੋਂ ਸੌਖਿਆ ਲਾਇਆ ਜਾ ਸਕਦਾ ਹੈ। ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦੇ ਜਸਕੀਰਤ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੀਪੀਸੀਬੀ ਨੇ ਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ਵਿਰੁੱਧ ਸਖਤ ਹੁਕਮ ਦਿੱਤੇ ਸਨ। ਜੇਕਰ ਬੁੱਢੇ ਦਰਿਆ ਵਿੱਚ ਦੂਸ਼ਿਤ ਪਾਣੀ ਦਾ ਵਾਹਅ ਘੱਟ ਹੋਇਆ ਹੈ ਤਾਂ ਇਹ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਬੁੱਢੇ ਨਾਲੇ ਨੂੰ ਪੁਨਰ ਸੁਰਜੀਤ ਕਰਨਾ ਹੈ ਤਾਂ ਇਸ ਵਿੱਚ ਗੈਰ ਕਾਨੂੰਨੀ ਗੰਦਾ ਪਾਣੀ ਸੁੱਟਣਾ ਬਿਲਕੁਲ ਬੰਦ ਹੋਣਾ ਚਾਹੀਦਾ ਹੈ।