ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ਾਂ ’ਚ ਵੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਬੁਲੰਦ

08:12 AM Feb 07, 2024 IST

ਪ੍ਰਿੰਸੀਪਲ ਵਿਜੈ ਕੁਮਾਰ
Advertisement

ਪੰਜਾਬੀ ਬੰਦਾ ਭਾਵੇਂ ਆਪਣੀ ਜੰਮਣ ਭੋਇੰ ਛੱਡ ਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਸਦਾ ਲਈ ਉੱਥੋਂ ਦਾ ਵਸਨੀਕ ਬਣ ਜਾਵੇ, ਜ਼ਿੰਦਗੀ ਜਿਊਣ ਲਈ ਉਸ ਦੇਸ਼ ਦੀ ਭਾਸ਼ਾ ਸਿੱਖ ਲਵੇ ਤੇ ਉੱਥੋਂ ਦੇ ਰੰਗ ਢੰਗ ਵਿੱਚ ਢਲ ਜਾਵੇ ਪਰ ਉਹ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਕਦੇ ਵੀ ਨਹੀਂ ਵਿਸਾਰਦਾ। ਮਾਂ ਬੋਲੀ ਅਤੇ ਸੱਭਿਆਚਾਰ ਮਨੁੱਖੀ ਜ਼ਿੰਦਗੀ ਦੇ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੱਕ ਚੱਲਣ ਵਾਲੀ ਪ੍ਰਕਿਰਿਆ ਹੈ। ਭਾਵੇਂ ਹਰ ਦੇਸ਼ ਅਤੇ ਕੌਮ ਦੀ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਆਪਣਾ ਮਹਤੱਵ ਹੈ ਪਰ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਆਪਣੀ ਵਿਲੱਖਣ ਪਹਿਚਾਣ, ਖੁਸ਼ਬੋ ਅਤੇ ਸ਼ੋਭਾ ਹੈ। ਪੰਜਾਬੀ ਲੋਕ ਜਿਸ ਥਾਂ ਵੀ ਜਾ ਕੇ ਵੱਸ ਜਾਣ, ਉਹ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਦਾ ਝੰਡਾ ਬੁਲੰਦ ਕਰ ਦਿੰਦੇ ਹਨ। ਉੱਥੋਂ ਦੇ ਲੋਕਾਂ ਨੂੰ ਆਪਣੇ ਰਹਿਣ ਸਹਿਣ, ਸੁਭਾਅ ਅਤੇ ਵਿਚਰਨ ਦੇ ਢੰਗ ਨਾਲ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਦੇ ਰੰਗ ਢੰਗ ’ਚ ਰੰਗ ਲੈਂਦੇ ਹਨ।
ਅਜੋਕੇ ਦੌਰ ’ਚ ਪੰਜਾਬੀ ਲੋਕ ਰੁਜ਼ਗਾਰ ਦੇ ਸਿਲਸਿਲੇ ’ਚ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਵਸੇ ਹੋਏ ਹਨ। ਦੁਨੀਆ ਦੇ ਜਿਸ ਦੇਸ਼ ਵਿੱਚ ਵੀ ਪੰਜਾਬੀ ਵਸਦੇ ਹਨ, ਉਸ ਦੇਸ਼ ਵਿੱਚ ਹੀ ਪੰਜਾਬੀ ਅਤੇ ਪੰਜਾਬੀਅਤ ਲੋਕਾਂ ਦੇ ਹਰਮਨ ਪਿਆਰੇ ਹੋ ਜਾਂਦੇ ਹਨ। ਸਾਡੀ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦਾ ਦੁਨੀਆ ਭਰ ਵਿੱਚ ਪ੍ਰਚਾਰ ਤੇ ਪਸਾਰ ਇਸ ਲਈ ਹੋ ਰਿਹਾ ਹੈ ਕਿਉਂਕਿ ਪੰਜਾਬੀ ਲੋਕ ਆਪਣੀ ਮਾਂ ਬੋਲੀ ਤੇ ਆਪਣੇ ਸੱਭਿਆਚਾਰ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ ਤੇ ਇਨ੍ਹਾਂ ਨੂੰ ਫੈਲਾਉਣ ਲਈ ਭਰਪੂਰ ਯਤਨ ਵੀ ਕਰਦੇ ਰਹਿੰਦੇ ਹਨ। ਇਹ ਪੰਜਾਬੀਆਂ ਦੇ ਹੀ ਸ਼ਲਾਘਾਯੋਗ ਯਤਨ ਹਨ ਕਿ ਅੱਜ ਪੰਜਾਬੀ ਭਾਸ਼ਾ ਦੁਨੀਆ ਦੇ ਪੱਛਮੀ ਦੇਸ਼ਾਂ ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਹੋਰ ਦੇਸ਼ਾਂ ਦੇ ਸਕੂਲਾਂ ’ਚ ਤੀਜੀ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੈ। ਇਹ ਸਾਡੇ ਪੰਜਾਬੀ ਲੋਕਾਂ ਦੇ ਹੀ ਉਪਰਾਲੇ ਹਨ ਕਿ ਉਹ ਦੁਨੀਆ ਦੇ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ’ਚ ਲੋਕਾਂ ਦੇ ਨੁਮਾਇੰਦੇ ਹਨ। ਪੰਜਾਬੀ ਅਤੇ ਪੰਜਾਬੀਅਤ ਲਈ ਇਹ ਕਿੰਨੇ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੀ ਸੰਸਦ ’ਚ ਪੰਜਾਬੀ ਭਾਸ਼ਾ ਵਿੱਚ ਅਰਦਾਸ ਕੀਤੀ ਜਾਂਦੀ ਹੈ।
ਵਿਦੇਸ਼ਾਂ ’ਚ ਵਸਦੇ ਪੰਜਾਬੀ ਪੰਜਾਬ ਵਾਂਗ ਹੀ ਲੋਹੜੀ, ਦੀਵਾਲੀ, ਰੱਖੜੀ, ਤੀਆਂ, ਭਾਈ ਦੂਜ, ਵਿਸਾਖੀ, ਹੌਲੀ ਅਤੇ ਹੋਰ ਤਿਓਹਾਰਾਂ ਉੱਤੇ ਮਿਲ ਕੇ ਰੌਣਕਾਂ ਲਗਾਉਂਦੇ ਹਨ। ਦੁਨੀਆ ਦੇ ਜਿਸ ਵੀ ਮੁਲਕ ਵਿੱਚ ਪੰਜਾਬੀ ਵਸਦੇ ਹਨ, ਉਸ ਦੇਸ਼ ਵਿੱਚ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਲੰਗਰ ਦਾ ਪ੍ਰਬੰਧ ਜ਼ਰੂਰ ਹੁੰਦਾ ਹੈ। ਪੰਜਾਬੀ ਪੰਜਾਬ ਵਾਂਗ ਹੀ ਹਰ ਗੁਰਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਪੰਜਾਬੀਆਂ ਨੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਖਾਲਸਾ ਸਕੂਲ ਖੋਲ੍ਹੇ ਹੋਏ ਹਨ। ਉਹ ਆਪਣੇ ਘਰਾਂ ’ਚ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲਬਾਤ ਕਰਦੇ ਹਨ। ਸਕੂਲਾਂ ਅਤੇ ਗੁਰਦੁਆਰਾ ਸਾਹਿਬ ਵਿੱਚ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਭਾਸ਼ਣ, ਕਵਿਤਾ, ਸੁੰਦਰ ਲਿਖਾਈ, ਕੁਇਜ਼, ਗੁਰਬਾਣੀ ਉਚਾਰਣ, ਦਸਤਾਰਬੰਦੀ ਅਤੇ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਵਿੱਚ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਵਿਸ਼ੇਸ਼ ਦਿਨਾਂ ਉੱਤੇ ਸਿੱਖ ਵਿਦਵਾਨਾਂ ਦੇ ਲੈਕਚਰ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ। ਵਿਆਹ ਸ਼ਾਦੀਆਂ ਪੰਜਾਬੀ ਰੀਤੀ ਰਿਵਾਜ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀਆਂ ਜਾਂਦੀਆਂ ਹਨ। ਜਾਗੋ ਕੱਢੀ ਜਾਂਦੀ ਹੈ। ਵਿਆਹ ਸ਼ਾਦੀਆਂ ’ਚ ਪੰਜਾਬੀ ਗੀਤ ਗਾਏ ਜਾਂਦੇ ਹਨ। ਗਿੱਧੇ-ਭੰਗੜੇ ਪਾਏ ਜਾਂਦੇ ਹਨ। ਗੱਡੀਆਂ ਵਿੱਚ ਪੰਜਾਬੀ ਗਾਣੇ ਵੱਜਦੇ ਹਨ।

ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਆਪਣੀਆਂ ਸਾਹਿਤ ਸਭਾਵਾਂ ਬਣਾਈਆਂ ਹੋਈਆਂ ਹਨ। ਉਹ ਸਾਹਿਤ ਸਭਾਵਾਂ ਪੰਜਾਬੀ ਲੇਖਕਾਂ, ਕਵੀਆਂ, ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਬੁਲਾ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ, ਸੈਮੀਨਾਰ, ਕਵੀ, ਗ਼ਜ਼ਲ, ਢਾਡੀ ਦਰਬਾਰ ਅਤੇ ਸਾਹਿਤਕ ਮੇਲੇ ਕਰਵਾਉਂਦੀਆਂ ਹਨ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਹਨ। ਪ੍ਰਸਿੱਧ ਪੰਜਾਬੀ ਗਾਇਕਾਂ ਨੂੰ ਬੁਲਾ ਕੇ ਸ਼ੋਅ ਕਰਵਾਏ ਜਾਂਦੇ ਹਨ। ਵਿਦੇਸ਼ਾਂ ਵਿੱਚ ਬੈਠੇ ਅਨੇਕਾਂ ਪੰਜਾਬੀ ਲੇਖਕ ਹਰ ਇੱਕ ਵਿਧਾ ਦੀਆਂ ਪੁਸਤਕਾਂ ਦੀ ਰਚਨਾ ਕਰਦੇ ਹਨ। ਸਾਹਿਤਕ ਸਭਾਵਾਂ ਉਨ੍ਹਾਂ ਪੁਸਤਕਾਂ ਉੱਤੇ ਗੋਸ਼ਠੀਆਂ ਕਰਵਾ ਕੇ ਉਨ੍ਹਾਂ ਦੀ ਘੁੰਡ ਚੁਕਾਈ ਕਰਦੀਆਂ ਹਨ। ਵਿਦੇਸ਼ਾਂ ’ਚ ਬੈਠੇ ਅਨੇਕਾਂ ਪੰਜਾਬੀ ਭਾਸ਼ਾ ਪ੍ਰੇਮੀ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨ ਕੱਢਦੇ ਹਨ। ਵਿਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚ ਅਨੇਕਾਂ ਪ੍ਰਸਿੱਧ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਪਈਆਂ ਹਨ ਅਤੇ ਪੰਜਾਬੀ ਸਾਹਿਤ ਪ੍ਰੇਮੀ ਉਨ੍ਹਾਂ ਪੁਸਤਕਾਂ ਨੂੰ ਲਾਇਬ੍ਰੇਰੀਆਂ ਵਿੱਚੋਂ ਕਢਵਾ ਕੇ ਪੜ੍ਹਦੇ ਵੀ ਹਨ। ਵਿਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚ ਪੰਜਾਬੀ ਲੋਕਾਂ ਦੀ ਮੰਗ ’ਤੇ ਪੰਜਾਬੀ ਅਖ਼ਬਾਰਾਂ ਵੀ ਮੰਗਵੀਆਂ ਜਾਂਦੀਆਂ ਹਨ।
ਅਨੇਕਾਂ ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤਕ ਸਮਾਗਮਾਂ ਲਈ ਪੰਜਾਬੀ ਭਵਨ ਵੀ ਬਣੇ ਹੋਏ ਹਨ। ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੰਜਾਬੀ ਵਿਭਾਗ ਵੀ ਖੁੱਲ੍ਹੇ ਹੋਏ ਹਨ ਅਤੇ ਬੱਚੇ ਪੰਜਾਬੀ ਵਿਸ਼ੇ ਵਿੱਚ ਖੋਜ ਕਰਦੇ ਹਨ। ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦੇ ਲੈਕਚਰ ਕਰਵਾਏ ਜਾਂਦੇ ਹਨ। ਪੰਜਾਬੀ ਲੋਕਾਂ ਦਾ ਖੇਡਾਂ ਨਾਲ ਲਗਾਓ ਅਤੇ ਸ਼ੌਕ ਮੁੱਢ ਕਦੀਮ ਤੋਂ ਹੀ ਰਿਹਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਸਮੇਂ ਸਮੇਂ ’ਤੇ ਕੱਬਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਅਤੇ ਹੋਰ ਖੇਡਾਂ ਦੇ ਟੂਰਨਾਮੈਂਟ ਅਤੇ ਖੇਡ ਮੇਲੇ ਕਰਵਾਉਂਦੇ ਰਹਿੰਦੇ ਹਨ। ਬਹੁਤ ਸਾਰੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ। ਪੰਜਾਬੀਆਂ ਦਾ ਖੁੱਲ੍ਹਾ ਸੁਭਾਅ, ਮਿਲਵਰਤਨ, ਰਹਿਣ ਸਹਿਣ ਦਾ ਢੰਗ ਅਤੇ ਆਚਾਰ ਵਿਹਾਰ ਲੋਕਾਂ ਦੇ ਦਿਲਾਂ ਵਿੱਚ ਆਪਣਾ ਸਥਾਨ ਬਣਾ ਲੈਂਦਾ ਹੈ। ਇਸੇ ਲਈ ਅੱਜ ਦੁਨੀਆ ਭਰ ਵਿੱਚ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਬੁਲੰਦ ਹੈ।
ਈਮੇਲ: vijaykumarbehki@gmail.com

Advertisement
Advertisement