ਦੇਹਰਾਦੂਨ ਤੋਂ ਅੰਮ੍ਰਿਤਸਰ ਲਈ 6 ਤੋਂ ਸ਼ੁਰੂ ਹੋਵੇਗੀ ਉਡਾਣ
ਦੇਹਰਾਦੂਨ, 5 ਮਾਰਚ
ਕੇਂਦਰ ਸਰਕਾਰ ਨੇ ਦੇਹਰਾਦੂਨ ਤੋਂ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਉੱਤਰ ਪ੍ਰਦੇਸ਼ ਦੇ ਅਯੁੱਧਿਆ, ਵਾਰਾਨਸੀ ਅਤੇ ਪੰਜਾਬ ਦੇ ਅੰਮ੍ਰਿਤਸਰ ਲਈ ਉਡਾਣ ਸੰਚਾਲਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਤਿੰਨੋਂ ਸੇਵਾਵਾਂ 6 ਮਾਰਚ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਧਾਮੀ ਨੇ ਤਿੰਨੋਂ ਸੇਵਾਵਾਂ ਦੀ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ ਉਦਘਾਟਨ ਵਾਲੇ ਦਿਨ ਇੱਕ ਜਹਾਜ਼ ਦੇਹਰਾਦੂਨ ਤੋਂ ਅਯੁੱਧਿਆ ਲਈ ਸਵੇਰੇ 9.40 ਵਜੇ ਉਡਾਣ ਭਰੇਗਾ ਅਤੇ ਸਵੇਰੇ 11.30 ਵਜੇ ਅਯੁੱਧਿਆ ਪਹੁੰਚੇਗਾ। ਉਸੇ ਦਿਨ ਇੱਕ ਜਹਾਜ਼ ਅਯੁੱਧਿਆ ਤੋਂ ਬਾਅਦ ਦੁਪਹਿਰ 12.15 ’ਤੇ ਉਡਾਣ ਭਰੇਗਾ ਅਤੇ ਬਾਅਦ ਦੁਪਹਿਰ 1.55 ’ਤੇ ਦੇਹਰਾਦੂਨ ਪਹੁੰਚੇਗਾ। ਇਕ ਹੋਰ ਫਲਾਈਟ ਅੰਮ੍ਰਿਤਸਰ ਤੋਂ ਬਾਅਦ ਦੁਪਹਿਰ 1.10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਫਲਾਈਟ ਬਾਅਦ ਦੁਪਹਿਰ 1.35 ’ਤੇ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਬਾਅਦ ਦੁਪਹਿਰ 2.45 ’ਤੇ ਅੰਮ੍ਰਿਤਸਰ ਪਹੁੰਚੇਗੀ। ਪੰਤਨਗਰ ਦੇ ਰਸਤੇ ਵਾਰਾਨਸੀ ਲਈ ਹਵਾਈ ਸੇਵਾ ਵੀ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਯਾਤਰੀ ਜਹਾਜ਼ ਦੇਹਰਾਦੂਨ ਤੋਂ ਪੰਤਨਗਰ ਲਈ ਸਵੇਰੇ 9.50 ’ਤੇ ਉਡਾਣ ਭਰੇਗਾ ਅਤੇ ਸਵੇਰੇ 10.35 ’ਤੇ ਪੰਤਨਗਰ ਪਹੁੰਚੇਗਾ।