ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਵਿੱਚ ‘ਪਾਲ਼ੇ’ ਬਦਲਣ ਵਾਲਿਆਂ ਦੀ ਝੰਡੀ

06:57 AM May 02, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 1 ਮਈ
ਲੋਕ ਸਭਾ ਚੋਣਾਂ ਦੇ ਪਿੜ ਵਿੱਚ 45 ਫ਼ੀਸਦੀ ਉਮੀਦਵਾਰ ਦਲ-ਬਦਲੂ ਹਨ। ਪ੍ਰਮੁੱਖ ਚਾਰ ਸਿਆਸੀ ਧਿਰਾਂ ਨੇ ਹੁਣ ਤੱਕ ਪੰਜਾਬ ਵਿਚ 47 ਉਮੀਦਵਾਰ ਐਲਾਨੇ ਹਨ ਜਿਨ੍ਹਾਂ ’ਚੋਂ 21 ਉਮੀਦਵਾਰਾਂ ਦੀ ਮਾਂ ਪਾਰਟੀ ਪਹਿਲਾਂ ਕੋਈ ਹੋਰ ਰਹੀ ਹੈ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਭਾਜਪਾ ਨੇ ਚਾਰ ਹਲਕਿਆਂ ’ਚ ਹਾਲੇ ਉਮੀਦਵਾਰ ਨਹੀਂ ਉਤਾਰੇ। ਕਾਂਗਰਸ ਨੇ ਫਿਰੋਜ਼ਪੁਰ ਹਲਕੇ ਨੂੰ ਛੱਡ ਕੇ ਬਾਕੀ 12 ਉਮੀਦਵਾਰ ਐਲਾਨ ਦਿੱਤੇ ਹਨ।
ਪੰਜਾਬ ’ਚ ਪਹਿਲੀ ਵਾਰ ਵੱਡੀ ਪੱਧਰ ’ਤੇ ਦਲ ਬਦਲੂ ਉਮੀਦਵਾਰ ਬਣੇ ਹਨ ਜਿਨ੍ਹਾਂ ਨੇ ਵੋਟਰਾਂ ’ਚ ਵੀ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਜਲੰਧਰ ਸੰਸਦੀ ਹਲਕੇ ਦੀ ਇਸ ਮਾਮਲੇ ’ਚ ਝੰਡੀ ਜਾਪਦੀ ਹੈ ਜਿੱਥੇ ਭਾਜਪਾ ਦੇ ਸੁਸ਼ੀਲ ਰਿੰਕੂ ਉਮੀਦਵਾਰ ਹਨ। ਰਿੰਕੂ ਪਹਿਲਾਂ ਕਾਂਗਰਸੀ ਟਿਕਟ ’ਤੇ ਵਿਧਾਇਕ ਸਨ ਅਤੇ ਫਿਰ ਜ਼ਿਮਨੀ ਚੋਣ ਉਨ੍ਹਾਂ ‘ਆਪ’ ਉਮੀਦਵਾਰ ਵਜੋਂ ਲੜੀ। ਮੌਜੂਦਾ ਚੋਣ ਉਹ ‘ਕਮਲ’ ਦੇ ਨਿਸ਼ਾਨ ਤੋਂ ਲੜ ਰਹੇ ਹਨ। ‘ਆਪ’ ਉਮੀਦਵਾਰ ਪਵਨ ਟੀਨੂੰ ਪਹਿਲਾਂ ਬਸਪਾ ਵਿੱਚ ਸਨ। ਫਿਰ ਅਕਾਲੀ ਦਲ ਤਰਫ਼ੋਂ ਦੋ ਵਾਰ ਵਿਧਾਇਕ ਬਣੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਪੂਰੀ ਜ਼ਿੰਦਗੀ ਕਾਂਗਰਸ ਵਿਚ ਕੱਢ ਦਿੱਤੀ। ਆਖ਼ਰੀ ਪੜਾਅ ’ਤੇ ਦਲ ਬਦਲ ਕੇ ‘ਤੱਕੜੀ’ ਦਾ ਪੱਲਾ ਫੜ ਲਿਆ। ਸੰਗਰੂਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਪਹਿਲਾਂ ਕਾਂਗਰਸੀ ਸਨ। ਫਿਰ ਉਹ ‘ਆਪ’ ਵਿਚ ਸ਼ਾਮਲ ਹੋ ਗਏ। 2019 ਦੀਆਂ ਲੋਕ ਸਭਾ ਚੋਣਾਂ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ। ਅਖ਼ੀਰ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ। ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੇ ਪਹਿਲੀ ਲੋਕ ਸਭਾ ਚੋਣ ‘ਝਾੜੂ’ ਚੋਣ ਨਿਸ਼ਾਨ ’ਤੇ ਲੜੀ ਸੀ ਅਤੇ ਫਿਰ ਆਪਣੀ ਵੱਖਰੀ ਪਾਰਟੀ ਬਣਾ ਲਈ। ਹੁਣ ਉਹ ਕਾਂਗਰਸ ਵੱਲੋਂ ਮੈਦਾਨ ਵਿੱਚ ਹਨ। ਚਾਰ ਵਾਰ ਕਾਂਗਰਸੀ ਸੰਸਦ ਮੈਂਬਰ ਰਹਿ ਚੁੱਕੇ ਪ੍ਰਨੀਤ ਕੌਰ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਹਨ।
ਲੁਧਿਆਣਾ ਹਲਕੇ ਤੋਂ ਰਵਨੀਤ ਬਿੱਟੂ ਹੁਣ ਭਾਜਪਾ ਉਮੀਦਵਾਰ ਹਨ। ਉਹ ਕਾਂਗਰਸ ਦੀ ਟਿਕਟ ’ਤੇ ਤਿੰਨ ਵਾਰ ਸੰਸਦ ਮੈਂਬਰ ਬਣੇ ਹਨ। ਉਨ੍ਹਾਂ ਦੀ ਦਲ ਬਦਲੀ ਦੇ ਕਾਰਨਾਂ ਦਾ ਭੇਤ ਬਰਕਰਾਰ ਹੈ। ਲੁਧਿਆਣਾ ਤੋਂ ‘ਆਪ’ ਦਾ ਉਮੀਦਵਾਰ ਅਸ਼ੋਕ ਪਰਾਸ਼ਰ ਵੀ ਪਹਿਲਾਂ ਕਾਂਗਰਸ ਦਾ ਜਨਰਲ ਸਕੱਤਰ ਹੁੰਦਾ ਸੀ। ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਕਾਂਗਰਸ ਤਰਫ਼ੋਂ ਵਿਧਾਇਕ ਰਹਿ ਚੁੱਕਾ ਹੈ। ਖਡੂਰ ਸਾਹਿਬ ਤੋਂ ਭਾਜਪਾ ਦਾ ਉਮੀਦਵਾਰ ਮਨਜੀਤ ਸਿੰਘ ਮੰਨਾ ਅਕਾਲੀ ਦਲ ਤਰਫ਼ੋਂ ਤਿੰਨ ਵਾਰ ਵਿਧਾਇਕ ਰਹਿ ਚੁੱਕਾ ਹੈ ਜਦੋਂਕਿ ‘ਆਪ’ ਦਾ ਲਾਲਜੀਤ ਭੁੱਲਰ ਪਹਿਲਾ ਕਾਂਗਰਸ ਅਤੇ ਅਕਾਲੀ ਦਲ ਵਿਚ ਵੀ ਕੰਮ ਕਰ ਚੁੱਕਾ ਹੈ। ਅੰਮ੍ਰਿਤਸਰ ਹਲਕੇ ਤੋਂ ਅਕਾਲੀ ਉਮੀਦਵਾਰ ਅਨਿਲ ਜੋਸ਼ੀ ਪਹਿਲਾਂ ਭਾਜਪਾ ਵਿਚ ਸਨ ਅਤੇ ਇਸੇ ਤਰ੍ਹਾਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੀ ਪਹਿਲਾਂ ਕਾਂਗਰਸ ਵਿਚ ਸੀ। ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ’ਚੋਂ ਆਏ ਹਨ ਜਦੋਂਕਿ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ‘ਆਪ’ ’ਚੋਂ ਆਏ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਪਹਿਲਾਂ ਭਾਜਪਾ ਵਿਚ ਹੁੰਦੇ ਸਨ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੀ ਪਹਿਲਾਂ ਅਕਾਲੀ ਦਲ ਵਿੱਚ ਰਹੇ ਅਤੇ ਫਿਰ ਆਜ਼ਾਦ ਤੌਰ ’ਤੇ ਚੋਣ ਜਿੱਤੀ। ਬਾਅਦ ਵਿੱਚ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਫਿਰ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਹੁਣ ਉਹ ਮੁੜ ਕਾਂਗਰਸ ਵਿਚ ਪਰਤ ਆਏ ਹਨ। ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੀ ਅਕਾਲੀ ਪਰਿਵਾਰ ’ਚੋਂ ਹੀ ਆਏ ਹਨ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਕਾਂਗਰਸ ਵਿਚ ਹੁੰਦੇ ਸਨ।
ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਚੁੱਕੇ ਹਨ। ਇੱਥੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਰਹੇ ਹਨ। ਦੇਖਣਾ ਹੋਵੇਗਾ ਕਿ ਪੰਜ ਐਲਾਨੇ ਜਾਣ ਵਾਲੇ ਉਮੀਦਵਾਰ ਟਕਸਾਲੀ ਆਉਂਦੇ ਹਨ ਜਾਂ ਫਿਰ ਦਲ ਬਦਲੂ। ਇਹ ਵੀ ਦਿਲਚਸਪ ਹੋਵੇਗਾ ਕਿ ਪੰਜਾਬ ਦੇ ਲੋਕ ਦਲ ਬਦਲੂ ਉਮੀਦਵਾਰਾਂ ਨੂੰ ਮੂੰਹ ਲਾਉਂਦੇ ਹਨ ਜਾਂ ਨਹੀਂ।

Advertisement

ਗੁਰਦਾਸਪੁਰ ਦੇ ਰੰਗ ਟਕਸਾਲੀ

ਪੰਜਾਬ ’ਚੋਂ ਇਕੱਲਾ ਗੁਰਦਾਸਪੁਰ ਲੋਕ ਸਭਾ ਹਲਕਾ ਹੈ ਜਿੱਥੇ ਚਾਰੋ ਉਮੀਦਵਾਰ ਟਕਸਾਲੀ ਹਨ। ਇੱਥੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਹਨ ਅਤੇ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ਹਨ। ਇਸੇ ਤਰ੍ਹਾਂ ਭਾਜਪਾ ਦੇ ਦਿਨੇਸ਼ ਬੱਬੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਚੋਣ ਮੈਦਾਨ ਵਿਚ ਹਨ। ਪੰਜਾਬ ਦੇ ਬਾਕੀ ਹਲਕਿਆਂ ਵਿਚ ਪ੍ਰਮੁੱਖ ਪਾਰਟੀਆਂ ਦੇ ਨਿਰੋਲ ਟਕਸਾਲੀ ਆਗੂ ਨਹੀਂ ਹਨ।

Advertisement
Advertisement
Advertisement