ਚੀਨੀ ਫ਼ੌਜ ਦੀਆਂ ਖ਼ਾਮੀਆਂ ਜੱਗ-ਜ਼ਾਹਿਰ
ਯੋਗੇਸ਼ ਗੁਪਤਾ
ਚੀਨ ਦੀ ਕਠਪੁਤਲੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐੱਨਪੀਸੀ) ਨੇ ਹਾਲ ਹੀ ਵਿਚ ਮੁਲਕ ਦੀ ਫ਼ੌਜ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੇ 9 ਜਰਨੈਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੌਮੀ ਵਿਧਾਨ ਮੰਡਲ ਤੋਂ ਬਰਤਰਫ਼ ਕਰ ਦਿੱਤਾ ਹੈ। ਇਹ ਜਨਰਲ ਹਨ- ਜ਼ਾਂਗ ਜ਼ੇਨਸ਼ੋਂਗ, ਜ਼ਾਂਗ ਯੂਲਿਨ, ਰਾਓ ਵੇਨਮਿਨ, ਜੂ ਸਿਨਚੁਨ, ਦਿੰਗ ਲਾਇਹੋਂਗ, ਲੂ ਹੋਂਗ, ਲੀ ਯੂਚਾਓ, ਲੀ ਚੁਆਨਗੁਆਂਗ ਅਤੇ ਜ਼ੂ ਯਾਨਿੰਗ। ਇਨ੍ਹਾਂ ਜਰਨੈਲਾਂ ਵਿਚੋਂ ਪੰਜ ਫ਼ੌਜ ਦੀ ਰਾਕੇਟ ਫੋਰਸ ਦੇ ਸਾਬਕਾ ਕਮਾਂਡਰ ਜਾਂ ਉਪ ਕਮਾਂਡਰ, ਇਕ ਹਵਾਈ ਫ਼ੌਜ ਦਾ ਸਾਬਕਾ ਮੁਖੀ ਅਤੇ ਇਕ ਸਮੁੰਦਰੀ ਫ਼ੌਜ ਦਾ ਸਾਬਕਾ ਕਮਾਂਡਰ ਸੀ ਜਿਹੜਾ ਬਹੁਤ ਹੀ ਤਣਾਅਪੂਰਨ ਦੱਖਣੀ ਚੀਨ ਸਾਗਰ ਖ਼ਿੱਤੇ ਦੀ ਸੁਰੱਖਿਆ ਦਾ ਜ਼ਿੰਮੇਵਾਰ ਸੀ। ਇਸ ਤੋਂ ਇਲਾਵਾ ਚੀਨ ਦੀ ਏਅਰੋਸਪੇਸ ਸਾਇੰਸ ਅਤੇ ਤਕਨਾਲੋਜੀ ਕਾਰਪੋਰੇਸ਼ਨ ਦੇ ਚੇਅਰਮੈਨ ਵੂ ਯਾਨਸ਼ੇਂਗ ਅਤੇ ਫ਼ੌਜੀ ਸਾਜ਼ੋ-ਸਾਮਾਨ ਦੇ ਪ੍ਰਮੁੱਖ ਨਿਰਮਾਤਾ ਨਾਰਿੰਕੋ ਗਰੁੱਪ ਦੇ ਚੇਅਰਮੈਨ ਲਿਊ ਸ਼ੀਕੁਆਨ ਨੂੰ ਵੀ ਲਾਂਭੇ ਕਰ ਦਿੱਤਾ ਗਿਆ ਹੈ।
ਰਾਕੇਟ ਫ਼ੋਰਸ ਤੋਂ ਹਟਾਏ ਗਏ ਜਰਨੈਲਾਂ ਦੇ ਸੰਪਰਕ ਬਰਤਰਫ਼ ਕੀਤੇ ਜਾ ਚੁੱਕੇ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨਾਲ ਦੱਸੇ ਜਾਂਦੇ ਹਨ ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਕਤੂਬਰ 2023 ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਰਾਕੇਟ ਫੋਰਸ ਦੇ ਮੁਖੀ ਰਹੇ ਸਾਬਕਾ ਰੱਖਿਆ ਮੰਤਰੀ ਵੇਈ ਫੇਂਗੇ ਨੂੰ ਵੀ ਬੀਤੇ ਅਗਸਤ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਅਹੁਦੇ ਤੋਂ ਲਾਹ ਦਿੱਤਾ ਗਿਆ। ਰੱਖਿਆ ਮੰਤਰੀ ਕਿਨ ਗਾਂਗ ਨੂੰ ਵੀ ਆਪਣੀ ਕਰੀਬੀ ਔਰਤ ਰਾਹੀਂ ਕੋਈ ਸੰਵੇਦਨਸ਼ੀਲ ਜਾਣਕਾਰੀ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਨੂੰ ਦੇਣ ਦੇ ਦੋਸ਼ ਹੇਠ ਜੁਲਾਈ ਵਿਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਐੱਨਪੀਸੀ ਵੱਲੋਂ ਚੀਨੀ ਸਦਰ ਸ਼ੀ ਜਿਨਪਿੰਗ ਦੇ ਕਰੀਬੀ ਵਫ਼ਾਦਾਰ ਜਨਰਲ ਦੋਂਗ ਜੁਨ ਨੂੰ ਨਵਾਂ ਰੱਖਿਆ ਮੰਤਰੀ ਥਾਪਿਆ ਗਿਆ ਹੈ।
ਬਰਤਰਫ਼ ਕੀਤੇ ਇਨ੍ਹਾਂ ਜਰਨੈਲਾਂ ਵਿਚੋਂ ਬਹੁਤੇ ਰੱਖਿਆ ਸਾਜ਼ੋ-ਸਾਮਾਨ ਦੀ ਖ਼ਰੀਦ ਕਰਨ ਵਾਲੇ ਵਿਭਾਗ ਵਿਚ ਕੰਮ ਕਰ ਚੁੱਕੇ ਸਨ। ਚੀਨੀ ਫ਼ੌਜ ਵਿਚ ਭ੍ਰਿਸ਼ਟਾਚਾਰ ਭਾਵੇਂ ਕੋਈ ਨਵੀਂ ਗੱਲ ਨਹੀਂ ਪਰ ਇੰਨੀ ਵੱਡੀ ਗਿਣਤੀ ਵਿਚ ‘ਦਾਗ਼ੀ’ ਸੀਨੀਅਰ ਅਫਸਰਾਂ ਨੂੰ ਬਰਖ਼ਾਸਤ ਕੀਤਾ ਜਾਣਾ ਉਨ੍ਹਾਂ ਦੀ ਚੋਣ ਅਤੇ ਸਾਜ਼ੋ-ਸਾਮਾਨ ਦੀ ਖ਼ਰੀਦ ਦੇ ਅਮਲ ਵਿਚਲੀਆਂ ਪ੍ਰਣਾਲੀਗਤ ਕਮੀਆਂ ਨੂੰ ਜੱਗ-ਜ਼ਾਹਿਰ ਕਰਦਾ ਹੈ। ਹਟਾਏ ਗਏ ਅਫਸਰਾਂ ਵਿਚੋਂ ਬਹੁਤਿਆਂ ਵੱਲੋਂ ਰਾਕੇਟ ਫੋਰਸ ਵਿਚ ਕੰਮ ਕੀਤਾ ਹੋਣ ਤੋਂ ਜ਼ਾਹਿਰ ਹੈ ਕਿ ਇਸ ਅਹਿਮ ਫੋਰਸ ਲਈ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਸਬੰਧੀ ਘੋਖ-ਪੜਤਾਲ ਵਿਚ ਵੀ ਖ਼ਾਮੀਆਂ ਸਨ। ਗ਼ੌਰਤਲਬ ਹੈ ਕਿ ਰਾਕੇਟ ਫੋਰਸ ਚੀਨ ਦੇ ਪਰਮਾਣੂ ਹਥਿਆਰਾਂ ਦੀ ਸਪੁਰਦਗੀ ਦਾ ਕੰਮ-ਕਾਜ ਦੇਖਦੀ ਹੈ। ਫ਼ੌਜ ਦੇ ਜਰਨੈਲਾਂ ਦੀ ਚੋਣ ਕਿਉਂਕਿ ਰਾਸ਼ਟਰਪਤੀ ਸ਼ੀ ਦੀ ਅਗਵਾਈ ਵਾਲੇ ਸੈਂਟਰਲ ਮਿਲਟਰੀ ਕਮਿਸ਼ਨ (ਸੀਐੱਮਸੀ) ਵੱਲੋਂ ਕੀਤੀ ਜਾਂਦੀ ਹੈ, ਇਸ ਕਾਰਨ ਜਰਨੈਲਾਂ ਦੇ ਸਮੁੱਚੇ ਭਰਤੀ ਅਮਲ ਵਿਚ ਵੀ ਭਾਰੀ ਖ਼ਾਮੀਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਦੀਆਂ ਨਿਯੁਕਤੀਆਂ ਉਨ੍ਹਾਂ ਦੇ ਕੰਮ ਜਾਂ ਖ਼ੁਦ ਸ਼ੀ ਨਾਲ ਜਾਣ-ਪਛਾਣ ਹੋਣ ਦੇ ਆਧਾਰ ਉਤੇ ਕੀਤੀਆਂ ਗਈਆਂ ਹੋਣ ਕਾਰਨ ਉਹ (ਸ਼ੀ) ਵੀ ਕਿਤੇ ਨਾ ਕਿਤੇ ਇਨ੍ਹਾਂ ਚੋਟੀ ਦੇ ਅਹੁਦਿਆਂ ਲਈ ਅਢੁਕਵੇਂ ਅਫ਼ਸਰਾਂ ਦੀ ਨਿਯੁਕਤੀ ਲਈ ਜ਼ਿੰਮੇਵਾਰ ਹਨ।
ਸ਼ੀ ਵੱਲੋਂ 2012 ਵਿਚ ਸੱਤਾ ਸੰਭਾਲੇ ਜਾਣ ਤੋਂ ਬਾਅਦ ਉਨ੍ਹਾਂ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਅਤੇ ਫ਼ੌਜ ਵਿਚੋਂ ਭ੍ਰਿਸ਼ਟ ਅਨਸਰਾਂ ਦੇ ਸਫ਼ਾਏ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਕੁਝ ਵਿਅਕਤੀਆਂ ਵਿਚ ਉਨ੍ਹਾਂ ਦੇ ਸਿਆਸੀ ਵਿਰੋਧੀ ਵੀ ਸ਼ਾਮਲ ਹਨ ਜੋ ਉਨ੍ਹਾਂ ਲਈ ਖ਼ਤਰਾ ਪੈਦਾ ਕਰਦੇ ਸਨ। ਇਕ ਰਿਪੋਰਟ ਮੁਤਾਬਕ 2023 ਤੱਕ ਸਿਖਰਲੇ 120 ਅਫਸਰਾਂ ਉਤੇ ਇਸ ਸਬੰਧੀ ਮੁਕੱਦਮੇ ਚਲਾਏ ਗਏ ਹਨ ਜਿਨ੍ਹਾਂ ਵਿਚ 58 ਫ਼ੌਜੀ ਜਰਨੈਲ ਸ਼ਾਮਲ ਹਨ। ਅਕਤੂਬਰ 2022 ਵਿਚ ਹੋਈ ਕਮਿਊਨਿਸਟ ਪਾਰਟੀ ਦੀ 20ਵੀਂ ਪਾਰਟੀ ਕਾਂਗਰਸ ਵਿਚ ਸ਼ੀ ਨੇ ਕਿਹਾ ਸੀ: “ਭ੍ਰਿਸ਼ਟਾਚਾਰ ਸਭ ਤੋਂ ਵੱਡਾ ਕੈਂਸਰ ਹੈ ਜਿਹੜਾ ਪਾਰਟੀ ਦੀ ਜਿਊਣ ਸ਼ਕਤੀ ਅਤੇ ਲੜਨ ਦੀ ਪ੍ਰਭਾਵਸ਼ੀਲਤਾ ਨੂੰ ਸੱਟ ਮਾਰਦਾ ਹੈ ਅਤੇ ਭ੍ਰਿਸ਼ਟਾਚਾਰ ਦਾ ਵਿਰੋਧ ਹੀ ਸਭ ਤੋਂ ਮੁਕੰਮਲ ਸਵੈ-ਕ੍ਰਾਂਤੀ ਹੈ।” ਸਰਕਾਰ ਨੇ ਫ਼ੌਜ ਵਿਚੋਂ ਸੀਨੀਅਰ ਅਫਸਰਾਂ ਦੀ ਛਾਂਟੀ ਉਤੇ ਕੋਈ ਟਿੱਪਣੀ ਨਹੀਂ ਕੀਤੀ, ਭਾਵੇਂ ਜੁਲਾਈ 2023 ਵਿਚ ਸ਼ੀ ਨੇ “ਹਥਿਆਰਬੰਦ ਫ਼ੌਜਾਂ ਵਿਚ ਸੁਧਾਰਾਂ ਨੂੰ ਡੂੰਘਾ ਕਰਨ ਅਤੇ ਫ਼ੌਜ ਦੇ ਰਣਨੀਤਕ ਪ੍ਰਬੰਧਨ ਵਿਚ ਸੁਧਾਰ ਲਿਆਉਣ” ਦਾ ਸੱਦਾ ਦਿੱਤਾ ਸੀ।
ਚੀਨੀ ਫ਼ੌਜ ਸੰਸਥਾਈ ਕੰਟਰੋਲ ਤੇ ਨਿਗਰਾਨੀ ਦੀ ਕਮੀ ਦਾ ਸ਼ਿਕਾਰ ਹੈ ਕਿਉਂਕਿ ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਉਤੇ ਕਿਸੇ ਤਰ੍ਹਾਂ ਦੀ ਕੋਈ ਵਿਧਾਨਕੀ ਨਕੇਲ ਨਹੀਂ ਹੈ। ਨਿਆਂ ਪਾਲਿਕਾ ਅਤੇ ਮੀਡੀਆ ਵਿਚ ਕਿਉਂਕਿ ਪਾਰਟੀ ਮੈਂਬਰ ਹਨ, ਇਸ ਕਾਰਨ ਵੀ ਖ਼ਰੀਦ ਪ੍ਰਕਿਰਿਆ ਜਾਂ ਸਿਸਟਮ ਦੀ ਕੋਈ ਆਜ਼ਾਦਾਨਾ ਨਿਰਖ-ਪਰਖ ਨਹੀਂ ਹੁੰਦੀ। ਸ਼ੀ ਨੇ ਜਿਵੇਂ ਜ਼ੋਰ ਦੇ ਕੇ ਕਿਹਾ ਹੈ ਕਿ ਫ਼ੌਜ ਨੇ ਪੂਰੀ ਤਰ੍ਹਾਂ ਕਮਿਊਨਿਸਟ ਪਾਰਟੀ ਪ੍ਰਤੀ ਅਤੇ ਉਨ੍ਹਾਂ (ਸ਼ੀ) ਨੂੰ ਨਿਜੀ ਤੌਰ ’ਤੇ ਜਵਾਬਦੇਹ ਹੋਣਾ ਚਾਹੀਦਾ ਹੈ, ਜ਼ਾਹਰ ਹੈ ਕਿ ਫ਼ੌਜ ਦੇ ਕੰਮ-ਕਾਜ ’ਤੇ ਉਸ ਤਰ੍ਹਾਂ ਦੀ ਕੋਈ ਆਜ਼ਾਦਾਨਾ ਨਿਗਰਾਨੀ ਨਹੀਂ ਜਿਹੜੀ ਸ਼ੀ ਤੋਂ ਪਹਿਲੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੌਰਾਨ ਹੁੰਦੀ ਸੀ। ਸ਼ੀ ਦੇ ਫ਼ੌਜ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰਨ ਦੇ ਚਾਹਵਾਨ ਹੋਣ ਕਾਰਨ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਦੇ ਬਾਕੀ ਮੈਂਬਰਾਂ ਤੱਕ ਦੀ ਵੀ ਫ਼ੌਜ ਦੇ ਮਾਮਲਿਆਂ ਉਤੇ ਕੋਈ ਨਿਗਰਾਨੀ ਨਹੀਂ ਹੈ। ਉਨ੍ਹਾਂ ਸੀਐੱਮਸੀ ਵਿਚ ਵੀ ਆਪਣੇ ਕਰੀਬੀ ਵਫ਼ਾਦਾਰਾਂ ਨੂੰ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਫ਼ੌਜ ਦੇ ਕੰਮ-ਕਾਜ ਬਾਰੇ ਉਨ੍ਹਾਂ ਦੀਆਂ ਹਦਾਇਤਾਂ ਦਾ ਸਹੀ ਤਰ੍ਹਾਂ ਪਾਲਣ ਹੋ ਸਕੇ।
ਚੀਨੀ ਫ਼ੌਜ ਵਿਚ ਜਾਰੀ ਵਿਆਪਕ ਭ੍ਰਿਸ਼ਟਾਚਾਰ ਅਤੇ ਜਰਨੈਲਾਂ ਨੂੰ ਬਰਤਰਫ਼ ਕੀਤੇ ਜਾਣ ਦੀ ਕਾਰਵਾਈ ਨੇ ਸ਼ੀ ਵੱਲੋਂ ਅਮਨ-ਅਮਾਨ ਦੇ ਦੌਰ ਦੌਰਾਨ ਵੀ ਵੱਡੇ ਪੱਧਰ ’ਤੇ ਫ਼ੌਜੀਕਰਨ ਕਰਦਿਆਂ ਅਰਬਾਂ ਡਾਲਰ ਖ਼ਰਚ ਕਰ ਕੇ ‘ਆਲਮੀ ਪੱਧਰ ਦੀ ਫ਼ੌਜ’ ਖੜ੍ਹੀ ਕਰਨ ਦੇ ਬਣਾਏ ਜਾ ਰਹੇ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਡਾਵਾਂਡੋਲ ਕੀਤਾ ਹੈ। ਇਹ ਵਿਆਪਕ ਭ੍ਰਿਸ਼ਟਾਚਾਰ ਫ਼ੌਜ ਦੀ ਲੜਨ ਦੀ ਤਾਕਤ ਅਤੇ ਨਾਲ ਹੀ ਤਾਇਵਾਨ ਦੇ ਮੁੱਦੇ ਉਤੇ ਅਮਰੀਕਾ ਨਾਲ ਹੋਣ ਵਾਲੇ ਕਿਸੇ ਵੀ ਗੰਭੀਰ ਟਕਰਾਅ ਵਿਚ ਟਿਕੇ ਰਹਿਣ ਦੀ ਇਸ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਕੁਝ ਵਿਸ਼ਲੇਸ਼ਕਾਂ ਨੇ ਵੀ ਇਨ੍ਹਾਂ ਜਰਨੈਲਾਂ ਵੱਲੋਂ ਤਾਇਨਾਤ ਕੀਤੀਆਂ ਗਈਆਂ ਹਥਿਆਰ ਪ੍ਰਣਾਲੀਆਂ ਦੇ ਮਿਆਰ ਤੇ ਮਾਰੂ ਸਮਰੱਥਾ ਉਤੇ ਅਜਿਹੇ ਹੀ ਸ਼ੱਕ ਜ਼ਾਹਿਰ ਕੀਤੇ ਹਨ।
ਇਨ੍ਹਾਂ ਬਰਤਰਫ਼ੀਆਂ ਕਾਰਨ ਫ਼ੌਜ ਦੇ ਹੇਠਲੇ ਦਰਜੇ ਦੇ ਅਫਸਰਾਂ ਦੇ ਹੌਸਲੇ ਉਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਨ੍ਹਾਂ ਅਫਸਰਾਂ ਦੀ ਥਾਂ ਕਿਉਂਕਿ ਹੋਰਨਾਂ ਯੂਨਿਟਾਂ ਦੇ ਕਮਾਂਡਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਖੇਤਰ/ਵਿਸ਼ੇ ਸਬੰਧੀ ਮੁਹਾਰਤ ਦੀ ਥਾਂ ਵਫ਼ਾਦਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਇਸ ਨਾਲ ਫ਼ੌਜ ਦੀਆਂ ਪੇਸ਼ੇਵਰ ਸਮਰੱਥਾਵਾਂ ਵੀ ਕਮਜ਼ੋਰ ਪੈਣਗੀਆਂ। ਭ੍ਰਿਸ਼ਟਾਚਾਰ ਦੇ ਘਪਲਿਆਂ ਕਾਰਨ ਖ਼ੁਦ ਸ਼ੀ ਸਮੇਤ ਚੋਟੀ ਦੀ ਲੀਡਰਸ਼ਿਪ ਸਬੰਧੀ ਮੁਲਕ ਵਿਚ ਅੰਦਰੂਨੀ ਤੌਰ ’ਤੇ ਸ਼ੱਕ ਵਿਚ ਵੀ ਇਜ਼ਾਫ਼ਾ ਹੋਵੇਗਾ ਅਤੇ ਨਾਲ ਹੀ ਇਸ ਦਾ ਸ਼ੀ ਦੇ ਸੁਰੱਖਿਆ ਬਲਾਂ ਤੇ ਅਗਾਂਹ ਆਮ ਲੋਕਾਂ ਉਤੇ ਵੀ ਵਡੇਰੇ ਪੱਧਰ ’ਤੇ ਕੰਟਰੋਲ ਉਤੇ ਅਸਰ ਪਵੇਗਾ। ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ, ਗਿਆਨ ਅਤੇ ਨਾਲ ਹੀ ਲੀਡਰਸ਼ਿਪ ਮੁਹਾਰਤ ਨੂੰ ਵੀ ਵਧੇਰੇ ਚੁਣੌਤੀਆਂ ਮਿਲਣਗੀਆਂ ਕਿਉਂਕਿ ਚੀਨੀ ਅਰਥਚਾਰਾ ਵੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਰਿਹਾ ਖ਼ਾਸਕਰ ਰਿਐਲਿਟੀ ਸੈਕਟਰ (ਜਿਸ ਵਿਚ ਮੱਧ ਵਰਗ ਵੱਲੋਂ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ) ਬਿਮਾਰ ਚੱਲ ਰਿਹਾ ਹੈ, ਵਿਦੇਸ਼ੀ ਤੇ ਘਰੇਲੂ ਪ੍ਰਾਈਵੇਟ ਨਿਵੇਸ਼ ਵਿਚ ਗਿਰਾਵਟ ਆਈ ਹੈ, ਘਰੇਲੂ ਖ਼ਪਤ ਵੀ ਘਟੀ ਹੈ ਅਤੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਖ਼ਾਸਕਰ ਨੌਜਵਾਨ ਵਰਗ ਇਸ ਦਾ ਕਾਫ਼ੀ ਸ਼ਿਕਾਰ ਹੈ।
ਸ਼ੀ ਇਹ ਗੱਲ ਜਾਣਦੇ ਹਨ ਕਿ ਉਨ੍ਹਾਂ ਲਈ ਸਾਰੇ ਕਾਸੇ ਉਤੇ ਕੰਟਰੋਲ ਕਰਨ ਤੋਂ ਪਹਿਲਾਂ ਫ਼ੌਜ ਉਤੇ ਕੰਟਰੋਲ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਫ਼ੌਰੀ ਤੌਰ ’ਤੇ ਸਾਰੀ ਤਵੱਜੋ ਫ਼ੌਜ ਦੀਆਂ ਲੜਨ ਸਬੰਧੀ ਸਮਰੱਥਾਵਾਂ ਵਿਚ ਇਜ਼ਾਫ਼ਾ ਕਰਨ ਜਾਂ ਵਿਦੇਸ਼ੀ ਮੁਲਕਾਂ ਨਾਲ ਜੰਗਾਂ ਜਿੱਤਣ ਨਾਲੋਂ ਫ਼ੌਜ ਦੀ ਮੁਕੰਮਲ ਵਫ਼ਾਦਾਰੀ ਜਿੱਤਣ ਨੂੰ ਦਿੱਤੀ ਹੋਈ ਹੈ। ਪਾਰਟੀ ਦੇ ਸਾਬਕਾ ਆਗੂਆਂ, ਪਾਰਟੀ ਦੇ ਵੱਖੋ-ਵੱਖ ਅਹੁਦੇਦਾਰਾਂ, ਫ਼ੌਜ, ਕਾਰੋਬਾਰ, ਸਨਅਤ ਅਤੇ ਪੇਸ਼ੇਵਰਾਂ ਵਿਚ ਉਨ੍ਹਾਂ ਦੀਆਂ ਨੀਤੀਆਂ ਪ੍ਰਤੀ ਪਾਈ ਜਾ ਰਹੀ ਨਿੱਗਰ ਅਸੰਤੁਸ਼ਟੀ ਦੇ ਮੱਦੇਨਜ਼ਰ ਉਹ ਫ਼ੌਜ ਉਤੇ ਆਪਣੀ ਪਕੜ ਢਿੱਲੀ ਪੈਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ਚੀਨੀ ਹਥਿਆਰਬੰਦ ਫ਼ੌਜਾਂ ਦੇ ਸਿਆਸੀ ਸੁਭਾਅ, ਇਸ ਦੇ ਇਕ-ਪੁਰਖੀ ਕੰਟਰੋਲ ਅਤੇ ਜਥੇਬੰਦਕ ਢਾਂਚੇ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਢਾਂਚੇ ਵਿਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਖ਼ਾਤਮਾ ਨਹੀਂ ਕੀਤਾ ਜਾ ਸਕਦਾ। ਇਸ ਨੂੰ ਜਿੰਨਾ ਘਟਾਇਆ ਜਾ ਸਕੇ ਉਹੀ ਚੰਗਾ ਹੈ। ਆਪਣੀਆਂ ਕਮਜ਼ੋਰੀਆਂ ਨੂੰ ਸਮਝਦਿਆਂ ਸ਼ੀ ਨੇ ਅਮਰੀਕਾ ਖ਼ਿਲਾਫ਼ ਆਪਣੀ ਆਕੜ ਨੂੰ ਕੁਝ ਘਟਾਇਆ ਹੈ ਅਤੇ ਉਹ ਕੁਝ ਵਿਵਾਦਮਈ ਮੁੱਦਿਆਂ ਉਤੇ ਵਾਸ਼ਿੰਗਟਨ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋਏ ਹਨ ਤਾਂ ਕਿ ਉਹ ਇਹ ਔਖਾ ਵਕਤ ਲੰਘਾ ਲੈਣ ਅਤੇ ਨਾਲ ਹੀ ਆਪਣੀਆਂ ਘਰੇਲੂ ਸਮੱਸਿਆਵਾਂ ਦਾ ਨਬਿੇੜਾ ਕਰ ਸਕਣ।
*ਲੇਖਕ ਸਾਬਕਾ ਰਾਜਦੂਤ ਹੈ।