ਭਾਰਤ-ਵੈਸਟਇੰਡੀਜ਼ ਵਿਚਾਲੇ ਪਹਿਲਾ ਟੈਸਟ ਅੱਜ
ਰੋਸਿਊ (ਡੋਮੀਨਿਕਾ), 11 ਜੁਲਾਈ
ਭਾਰਤੀ ਟੀਮ ਭਲਕੇ ਬੁੱਧਵਾਰ ਤੋਂ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਜ਼ਰੀਏ ਬਦਲਾਅ ਦੇ ਦੌਰ ਦੀ ਸ਼ੁਰੂਆਤ ਕਰੇਗੀ। ਇਸ ਦੌਰਾਨ ਨੌਜਵਾਨ ਖਿਡਾਰੀ ਯਸ਼ਸਵੀ ਜੈਸਵਾਲ ’ਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੋਵੇਗਾ। ਮੇਜ਼ਬਾਨ ਵੈਸਟਇੰਡੀਜ਼ ਲਈ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਮਿਲੀ ਹਾਰ ਦੇ ਜ਼ਖ਼ਮ ਹਾਲੇ ਵੀ ਤਾਜ਼ਾ ਹਨ ਅਤੇ ਉਹ ਭਾਰਤ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਵਿਸ਼ਵ ਕ੍ਰਿਕਟ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਚੇਤੇਸ਼ਵਰ ਪੁਜਾਰਾ ਦੇ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ ਵਿੱਚ ਇੱਕ ਬੱਲੇਬਾਜ਼ ਦੀ ਜਗ੍ਹਾ ਖਾਲੀ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੁੰਬਈ ਦਾ ਬੱਲੇਬਾਜ਼ ਜੈਸਵਾਲ ਇਹ ਕਮੀ ਪੂਰੀ ਕਰੇਗਾ ਅਤੇ ਪ੍ਰਥਮ ਸ਼੍ਰੇਣੀ ਕ੍ਰਿਕਟ ’ਚ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖੇਗਾ। ਇਸ ਸਾਲ ਦੇ ਅੰਤ ਵਿੱਚ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਕੇਮਾਰ ਰੋਚ, ਸ਼ੈਨੋਨ ਗੈਬਰੀਅਲ, ਅਲਜ਼ਾਰੀ ਜੋਸਫ ਅਤੇ ਜੇਸਨ ਹੋਲਡਰ ਵਰਗੇ ਤਜਰਬੇਕਾਰ ਗੇਂਦਬਾਜ਼ਾਂ ਨੂੰ ਖੇਡਣਾ ਉਸ ਲਈ ਚੰਗਾ ਤਜਰਬਾ ਹੋਵੇਗਾ। ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਭਾਰਤ ਲਈ ਪਿਛਲੀਆਂ ਦੋ ਟੈਸਟ ਚੈਂਪੀਅਨਸ਼ਿਪਸ ਨਾਲੋਂ ਔਖੀ ਹੋਵੇਗੀ। ਭਾਰਤ ਦਾ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜ਼ਖ਼ਮੀ ਹੈ ਜਦਕਿ ਮੁਹੰਮਦ ਸ਼ਮੀ ਨੂੰ ਇਸ ਲੜੀ ਲਈ ਆਰਾਮ ਦਿੱਤਾ ਗਿਆ ਹੈ। ਅਜਿਹੇ ਵਿੱਚ 29 ਸਾਲਾ ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰੇਗਾ, ਜਿਸ ਦਾ ਸਾਥ ਨੌਂ ਟੈਸਟ ਖੇਡਣ ਵਾਲਾ ਸ਼ਾਰਦੁਲ ਠਾਕੁਰ ਦੇਵੇਗਾ। ਇਸ ਤਰ੍ਹਾਂ ਇੱਕ ਵਾਰ ਫਿਰ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਰਵੀਚੰਦਰਨ ਅਸ਼ਵਨਿ ਤੇ ਰਵਿੰਦਰ ਜਡੇਜਾ ਦੀ ਜੋੜੀ ’ਤੇ ਹੋਵੇਗੀ। -ਪੀਟੀਆਈ