ਸੋਲੋ ਡਾਂਸ ਮੁਕਾਬਲੇ ’ਚ ਸਨੌਰ ਸਕੂਲ ਦੀ ਝੰਡੀ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤੰਬਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੌਰ ਨੇ ਸੋਲੋ ਡਾਂਸ ਮੁਕਾਬਲੇ (ਆਂਧਰਾ ਪ੍ਰਦੇਸ਼) ਕਲਾਸ ਗਰੁੱਪ ਵਿਚੋਂ ਜ਼ਿਲ੍ਹਾ ਪਟਿਆਲਾ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੋਲੋ ਡਾਂਸ ਮੁਕਾਬਲੇ ਦੇ ਦੋਵੇਂ ਗਰੁੱਪਾਂ ’ਚੋਂ ਮੋਹਰੀ ਰਹੀਆਂ ਸਨੌਰ ਸਕੂਲ ਦੀਆਂ ਦੋਵੇਂ ਵਿਦਿਆਰਥਣਾਂ ਹੁਣ ਸੂਬਾ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੀਆਂ। ਸਕੂਲ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿੱਚ ਕਰਵਾਏ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੌਰ ਦੀਆਂ ਦੋ ਵਿਦਿਆਰਥਣਾਂ ਨੇ ਭਾਗ ਲਿਆ। ਛੇਵੀਂ ਤੋਂ ਅੱਠਵੀਂ ਕਲਾਸ ਗਰੁੱਪ ਵਿੱਚ ਰਮਨਜੀਤ ਕੌਰ ਸੱਤਵੀਂ-ਏ ਅਤੇ ਨੌਂਵੀਂ ਤੋਂ ਬਾਰ੍ਹਵੀਂ ਕਲਾਸ ਗਰੁੱਪ ਵਿਚੋਂ ਮਨਜੋਤ ਕੌਰ ਦਸਵੀਂ-ਬੀ ਨੇ ਜ਼ਿਲ੍ਹਾ ਪਟਿਆਲਾ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਡਾ. ਕਰਮਜੀਤ ਕੌਰ ਤੇ ਸਕੂਲ ਸਟਾਫ਼ ਵਲੋਂ ਦੋਵੇਂ ਵਿਦਿਆਰਥਣਾਂ ਤੋਂ ਇਲਾਵਾ ਦੋਵੇਂ ਗਾਈਡ ਅਧਿਆਪਕਾਂ ਨਵਕੀਰਤ ਕੌਰ ਅਤੇ ਸੰਦੀਪ ਕੌਰ ਨੂੰ ਵਧਾਈ ਦਿੱਤੀ ਗਈ। ਸਕੂਲ ਪੁੱਜਣ ’ਤੇ ਵਿਦਿਆਰਥਣਾਂ ਰਮਨਜੀਤ ਕੌਰ ਅਤੇ ਮਨਜੋਤ ਕੌਰ ਅਤੇ ਦੋਵੇਂ ਗਾਈਡ ਅਧਿਆਪਕਾਂ ਦਾ ਭਰਵਾਂ ਸਵਾਗਤ ਕੀਤਾ ਗਿਆ।