ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ
ਕੋਲਕਾਤਾ, 21 ਜਨਵਰੀ
ਭਾਰਤੀ ਟੀ-20 ਟੀਮ ਜਦੋਂ ਬੁੱਧਵਾਰ ਨੂੰ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਲਈ ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠ ਮੈਦਾਨ ’ਤੇ ਉਤਰੇਗੀ ਤਾਂ ਸਾਰਿਆਂ ਦੀ ਨਜ਼ਰ ਫਿਟ ਹੋ ਕੇ ਟੀਮ ਵਿੱਚ ਪਰਤੇ ਮੁਹੰਮਦ ਸ਼ਮੀ ’ਤੇ ਹੋਵੇਗੀ। ਭਾਰਤੀ ਟੀਮ ਆਸਟਰੇਲੀਆ ਦੇ ਟੈਸਟ ਦੌਰੇ ਦੌਰਾਨ ਮਿਲੀ ਹਾਰ ਦੇ ਜ਼ਖ਼ਮ ਵੀ ਭਰਨਾ ਚਾਹੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੀ-20 ਅਤੇ ਤਿੰਨ ਇੱਕ ਰੋਜ਼ਾ ਮੈਚ ਖੇਡੇ ਜਾਣਗੇ, ਜੋ ਦੋਵਾਂ ਟੀਮਾਂ ਲਈ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਖੁਦ ਦਾ ਮੁਲਾਂਕਣ ਕਰਨ ਦਾ ਸੁਨਹਿਰੀ ਮੌਕਾ ਹੈ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ’ਤੇ ਸੱਟ ਲੱਗੀ ਹੈ ਅਤੇ ਉਸ ਦਾ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਪੱਕਾ ਨਹੀਂ ਹੈ, ਜਿਸ ਕਰਕੇ ਸ਼ਮੀ ’ਤੇ ਵੱਡੀ ਜ਼ਿੰਮੇਵਾਰੀ ਹੈ। ਪਿਛਲੇ ਸਾਲ ਵੈਸਟਇੰਡੀਜ਼ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਖਿਡਾਰੀ ਅਕਸਰ ਪਟੇਲ ਨੂੰ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦਸੰਬਰ ਵਿੱਚ ਮੈਲਬਰਨ ਟੈਸਟ ’ਚ ਸੈਂਕੜਾ ਲਾਉਣ ਵਾਲੇ ਨਿਤੀਸ਼ ਰੈੱਡੀ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। -ਪੀਟੀਆਈ