For the best experience, open
https://m.punjabitribuneonline.com
on your mobile browser.
Advertisement

ਹੜ੍ਹ ਨੇ ਚਮਕੌਰ ਸਾਹਬਿ ਦੇ ਕਈ ਪਿੰਡ ਝੰਬੇ

09:12 AM Jul 20, 2023 IST
ਹੜ੍ਹ ਨੇ ਚਮਕੌਰ ਸਾਹਬਿ ਦੇ ਕਈ ਪਿੰਡ ਝੰਬੇ
ਪਿੰਡ ਕਮਾਲਪੁਰ ਵਿੱਚ ਨਦੀ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਕਰਦੇ ਹੋਏ ਕਾਮੇ। -ਫੋਟੋ: ਬੱਬੀ
Advertisement

ਸੰਜੀਵ ਬੱਬੀ
ਚਮਕੌਰ ਸਾਹਬਿ , 19 ਜੁਲਾਈ
ਦੋ ਹਫਤੇ ਪਹਿਲਾਂ ਪਏ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਰਕੇ ਚਮਕੌਰ ਸਾਹਬਿ ਦੇ ਇਲਾਕੇ ਖਾਸਕਰ ਬੇਟ ਤੇ ਮੰਡ ਖੇਤਰ ’ਚ ਭਾਰੀ ਤਬਾਹੀ ਹੋਈ ਹੈ। ਇਲਾਕੇ ’ਚ ਵਗਦੀਆਂ ਸੀਸਵਾਂ ਤੇ ਬੁੱਦਕੀ ਨਦੀਆਂ ਦਾ ਬੰਨ੍ਹ ਕਈ ਥਾਂ ਤੋਂ ਟੁੱਟਿਆ ਹੈ ਤੇ ਪਿੰਡ ਕਮਾਲਪੁਰ ਨੇੜੇ ਨਦੀ ਸਦੀ ਪੁਰਾਣੇ ਬੰਨ੍ਹ ਨੂੰ ਤੋੜ ਕੇ ਸਰਹਿੰਦ ਨਹਿਰ ਵਿੱਚ ਵੀ ਦਾਖਲ ਹੋ ਚੁੱਕੀ ਹੈ, ਜਿੱਥੇ ਕਿ ਹੁਣ ਪ੍ਰਸ਼ਾਸ਼ਨ ਵੱਲੋਂ ਕਈ ਮਸ਼ੀਨਾਂ ਸਮੇਤ ਸੈਂਕੜੇ ਮਜ਼ਦੂਰ ਲਗਾ ਕੇ ਬੰਨ੍ਹ ਲਗਾਇਆ ਜਾ ਰਿਹਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਦਹਾਕਿਆਂ ਤੋਂ ਇਨ੍ਹਾਂ ਨਾਲਿਆਂ, ਨਦੀਆਂ ਤੇ ਸਤਲੁਜ ਦੇ ਧੁੱਸੀ ਬੰਨ੍ਹ ਦੀ ਸਰਕਾਰੀ ਪੱਧਰ ‘ਤੇ ਕੋਈ ਖਾਸ ਮੁਰੰਮਤ ਜਾਂ ਸਫਾਈ ਨਹੀ ਹੋਈ। ਇਸੇ ਕਾਰਨ ਸੀਸਵਾਂ ਨਦੀ ਦੇ ਟੁੱਟਣ ਕਾਰਨ ਮੰਡ ਖੇਤਰ ਦੇ ਪਿੰਡਾਂ ਟੱਪਰੀਆਂ ਘੜੀਸਪੁਰ, ਰਾਮਗੜ੍ਹ-ਬੂਥਗੜ੍ਹ , ਚੁਪਕੀ ਅਤੇ ਸੁਰਤਾਪੁਰ ਦਾ ਭਾਰੀ ਨੁਕਸਾਨ ਹੋਇਆ ਹੈ। ਸਾਬਕਾ ਮੁਲਾਜ਼ਮ ਆਗੂ ਸੁਖਦੇਵ ਸਿੰਘ ਸੁਰਤਾਪੁਰ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਦੀ ਪੰਜ ਸੌ ਏਕੜ ਤੋਂ ਵੱਧ ਜ਼ਮੀਨ ਵਿਚਲੀ ਫਸਲ ਤਬਾਹ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਪਿੰਡ ਸੰਨ 1972 ਵਿੱਚ ਅਨੁਸੂਚਿਤ ਜਾਤੀ ਭੂ ਵਿਕਾਸ ਕਾਰਪੋਰੇਸ਼ਨ ਵੱਲੋਂ ਵਸਾਏ ਗਏ ਸਨ ਅਤੇ ਇਹ ਪਿੰਡ ਸਾਲ 1977, 1983, 1988, 1990 , 1993 ਅਤੇ ਸਾਲ 2000 ਦੌਰਾਨ ਹੜ੍ਹਾਂ ਦਾ ਸੰਤਾਪ ਪਿੰਡੇ ’ਤੇ ਹੰਢਾਅ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਹਰ ਘਰ ਦਾ ਸਮਾਨ ਭਿੱਜ ਕੇ ਖਰਾਬ ਹੋ ਚੁੱਕਾ ਹੈ। ਭਾਰੀ ਮੀਂਹ ਕਾਰਨ ਇਲਾਕੇ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਨਿ੍ਹਾਂ ਦੀ ਪਹਿਲ ‘ਤੇ ਆਧਾਰ ਮੁਰੰਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬੇਟ ਖੇਤਰ ਦੇ ਲੋਕ ਸੰਨ 1978 ਸੰਨ ਵਿਚ ਅਜਿਹੇ ਹਾਲਾਤ ਵੇਖ ਚੁੱਕੇ ਹਨ ਜਦੋਂ ਦੋ ਪਿੰਡ ਮਾਲੇਵਾਲ ਤੇ ਜ਼ਿੰਦਾਪੁਰ ਬੁਰੀ ਤਰ੍ਹਾਂ ਦਰਿਆ ਸਤਲੁਜ ਦੇ ਪਾਣੀ ਦੀ ਲਪੇਟ ’ਚ ਆ ਕੇ ਹੜ੍ਹ ਗਏ ਸਨ ਤੇ ਉਦੋਂ ਕਾਫੀ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਸੀ।
ਇਸੇ ਦੌਰਾਨ ਸਮਾਜਸੇਵੀ ਅਮਨਦੀਪ ਸਿੰਘ ਮਾਂਗਟ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਕੀਤੇ ਜਾ ਰਹੇ ਕੰਮਾਂ ’ਤੇ ਸਖਤ ਨਿਗਰਾਨੀ ਲਈ ਸਰਕਾਰ ਨੂੰ ਨਿਗਰਾਨ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ ਤਾਂ ਅੱਗੇ ਹੜ੍ਹਾਂ ਨਾਲ ਅਜਿਹੀ ਤਬਾਹੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਰਾਹਾਂ ਤੋਂ ਕਥਿਤ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਵੀ ਕੀਤੀ।
ਮੁਹਾਲੀ: ਸੜਕਾਂ ਤੇ ਜਲ ਸਪਲਾਈ ਲਾਈਨਾਂ ਦੀ ਮੁਰੰਮਤ ਦੀ ਹਦਾਇਤ
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਾਹਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦੀ ਫੌਰੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਅਤੇ ਵਾਟਰ ਸਪਲਾਈ ਪਾਈਪਾਂ ਦੀ ਮੁਰੰਮਤ ਲਈ ਸਟੇਟ ਡਿਜ਼ਾਸਟਰ ਰਿਲੀਫ ਫੰਡ ’ਚੋਂ ਕ੍ਰਮਵਾਰ 1 ਕਰੋੜ ਅਤੇ 50 ਲੱਖ ਰੁਪਏ ਪ੍ਰਾਪਤ ਹੋਏ ਹਨ। ਇਸ ਲਈ ਫੌਰੀ ਤੌਰ ’ਤੇ ਅਤਿ ਜ਼ਰੂਰੀ ਸੜਕਾਂ ਤੇ ਜਲ ਸਪਲਾਈ ਪਾਈਪਲਾਈਨਾਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ। ਉਂਜ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਟੁੱਟੀਆਂ ਸੜਕਾਂ ਅਤੇ ਜਲ ਸਪਲਾਈ ਲਾਈਨਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦਾ ਬੀਜ ਮੁਫ਼ਤ ਮਿਲੇਗਾ
ਫ਼ਤਹਿਗੜ੍ਹ ਸਾਹਬਿ (ਨਿੱਜੀ ਪੱਤਰ ਪ੍ਰੇਰਕ): ਮੁੱਖ ਖੇਤੀਬਾੜੀ ਅਫ਼ਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤਾਂ ਤੋਂ ਪੀੜਤ ਕਿਸਾਨਾਂ ਨੂੰ ਝੋਨੇ ਦੀਆਂ ਵੱਖ ਵੱਖ ਕਿਸਮਾਂ ਦਾ ਬੀਜ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਫ਼ਸਰ ਖੇੜਾ ਜਸਵਿੰਦਰ ਸਿੰਘ ਵੱਲੋਂ ਖੇੜਾ ਬਲਾਕ ਦੇ ਪੈਸਟੀਸਾਈਡ ਡੀਲਰ ਐਸੋਸੀਏਸ਼ਨ ਨਾਲ ਤਾਲਮੇਲ ਕਰਨ ’ਤੇ ਐਸੋਸੀਏਸ਼ਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ/ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦਾ ਬੀਜ ਮੁਫਤ ਦੇਣ ਦਾ ਉਪਰਾਲਾ ਕੀਤਾ ਹੈ। ਲੋੜਵੰਦ ਕਿਸਾਨ ਝੋਨੇ ਦਾ ਬੀਜ ਮੁੱਖ ਖੇਤੀਬਾੜੀ ਅਫਸਰ ਦਫਤਰ, ਅੱਤੇਵਾਲੀ ਤੋਂ ਪ੍ਰਾਪਤ ਕਰ ਸਕਦੇ ਹਨ।

Advertisement

Advertisement
Tags :
Author Image

Advertisement
Advertisement
×