ਹੜ੍ਹ ਦੇ ਪਾਣੀ ਨੇ ਜ਼ਮੀਨਾਂ ’ਤੇ ਰੇਤੇ ਦੀ ਪਰਤ ਵਿਛਾਈ
ਸਰਬਜੀਤ ਸਿੰਘ ਭੱਟੀ
ਲਾਲੜੂ, 21 ਜੁਲਾਈ
ਇਲਾਕੇ ਦੇ ਅੱਧੀ ਦਰਜਨ ਤੋਂ ਵੀ ਵੱਧ ਪਿੰਡਾਂ ਵਿੱਚ ਘੱਗਰ ਦਰਿਆ ਦੇ ਹੜ੍ਹਾਂ ਕਾਰਨ ਜ਼ਮੀਨ ’ਤੇ ਰੇਤੇ ਦੀ ਪਰਤ ਵਿਛ ਗਈ ਹੈ ਅਤੇ ਤਬਾਹ ਹੋਈ ਫਸਲਾਂ ਤੇ ਜ਼ਮੀਨਾਂ ਦੀ ਚੀਸ ਹਲਕੇ ਦੇ ਕਿਸਾਨਾਂ ਨੂੰ ਲੰਮੇ ਸਮੇਂ ਤਕ ਦਰਦ ਦਿੰਦੀ ਰਹੇਗੀ। ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨ, ਮਜ਼ਦੂਰ ਹੁਣ ਇਕੋ ਇਕ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਨੁਕਸਾਨੀ ਫਸਲਾਂ ਅਤੇ ਮਕਾਨਾਂ ਦਾ ਸਮੇਂ ਸਿਰ ਢੁਕਵਾਂ ਮੁਆਵਜ਼ਾ ਦੇਵੇ।
ਘੱਗਰ ਦਰਿਆ ਨੇੜਲੇ ਹੜ੍ਹ ਪ੍ਰਭਾਵਿਤ ਪਿੰਡ ਡਹਿਰ, ਆਲਮਗੀਰ, ਟਿਵਾਣਾ, ਖਜੂਰ ਮੰਡੀ, ਸਾਧਾਪੁਰ ਅਤੇ ਅਮਲਾਲਾ ਦੇ ਕਿਸਾਨ ਆਗੂ ਸਰਪੰਚ ਗੁਲਜ਼ਾਰ ਸਿੰਘ ਟਿਵਾਣਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਰਜੀਤ ਸਿੰਘ, ਕਾਮਰੇਡ ਮੇਹਰ ਸਿੰਘ ਟਿਵਾਣਾ, ਭਾਜਪਾ ਗੁਰਮੀਤ ਸਿੰਘ ਟਿਵਾਣਾ, ਲੰਬੜਦਾਰ ਜਸਵੰਤ ਸਿੰਘ ਆਲਮਗੀਰ, ਕੇਸਰ ਸਿੰਘ ਖਜੂਰ ਮੰਡੀ, ਜਸਵਿੰਦਰ ਸਿੰਘ ਟਿਵਾਣਾ, ਕੁਲਦੀਪ ਸਿੰਘ ਸਾਧਾਪੁਰ , ਸਾਬਕਾ ਸਰਪੰਚ ਕੁਲਦੀਪ ਸਿੰਘ ਟਿਵਾਣਾ, ਸਰਪੰਚ ਬਲਿਹਾਰ ਸਿੰਘ, ਸ਼ਿਵਦੇਵ ਸਿੰਘ, ਬਿਕਰਮ ਸਿੰਘ ਸਰਸੀਣੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕਰੀਬ ਚਾਰ ਤੋਂ ਪੰਜ ਹਜ਼ਾਰ ਏਕੜ ਜ਼ਮੀਨ ਵਿੱਚ ਖੜ੍ਹੀ ਫਸਲ ਘੱਗਰ ਦੇ ਹੜ੍ਹਾਂ ਕਾਰਨ ਪੂਰੀ ਤਰ੍ਹਾਂ 100 ਪ੍ਰਤੀਸ਼ਤ ਤਬਾਹ ਹੋ ਗਈ ਹੈ ਅਤੇ ਉਨ੍ਹਾਂਂ ਦੇ ਖੇਤ ਰੇਤ ਦੇ ਟਿੱਬਿਆਂ ਵਿੱਚ ਤਬਦੀਲ ਹੋ ਗਏ ਹਨ। ਮੌਕੇ ’ਤੇ ਵੇਖਣ ਵਿੱਚ ਉਕਤ ਪਿੰਡਾਂ ਦਾ ਰਕਬਾ ਇਕ ਤਰ੍ਹਾਂ ਦਾ ਰਾਜਸਥਾਨ ਲੱਗਦਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਵੜੇ, ਹੜ੍ਹ ਦੇ ਪਾਣੀ ਨੇ ਲੋਕਾਂ ਦੇ ਮਕਾਨਾਂ ਅਤੇ ਜ਼ਰੂਰੀ ਵਸਤੂਆਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਜ਼ਮੀਨਾਂ ਨੂੰ ਠੀਕ ਕਰਵਾਇਆ ਜਾਵੇ, ਹੜ੍ਹਾਂ ਨਾਲ ਖ਼ਰਾਬ ਹੋਈ ਫ਼ਸਲਾਂ ਦਾ, ਫੌਰੀ ਤੌਰ ’ਤੇ ਮੁਆਵਜ਼ਾ ਦੇਣ ਲਈ ਕਿਸੇ ਪੈਕਜ ਦਾ ਐਲਾਨ ਕੀਤਾ ਜਾਵੇ। ਇਸ ਤੋਂ ਇਲਾਵਾ ਘੱਗਰ ਅਤੇ ਝਰਮਲ ਨਦੀ ਦੇ ਬੰਨ੍ਹ ਨੂੰ ਲਾਲੜੂ ਤੋਂ ਲੈ ਕੇ ਹਰਿਆਣਾ ਸੀਮਾ ਤੱਕ ਉੱਚਾ ਤੇ ਪੱਕਾ ਕੀਤਾ ਜਾਵੇ।