For the best experience, open
https://m.punjabitribuneonline.com
on your mobile browser.
Advertisement

1965 ਦੀ ਜੰਗ ਦੇ ਪਹਿਲੇ ਛੇ ਦਿਨ

08:35 AM Aug 31, 2023 IST
1965 ਦੀ ਜੰਗ ਦੇ ਪਹਿਲੇ ਛੇ ਦਿਨ
Advertisement

ਕਰਨਲ ਬਲਬੀਰ ਸਿੰਘ ਸਰਾਂ (ਸੇਵਾਮੁਕਤ)

ਸਾਲ 1965 ਵਿੱਚ ਪਾਕਿਸਤਾਨ ਦੇ ਤਤਕਾਲੀ ਸਦਰ (ਰਾਸ਼ਟਰਪਤੀ) ਅਯੂਬ ਖਾਂ ਨੇ ਆਪਣੀ ਫ਼ੌਜ ਨਤੀਜੇ ਦੀ ਪਰਵਾਹ ਕੀਤੇ ਬਗੈਰ ਭਾਰਤ ਖਿਲਾਫ਼ ਜੰਗ ਵਿੱਚ ਝੋਕਣ ਦਾ ਫ਼ੈਸਲਾ ਕਰ ਲਿਆ।
ਪਹਿਲੀ ਸਤੰਬਰ 1965 ਨੂੰ ਚੱਲ ਰਹੇ ਡਰਾਮੇ ਦਾ ਪਰਦਾ ਚੁੱਕਿਆ ਗਿਆ ਅਤੇ 22 (ਬਾਈ) ਦਿਨਾਂ ਦੀ ਜੰਗ ਨੇ ਭਾਰਤੀ ਉਪ-ਮਹਾਂਦੀਪ ਨੂੰ ਹਿਲਾ ਕੇ ਰੱਖ ਦਿੱਤਾ। ਪਾਕਿਸਤਾਨ ਨੇ ਬਹੁਤ ਜ਼ੋਰਦਾਰ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਪਾਕਿਸਤਾਨ 1947-48 ਵਿੱਚ ਕਸ਼ਮੀਰ ਸਾਥੋਂ ਖੋਹਣ ਹਿਤ ਜ਼ੋਰ ਅਜ਼ਮਾਇਸ਼ ਕਰ ਚੁੱਕਾ ਸੀ।
ਪਾਕਿਸਤਾਨ ਦਾ 1965 ਦਾ ਇਹ ਹਮਲਾ ਬਹੁਤ ਭਿਆਨਕ ਸੀ ਜਿਸ ਵਿੱਚ ਉਸ ਦਾ ਇੱਕ ਇਨਫੈਂਟਰੀ ਬ੍ਰਿਗੇਡ ਅਤੇ 90 ਟੈਂਕ ਸਨ। ਪਾਕਿਸਤਾਨ ਨੇ ਇਸ ਦਾ ਨਾਮ ‘ਔਪਰੇਸ਼ਨ ਗਰੈਂਡ ਸਲੈਮ’ ਰੱਖਿਆ ਸੀ। ਇਹ ਝਟਪਟ ਦੀ ਲੜਾਈ ਸੀ ਅਤੇ ਇਸ ਦੇ ਦੋ ਮੁੱਖ ਮੰਤਵ ਸਨ: ਪਹਿਲੇ ਹੱਲੇ, ਇਸ ਫੋਰਸ ਨੇ ਛੰਬ ਕਾਬੂ ਕਰਕੇ, ਯੁੱਧ ਕਲਾ ਪੱਖੋਂ ਫ਼ੌਜੀ ਮਹੱਤਵ ਵਾਲੇ ਕਸਬੇ ਅਖ਼ਨੂਰ ਜੋ ਦਰਿਆ ਚਨਾਬ ’ਤੇ ਹੈ, ਉੱਤੇ ਕਾਬਜ਼ ਹੋਣ ਮਗਰੋਂ ਸਾਡੀ ਪਾਰ ਜਾਣ ਵਾਲੀ ਸੜਕ ਜੰਮੂ-ਅਖ਼ਨੂਰ-ਰਾਜੌਰੀ-ਪੁਣਛ ਨੂੰ ਕੱਟਣਾ ਅਤੇ ਸਾਡੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਘੇਰੇ ਵਿੱਚ ਲੈਣਾ ਸੀ। ਦੂਜੇ ਗੇੜ ਵਿੱਚ ਅਖ਼ਨੂਰ ਤੋਂ ਜੰਮੂ ’ਤੇ ਕਬਜ਼ਾ ਕਰ ਕੇ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਦੇ ਦੋਵੇਂ ਪਾਸੇ ਨੱਪ ਕੇ ਬਾਨੀਹਾਲ ਪਾਸ (ਦੱਰਾ) ਦੇ ਉੱਤਰ ਵੱਲ ਘਾਟੀ ਵਿੱਚ ਲੱਗੀ ਸਾਡੀ ਫ਼ੌਜ ਨੂੰ ਅਲੱਗ-ਥਲੱਗ ਕਰਨਾ ਸੀ। ਇਹ ਇੱਕ ਸੋਚੀ ਸਮਝੀ ਯੋਜਨਾ ਸੀ ਜੋ ਉਸ ਦੇ ਫ਼ੌਜੀ ਅਦਾਰਿਆਂ ਵਿੱਚ ਬਲੈਕ ਬੋਰਡਾਂ ਤੇ ਸੈਂਡ ਮਾਡਲਾਂ ’ਤੇ ਖੇਡੀ ਅਤੇ ਅਜ਼ਮਾਈ ਗਈ ਸੀ ਅਤੇ ਇਹ ਫੂਲ-ਪਰੂਫ਼ (ਬਿਨਾਂ ਸ਼ੱਕ ਕਾਮਯਾਬ ਹੋਣ ਵਾਲੀ) ਐਲਾਨੀ ਗਈ ਸੀ। ਉਸ ਨੂੰ ਇਸ ਦੀ ਸਫ਼ਲਤਾ ’ਤੇ ਇੰਨਾ ਭਰੋਸਾ ਸੀ ਕਿ ਉਸ ਦੇ ਕਮਾਂਡਰਾਂ ਨੇ ਵਿਦੇਸ਼ੀ ਪੱਤਰਕਾਰਾਂ ਦਾ ਗਰੁੱਪ ਵੀ ਹਮਲੇ ਵੇਲੇ ਨਾਲ ਰੱਖਿਆ ਸੀ।
ਇਹ ਯੋਜਨਾ ਕਾਮਯਾਬ ਹੋ ਜਾਂਦੀ ਤਾਂ ਪਾਕਿਸਤਾਨ ਆਪਣੀ ਉਮਰ ਭਰ ਦੀ ਖ਼ੁਆਹਿਸ਼ ਪੂਰੀ ਕਰ ਲੈਂਦਾ ਅਤੇ ਅਯੂਬ ਖਾਂ ਪਾਕਿਸਤਾਨ ਦੇ ਇਤਿਹਾਸ ਵਿੱਚ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਪਛਾੜ ਕੇ ਸਭ ਤੋਂ ਵੱਡਾ ਆਗੂ ਸਥਾਪਤ ਹੋ ਜਾਂਦਾ।
ਆਉਣ ਵਾਲੀਆਂ ਘੜੀਆਂ ਦੇ ਪਰਛਾਵੇਂ ਪਹਿਲਾਂ ਹੀ ਦਿਸਣ ਲੱਗ ਪਏ ਸਨ। ਅਸਲ ਹਮਲੇ ਤੋਂ ਪੰਦਰਾਂ ਦਿਨ ਪਹਿਲਾਂ ਉਸ ਨੇ ਹਮਲੇ ਲਈ ਚੁਣੇ ਖੇਤਰ ਵਿੱਚ ਹਰ ਰੋਜ਼ ਦੀ ਘੁਸਪੈਠ ਨੂੰ ਤੇਜ਼ ਕਰ ਦਿੱਤਾ ਜਿਸ ਦਾ ਪਤਾ ਲਾਉਣ ਲਈ ਸੁਰੱਖਿਆ ਦਲ ਕੌਮਾਂਤਰੀ ਸਰਹੱਦ ਅਤੇ ਜੰਗਬੰਦੀ ਰੇਖਾ ’ਤੇ ਸਰਗਰਮ ਸਨ।
ਚੌਦਾਂ ਅਗਸਤ 1965 ਨੂੰ ਗੁਆਂਢੀ ਮੁਲਕ ਦੇ ਤਕਰੀਬਨ 1000 ਬੰਦਿਆਂ (ਇੱਕ ਬਟਾਲੀਅਨ) ਨੇ ਜੰਗਬੰਦੀ ਦੀ ਉਲੰਘਣਾ ਕਰ ਕੇ ਕੁਝ ਪੋਸਟਾਂ ’ਤੇ ਹਮਲੇ ਕੀਤੇ। ਇਸ ਦਾ ਮਕਸਦ ਸਾਨੂੰ ਟੋਹਣਾ ਅਤੇ ਸਾਡੀ ਤਿਆਰੀ ਵੇਖਣਾ ਸੀ। ਉਸ ਦੇ ਭੇਜੇ ਘੁਸਪੈਠੀਆਂ ਨੂੰ ਅਸੀਂ ਦਬਾ ਲਿਆ ਸੀ। ਪਾਕਿਸਤਾਨੀ ਫ਼ੌਜੀ ਵੀ ਹੱਥੋ-ਹੱਥ ਦੀ ਲੜਾਈ ਮਗਰੋਂ ਧੱਕ ਕੇ ਪਿੱਛੇ ਮੋੜ ਦਿੱਤੇ। ਕੁਝ ਲਿਖਤਾਂ ਉਸ ਦਿਨ ਪਾਕਿਸਤਾਨ ਦੇ 60 ਫ਼ੌਜੀ ਮਰੇ ਦੱਸਦੀਆਂ ਹਨ, ਪਰ ਇਹ ਠੀਕ ਨਹੀਂ ਲੱਗਦਾ ਕਿਉਂਕਿ ਮੇਰੀ ਬਟਾਲੀਅਨ ਇਸ ਲੜਾਈ ਵਿੱਚ ਲੱਗੀ ਸੀ।
ਜੰਗ ਵਿੱਚ ਦੁਸ਼ਮਣ ਮੁਲਕ ਨੇ 15 ਅਤੇ 16 ਅਗਸਤ ਨੂੰ ਤੋਪਖਾਨਾ, ਮੌਰਟਰਾਂ ਅਤੇ ਮਸ਼ੀਨਗੰਨਾਂ ਦੀ ਵਰਤੋਂ ਕਰ ਕੇ ਸਾਨੂੰ ਸਿਰ ਨਹੀਂ ਚੁੱਕਣ ਦਿੱਤਾ। ਸਾਡਾ ਬ੍ਰਿਗੇਡ ਕਮਾਂਡਰ ਅਤੇ ਉਸ ਦਾ ਸਟਾਫ ਅਫ਼ਸਰ, ਸਿੱਧੇ ਹਮਲੇ ਨਾਲ ਮਾਰੇ ਗਏ। ਛੰਭ ਮੁੱਖ ਖੇਤਰ ਸੀ। ਅਸੀਂ ਅੜੇ ਰਹੇ। ਲੇਖਕ ਹਾਜ਼ਰ ਸੀ। ਫਿਰ ਇਹ ਹਰ ਰੋਜ਼ ਦੀ ਗੱਲ ਬਣ ਗਈ। ਅਠਾਰਾਂ ਤਾਰੀਖ਼ ਨੂੰ ਲੋਹੜੇ ਦਾ ਫਾਇਰ ਆਇਆ। ਉਸ ਨੇ ਸਾਡੇ ਖਿੱਤੇ ਦੇ ਉੱਤਰ ਵੱਲ ਦੂਰ ਮੇਂਡਰ ਸੈਕਟਰ ਵਿੱਚ ਵੀ ਇਹੀ ਕੰਮ ਕੀਤਾ ਤਾਂ ਕਿ ਅਸੀਂ ਹਮਲੇ ਦੀ ਥਾਂ ਬਾਰੇ ਭੁਲੇਖੇ ਵਿੱਚ ਰਹੀਏ।
ਜਨਰਲ ਨਿਮੋ (ਸੰਯੁਕਤ ਰਾਸ਼ਟਰ ਮਿਲਟਰੀ ਆਬਜ਼ਰਵਰ ਗਰੁੱਪ ਦਾ ਮੁਖੀ ਜੋ ਜੰਮੂ ਕਸ਼ਮੀਰ ਵਿੱਚ ਜੰਗਬੰਦੀ ਰੇਖਾ ਦੇ ਦੋਵੇਂ ਪਾਸੇ ਤਾਇਨਾਤ ਸੀ) ਨੇ ਯੂਐੱਨ ਸੈਕਟਰੀ ਜਨਰਲ ਨੂੰ ਭੇਜੀ ਰਿਪੋਰਟ ਵਿੱਚ ਸਾਫ਼ ਕਿਹਾ ਕਿ ਪਾਕਿਸਤਾਨ ਦੇ ਫ਼ੌਜੀ ਜੰਗਬੰਦੀ ਰੇਖਾ ਪਾਰ ਕਰ ਕੇ ਛੰਭ ਦੇ ਇਲਾਕੇ ਵਿੱਚ ਤਕਰੀਬਨ ਇੱਕ ਮੀਲ ਅੰਦਰ ਗਏ; ਪੰਦਰਾਂ ਸੋਲਾਂ ਤਾਰੀਖ਼ ਨੂੰ ਉਸ ਨੇ ਭਾਰਤ ਦੀਆਂ ਨੌਂ ਫ਼ੌਜੀ ਚੌਕੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਰਿਪੋਰਟ ਕੀਤਾ ਕਿ ਘਮਸਾਣ ਦੀ ਲੜਾਈ ਕਾਰਨ ਔਬਜ਼ਰਵਰ ਵਿਚ ਜਾ ਕੇ ਨਹੀਂ ਦੇਖ ਸਕੇ। ਦੂਜੇ ਪਾਰ ਦੇ ਔਬਜਰਵਰਜ਼ ਨੇ ਸਾਡਿਆਂ ਨੂੰ ਚੌਕਸ ਵੀ ਕਰ ਦਿੱਤਾ ਸੀ।
ਪਹਿਲੀ ਸਤੰਬਰ 1965 ਨੂੰ ਸਵੇਰ ਦੇ ਚਾਰ ਵਜੇ ਦੁਸ਼ਮਣ ਨੇ ਪੂਰਾ ਤੋਪਖਾਨਾ ਖੋਲ੍ਹ ਦਿੱਤਾ। ਇੱਕ ਤਰ੍ਹਾਂ ਪਰਲੋ ਲਿਆ ਦਿੱਤੀ। ਮਕਸਦ ਸਾਡੀਆਂ ਰੱਖਿਆ ਪੰਕਤੀ ਨੂੰ ਕਮਜ਼ੋਰ ਕਰਨਾ ਅਤੇ ਸਾਡਾ ਮਨੋਬਲ ਤੋੜਨਾ ਸੀ। ਉਸ ਨੇ ਹੋਰ ਸੈਕਟਰਾਂ ਵਿੱਚ ਵੀ ਤਕੜੀ ਗੋਲੀਬਾਰੀ ਕੀਤੀ। ਗੋਲੀਬਾਰੀ ਦੀ ਹਨੇਰੀ ਠੱਲ੍ਹਣ ਮਗਰੋਂ ਪਾਕਿਸਤਾਨ ਦੀ ਪੈਦਲ ਫ਼ੌਜ ਨੇ ਸਾਡੀਆਂ ਭੂਰੇਜਾਲ, ਛੰਭ ਅਤੇ ਕਈ ਹੋਰ ਚੌਕੀਆਂ ’ਤੇ ਪੜਤਾਲੀਆ (ਪ੍ਰੋਬਿੰਗ) ਹਮਲੇ ਸ਼ੁਰੂ ਕੀਤੇ। ਪਹਿਲੇ ਗੇੜ ਵਿੱਚ ਅਸੀਂ ਹਮਲੇ ਪਸਤ ਕਰ ਦਿੱਤੇ। ਉਨ੍ਹਾਂ ਦੇ ਪਿੰਡ ਮੇਲੂ ਵਾਲੇ ਪਾਸਿਓਂ ਆਇਆ ਹਮਲਾ ਵੀ ਮੋੜ ਦਿੱਤਾ। ਤੀਜਾ ਹਮਲਾ ਵੀ ਠੱਲ੍ਹ ਲਿਆ। ਇਨ੍ਹਾਂ ਸ਼ੁਰੂ ਸ਼ੁਰੂ ਦੇ ਹਮਲਿਆਂ ਮਗਰੋਂ ਮੁੱਖ ਹਮਲਾ ਟੈਂਕਾਂ ਨਾਲ ਹੋਇਆ। ਇਸ ਵਿੱਚ ਪਾਕਿਸਤਾਨ ਦੀ ਇੱਕ ਬ੍ਰਿਗੇਡ ਅਤੇ 2 ਟੈਂਕ ਰੈਜੀਮੈਂਟਾਂ (90 ਟੈਂਕ) ਸਨ। ਸਾਡੀ ਇਕੱਲੀ ਬਟਾਲੀਅਨ ਅਤੇ ਕੁੱਲ ਚੌਦਾਂ ਹਲਕੇ ਟੈਂਕ ਸਨ ਜਿਨ੍ਹਾਂ ਵਿੱਚੋਂ ਵੀ ਦੋ ਖ਼ਰਾਬ ਸਨ।
ਅਪਰੈਲ 1965 ਦੀਆਂ ਰਣ ਕੱਛ ਦੀ ਝੜਪਾਂ ਵਾਂਗ ਪਾਕਿਸਤਾਨ ਨੇ ਆਪਣੇ ਮਨਪਸੰਦ ਇਲਾਕੇ ਤੋਂ ਹਮਲਾ ਛੇੜਿਆ। 470 ਮੀਲ ਲੰਮੀ ਜੰਗਬੰਦੀ ਰੇਖਾ ਵਿੱਚ ਰਣ ਖੇਤਰ ਛੰਭ ਹੀ ਇੱਕ ਇਲਾਕਾ ਹੈ ਜਿੱਥੇ ਟੈਂਕ ਤਬਾਹੀ ਕਰ ਸਕਦੇ ਹਨ। ਟੈਂਕਾਂ ਮੁਕਾਬਲੇ ਮੋਰਚੇ ਵਿੱਚ ਖੜ੍ਹਾ ਇਨਫੈਂਟਰੀ ਦਾ ਸਿਪਾਹੀ ਕੀ ਕਰ ਸਕਦਾ ਹੈ?
1965 ਦੀ ਜੰਗਬੰਦੀ ਮਗਰੋਂ ਸਾਡੇ ਤਤਕਾਲੀ ਫ਼ੌਜ ਮੁਖੀ ਜਨਰਲ ਜੈਅੰਤੋ ਨਾਥ ਚੌਧਰੀ ਨੇ 23 ਸਤੰਬਰ ਨੂੰ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਇਸ ਖੇਤਰ ਵਿੱਚ ਸਾਡੇ ਟੈਂਕ ਬਹੁਤ ਘੱਟ ਸਨ ਅਤੇ ਹੋਰ ਵੀ ਕਈ ਕਮੀਆਂ ਸਨ। ਜਦੋਂ ਜਨਰਲ ਨੂੰ ਪੁੱਛਿਆ ਕਿ ਇਸ ਖੇਤਰ ਵਿੱਚ ਭਾਰੀ ਟੈਂਕ ਕਿਉਂ ਨਹੀਂ ਰੱਖੇ ਤਾਂ ਉਸ ਦਾ ਜੁਆਬ ਸੀ, “ਸਾਡੇ ਕੋਲ ਦੁਸ਼ਮਣ ਨਾਲੋਂ ਟੈਂਕ ਘੱਟ ਸਨ ਅਤੇ ਅਸੀਂ 1949 ਦੇ ਕਰਾਚੀ ਸਮਝੌਤੇ ਅਧੀਨ ਮਿਥੀ ਹੋਈ ਸੀਮਿਤ ਫ਼ੌਜ ਹੀ ਰੱਖ ਸਕਦੇ ਸਾਂ। ਦੁਸ਼ਮਣ ਨਾਲ ਲੱਗਦੇ ਸਿਆਲਕੋਟ-ਖਾਰੀਆਂ-ਗੁਜਰਾਤ ਦੇ ਇਲਾਕੇ ਦੀਆਂ ਛਾਉਣੀਆਂ ਵਿੱਚੋਂ ਟੈਂਕ ਚੱਲ ਸਕਦੇ ਸਨ ਜਦੋਂਕਿ ਸਾਡੇ ਬੇਸ ਬਹੁਤ ਦੂਰ ਪੈਂਦੇ ਹਨ।’’
ਇਹ ਕਹਿਣਾ ਗ਼ਲਤ ਹੋਵੇਗਾ ਕਿ ਇਹ ਅਚਾਨਕ ਕੀਤਾ ਗਿਆ ਹਮਲਾ ਸੀ। ਲੜਾਈ ਦੀਆਂ ਮੁੱਢਲੀਆਂ ਕੰਨਸੋਆਂ ਸਾਨੂੰ ਯੂਐੱਨ ਆਬਜ਼ਰਵਰ ਗਰੁੱਪ ਨੇ ਦੇ ਦਿੱਤੀਆਂ ਸਨ। ਦੁਸ਼ਮਣ ਦੇ ਟੈਂਕ ਜੰਗਬੰਦੀ ਰੇਖਾ ਦੇ ਨੇੜੇ ਇਕੱਠੇ ਹੋਣ ਦੀਆਂ ਖ਼ਬਰਾਂ ਵੀ ਅਸੀਂ ਪਿੱਛੇ ਦੇ ਰਹੇ ਸਾਂ। ਜ਼ਾਹਿਰ ਹੈ ਕਿ ਸਾਡੇ ਉਪਰਲੇ ਹੈੱਡਕੁਆਰਟਰ ਖ਼ਤਰਾ ਭਾਂਪਣ ਵਿੱਚ ਪੱਛੜ ਗਏ ਅਤੇ ਅਸੀਂ ਗਿਣਤੀ ਪੱਖੋਂ ਤਿਆਰ ਨਹੀਂ ਸਾਂ। ਸਾਡੇ ਵੇਲੇ ਪੂਰੇ ਖੇਤਰ ਵਿੱਚ ਸਿਰਫ਼ ਇੱਕ ਬ੍ਰਿਗੇਡ ਸੀ ਜਿੱਥੇ ਮਗਰੋਂ ਇੱਕ ਡਿਵੀਜ਼ਨ ਤਾਇਨਾਤ ਕਰਨੀ ਪਈ ਸੀ।
ਪਾਕਿਸਤਾਨੀ ਸਾਨੂੰ ਪੜਾਵਾਂ ਵਿੱਚ ਪਿੱਛੇ ਧੱਕਦੇ ਆਏ ਅਤੇ ਅਸੀਂ ਮੁਨੱਵਰ ਤਵੀ (ਨਦੀ) ’ਤੇ ਆ ਰੁਕੇ। ਹਾਲਤ ਨਾਜ਼ੁਕ ਬਣ ਗਈ। ਪਾਕਿਸਤਾਨੀ ਫ਼ੌਜੀ ਛੇਤੀ ਤੋਂ ਛੇਤੀ ਅਖ਼ਨੂਰ ਪੁਲ ’ਤੇ ਪਹੁੰਚਣਾ ਚਾਹੁੰਦੇ ਸਨ।
ਉਧਰ ਨਵੀਂ ਦਿੱਲੀ ਬੈਠੇ ਜਨਰਲ ਚੌਧਰੀ ਨੇ ਸਮਝ ਲਿਆ ਕਿ ਹਮਲੇ ਦੀ ਰਫ਼ਤਾਰ ਨੂੰ ਮੱਠਾ ਕਰਨ ਲਈ ਹਵਾਈ ਫ਼ੌਜ ਦੀ ਮਦਦ ਜ਼ਰੂਰੀ ਹੈ। ਉਸ ਨੇ ਰੱਖਿਆ ਮੰਤਰੀ ਤੋਂ ਮਨਜ਼ੂਰੀ ਮੰਗੀ ਜੋ ਝੱਟ ਪ੍ਰਵਾਨ ਹੋ ਗਈ ਅਤੇ ਪ੍ਰਧਾਨ ਮੰਤਰੀ ਨੂੰ ਪਹੁੰਚ ਕੀਤੀ ਤੇ ਮੰਨ ਲਈ ਗਈ। ਇਸ ਫ਼ੈਸਲੇ ’ਤੇ ਲੱਗੇ ਵਕਤ ਦੀ ਤਫ਼ਸੀਲ ਇਸ ਤਰ੍ਹਾਂ ਮਿਲਦੀ ਹੈ:
* ਸ਼ਾਮ 5 ਵੱਜ ਕੇ 10 ਮਿੰਟ: ਰੱਖਿਆ ਮੰਤਰੀ ਵੱਲੋਂ ਹਵਾਈ ਫ਼ੌਜ ਮੁਖੀ, ਏਅਰ ਮਾਰਸ਼ਲ ਅਰਜਨ ਸਿੰਘ ਨੂੰ ਸੁਝਾਅ/ਅਗਾਊਂ ਨੋਟਿਸ।
* ਸ਼ਾਮ 5 ਵੱਜ ਕੇ 20 ਮਿੰਟ: ਹਵਾਈ ਫ਼ੌਜ ਦੇ ਹੈੱਡਕੁਆਰਟਰ ਹੁਕਮ ਪੁੱਜੇ।
* ਸ਼ਾਮ 5 ਵੱਜ ਕੇ 45 ਮਿੰਟ: ਸਾਡੀ ਹਵਾਈ ਫ਼ੌਜ ਹਰਕਤ ਵਿੱਚ ਆਈ।
* ਸ਼ਾਮ ਛੇ ਵਜੇ: ਪਹਿਲੀ ਸੌਰਟੀ (ਪਹਿਲਾ ਜਹਾਜ਼) ਲਾਂਚ ਹੋ ਗਈ।
ਸਾਡੀ ਹਵਾਈ ਫ਼ੌਜ ਨੇ ਪੁਰਾਣੇ ਬੁੱਢੇ ਵੈਮਪਾਇਰ ਅਤੇ ਮਾਈਸਟਰੀਰੀਅਜ਼ ਹਵਾਈ ਜਹਾਜ਼ ਜੰਗ ਵਿੱਚ ਝੋਕੇ । ਇਨ੍ਹਾਂ ਨੇ ਸੱਤ ਮਿਸ਼ਨਾਂ ਵਿੱਚ 20 ਉਡਾਣਾਂ ਭਰੀਆਂ। ਪਹਿਲੇ ਦਿਨ ਅਸੀਂ ਨਾਟ (GNAT) ਅਤੇ ਹੰਟਰ ਜਹਾਜ਼ ਨਹੀਂ ਵਰਤੇ।
ਪਹਿਲੀ ਸਤੰਬਰ ਦੀ ਸ਼ਾਮ ਨੂੰ ਸਾਡੀ ਮਦਦ ਲਈ ਆਏ 4 ਵੈਮਪਾਇਰ ਜਹਾਜ਼ਾਂ ਨੂੰ ਲੜਦਿਆਂ, ਸੜਦਿਆਂ ਅਸੀਂ (ਮੈਂ ਵੀ) ਖ਼ੁਦ ਵੇਖਿਆ ਕਿਉਂਕਿ ਮੇਰੀ ਬਟਾਲੀਅਨ ਸਭ ਤੋਂ ਮੂਹਰੇ ਇਕੱਲੀ ਸੀ। ਉਪਰਲਾ ਬਿਆਨ ਅਸੀਂ ਹੱਡੀਂ ਹੰਢਾਇਆ ਹੈ।
ਸਾਡੇ ਚਾਰ ਹਵਾਈ ਜਹਾਜ਼ ਤਾਂ ਤਬਾਹ ਹੋ ਗਏ, ਪਰ ਛੇ ਮੀਲ ਤੱਕ ਅੰਦਰ ਆ ਚੁੱਕੀ ਦੁਸ਼ਮਣ ਫ਼ੌਜ ਨੂੰ ਠੱਲ ਜ਼ਰੂਰ ਪੈ ਗਈ, ਭਾਵੇਂ ਇਹ ਕੁਝ ਵਕਤ ਲਈ ਹੀ ਸੀ। ਪਾਕਿਸਤਾਨੀ ਫ਼ੌਜ ਭਮੱਤਰ ਗਈ। ਉਸ ਨੇ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਭਾਰਤ ਹਵਾਈ ਸੈਨਾ ਜੰਗ ਵਿੱਚ ਲਾ ਦੇਵੇਗਾ। ਸਾਡੇ ਜਹਾਜ਼ਾਂ ਨੇ ਦੁਸ਼ਮਣ ਦੇ 13 ਟੈਂਕ ਤਬਾਹ ਕਰ ਦਿੱਤੇ, ਪੰਜ ਸਾਡੀ ਥਲ ਸੈਨਾ ਨੇ ਤਬਾਹ ਕੀਤੇ। ਪਾਕਿਸਤਾਨ ਦੇ ਗਿਆਰਾਂ ਟੈਂਕ ਸੜਦੇ ਵੇਖੇ ਗਏ। ਇਸ ਨਾਲ ਹੀ ਹਮਲਾਵਰ ਦੀਆਂ 30-40 ਭਾਰੀ ਗੱਡੀਆਂ ਵੀ ਸੜ ਗਈਆਂ।
ਸਾਡੇ ਆਪਣਿਆਂ ਨੇ ਸਾਡਾ ਵੀ ਕਾਫ਼ੀ ਨੁਕਸਾਨ ਕੀਤਾ। ਅਸਲ ਵਿੱਚ ਆਪਣੀ ਹਵਾਈ ਫ਼ੌਜ ਨੂੰ ਬੰਬ ਲਾਈਨ ਗ਼ਲਤ ਦਿੱਤੀ ਗਈ। ਯੁੱਧ ਦੇ ਧੂੰਏ ਵਿੱਚ ਅਜਿਹੇ ਹਾਲਾਤ ਕਈ ਵਾਰ ਪੈਦਾ ਹੋ ਹੀ ਜਾਂਦੇ ਹਨ। ਹਵਾਈ ਸੈਨਾ ਨੂੰ ਦੱਸਿਆ ਗਿਆ ਸੀ ਕਿ ਮੁਨੱਵਰ ਤਵੀ ਦੇ ਪੱਛਮ ਵੱਲ ਸਾਡੇ ਕੋਈ ਫ਼ੌਜੀ ਨਹੀਂ ਹਨ ਜੋ ਗ਼ਲਤ ਜਾਣਕਾਰੀ ਸੀ। ਮੇਰੀ ਬਟਾਲੀਅਨ ਇੱਕ ਅਤੇ ਦੋ ਸਤੰਬਰ ਦੀ ਰਾਤ ਸਾਢੇ ਗਿਆਰਾਂ ਵਜੇ ਮਗਰੋਂ ਹੀ ਪਿੱਛੇ ਹਟਣ ਦੇ ਹੁਕਮ ਮਿਲਣ ’ਤੇ ਤਵੀ ਦੇ ਇਸ ਪਾਰ ਆਈ। ਨਤੀਜਾ ਸਾਡਿਆਂ ਸਾਨੂੰ ਹੀ ਹਮਲਾਵਰ ਸਮਝ ਕੇ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਹੇਠੋਂ ਬਹੁਤ ਇਸ਼ਾਰੇ ਕੀਤੇ, ਚਿੱਟੇ ਰੁਮਾਲ ਵਿਖਾਏ, ਪਰ ਬਲਦੀ ਅੱਗ ਵਿੱਚ ਕਿਸ ਨੂੰ ਦਿਸਦਾ ਹੈ।
ਇਹੀ ਹਵਾਈ ਹਮਲੇ ਅਤੇ ਜ਼ਮੀਨੀ ਲੜਾਈ ਅਗਲੇ ਪੰਜ ਦਿਨ ਚਲਦੀ ਰਹੀ। ਤਿੰਨ ਸਤੰਬਰ ਨੂੰ ਪਾਕਿਸਤਾਨ ਆਪਣੇ ਨਵੇਂ ਨਕੋਰ ਅਮਰੀਕੀ ਸੇਬਰ ਜੈੱਟ ਲੈ ਆਇਆ। ਅਸੀਂ ਜੁਆਬ ਵਿੱਚ ਨੈਟ ਪਹਿਲੀ ਵਾਰ ਭੇਜੇ। ਦੋਵੇਂ ਇਕਦਮ ਭਿੜ ਗਏ। ਪਾਕਿਸਤਾਨ ਦੇ ਸੁਪਰਸੌਨਿਕ ਅਤੇ ਸਾਡੇ ਨੈਟ। ਪਹਿਲਾ ਪਾਕਿਸਤਾਨੀ ਸੇਬਰ ਡੇਂਗਣ ਦਾ ਮਾਣ ਸੁਕੈਅਡਰਨ ਕੀਲਰ ਨੂੰ ਮਿਲਿਆ। ਅਗਲੇ ਦਿਨ ਫਲਾਈਟ ਲੈਫਟੀਨੈਂਟ ਵਰਿੰਦਰ ਪਠਾਣੀਆ ਨੇ ਅਖ਼ਨੂਰ ਉੱਤੇ ਹਵਾਈ ਜੰਗ ਵਿੱਚ ਸੇਬਰ ਢਾਹ ਲਿਆ। ਇਸ ਮਗਰੋਂ ਸਾਡੀ ਹਵਾਈ ਫ਼ੌਜ ਦਾ ਹੱਥ ਉਪਰ ਹੀ ਰਿਹਾ। ਨੈਟ ਛਾ ਗਏ।
ਇੰਨਾ ਹੋਣ ਨਾਲ ਹਮਲਾ ਹੌਲੀ ਜ਼ਰੂਰ ਹੋ ਗਿਆ, ਪਰ ਰੁਕਿਆ ਨਹੀਂ। ਪੰਜ ਸਤੰਬਰ ਨੂੰ ਉਸ ਨੇ ਜੌੜੀਆਂ ਕਸਬਾ ਲੈ ਲਿਆ। ਇੱਥੇ ਮੇਰੀ ਪਲਟਨ ਦੀ ਬੀ ਕੰਪਨੀ ਹੋਰਾਂ ਨਾਲ ਰਲ ਕੇ ਰੱਖਿਆ ਕਰ ਰਹੀ ਸੀ। ਦੁਸ਼ਮਣ ਆਪਣੇ ਮਿੱਥੇ ਨਿਸ਼ਾਨੇ, ਅਖ਼ਨੂਰ ਕਸਬਾ ਅਤੇ ਪੁਲ, ਵੱਲ ਵਧ ਰਿਹਾ ਸੀ। ਪਾਕਿਸਤਾਨ ਦੇ ਸੈਨਾ ਮੁਖੀ, ਜਨਰਲ ਮੂਸਾ ਨੇ ਆਪਣੇ ਜੁਆਨਾਂ ਨੂੰ ਇੱਕ ਸ਼ਰਾਰਤ ਭਰਿਆ ਸੁਨੇਹਾ ਭੇਜਿਆ ਕਿ ‘‘ਤੁਸੀਂ ਦੰਦੀ ਵੱਢ ਲਈ ਹੈ, ਇਸ ਨੂੰ ਹੋਰ ਡੂੰਘਾ ਚੱਕ ਮਾਰੋ, ਉਦੋਂ ਤੱਕ, ਜਦ ਤੱਕ ਇਹ ਖ਼ਤਮ ਨਾ ਹੋ ਜਾਵੇ।’’
ਹੁਣ ਪਾਕਿਸਤਾਨੀ ਫ਼ੌਜੀ ਅਖ਼ਨੂਰ ਤੋਂ ਸਿਰਫ਼ ਛੇ ਮੀਲ ਦੂਰ ਸਨ ਅਤੇ ਮੇਰੀ ਬਟਾਲੀਅਨ, ਅਖ਼ਨੂਰ ਪੁਲ ਦੀ ਸੁਰੱਖਿਆ ’ਤੇ ਲੱਗੀ ਸੀ ਅਤੇ ਮੈਂ ਪੁਲ ’ਤੇ। ਇਸੇ ਅਰਸੇ ਵਿੱਚ ਕੁਝ ਹੋਰ ਘਟਨਾਵਾਂ ਵਾਪਰੀਆਂ ਸਨ। ਜਿਵੇਂ:
ਦੋ ਸਤੰਬਰ: ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਓ (ਯੂ) ਥਾਂਟ ਨੇ ਦੋਵੇਂ ਮੁਲਕਾਂ ਨੂੰ ਜੰਗਬੰਦੀ ਲਈ ਕਿਹਾ। ਪਾਕਿਸਤਾਨ ਨੇ ਅਣਸੁਣੀ ਕਰ ਦਿੱਤੀ। ਭਾਰਤ ਇਸ ਸ਼ਰਤ ’ਤੇ ਤਿਆਰ ਸੀ ਕਿ ਪਾਕਿਸਤਾਨ ਛੰਭ ਤੋਂ ਪਿੱਛੇ ਹਟ ਜਾਵੇ।
ਤਿੰਨ ਸਤੰਬਰ: ਯੂ ਥਾਂਟ ਨੇ ਅਸੈਂਬਲੀ ਨੂੰ ਕਿਹਾ ਕਿ ਪਾਕਿਸਤਾਨ ਜੰਗਬੰਦੀ ਦੀ ਗਾਰੰਟੀ ਨਹੀਂ ਦੇ ਰਿਹਾ।
ਚਾਰ ਸਤੰਬਰ: ਚੀਨ ਦਾ ਵਿਦੇਸ਼ ਮੰਤਰੀ ਕਰਾਚੀ ਪੁੱਜਿਆ। ਉਸ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਭੁੱਟੋ ਨਾਲ ਛੇ ਘੰਟੇ ਗੱਲਬਾਤ ਮਗਰੋਂ ਬਿਆਨ ਦਿੱਤਾ ਕਿ ਭਾਰਤ ਹਮਲਾਵਰ ਹੈ।
ਪੰਜ ਸਤੰਬਰ: ਪਾਕਿਸਤਾਨ ਦੀ ਹਵਾਈ ਫ਼ੌਜ ਨੇ ਅੰਮ੍ਰਿਤਸਰ ਨੇੜੇ ਸਾਡੀਆਂ ਏਅਰ ਡਿਫੈਂਸ ਵਿੱਚ ਲੱਗੀਆਂ ਪੁਜੀਸ਼ਨਾਂ ’ਤੇ ਹਮਲਾ ਕੀਤਾ। ਜੰਗ ਦਾ ਇੱਕ ਹੋਰ ਮੁਹਾਜ਼ ਖੁੱਲ੍ਹ ਗਿਆ।
ਸਾਡੇ ਪਾਸੇ ਕੇਂਦਰ ਸਰਕਾਰ ਇਹ ਹਾਲਾਤ ਵੇਖ ਰਹੀ ਸੀ। ਹਾਲਾਤ ਭਾਂਪ ਲਏ, ਮਨ ਬਣਾ ਲਿਆ ਕਿ ਅਖ਼ਨੂਰ ਬਚਾਉਣ ਲਈ ਕੌਮਾਂਤਰੀ ਸਰਹੱਦ ਟੱਪ ਕੇ ਸਿਆਲਕੋਟ ਵੱਲ ਪਾਕਿਸਤਾਨ ਦੀ ਭੋਇੰ ’ਤੇ ਹਮਲੇ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਸਭ ਤੋਂ ਪਹਿਲਾਂ ਹਮਲਾ ਸਿਆਲਕੋਟ ਵੱਲ ਵਿਚਾਰਿਆ ਗਿਆ। ਹਾਲਾਤ ਤੇਜ਼ੀ ਨਾਲ ਬਦਲ ਰਹੇ ਸਨ। ਸਾਡੀ ਪਹਿਲੀ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਓ.ਪੀ. ਡੰਨ ਨੇ ਫ਼ੌਜੀਆਂ ਨੂੰ ਜੰਮੂ ਵੱਲ ਹੁਕਮ ਦਿੱਤੇ ਸਨ। ਪੰਜਾਬ ਵਿਚਲੀ ਗਿਆਰਾਂ ਕੋਰ ਦਾ ਮੁਖੀ ਲੈਫਟੀਨੈਂਟ ਜਨਰਲ ਜੋਗਿੰਦਰ ਸਿੰਘ (ਉਰਫ਼ ਯੋਗੀ) ਇਕਦਮ ਹਮਲੇ ਦੇ ਪੱਖ ਵਿੱਚ ਸੀ। ਇਹ ਕੋਰ ਜਲੰਧਰ ਸੀ। ਹੁਕਮ ਮਿਲਣ ’ਤੇ ਗਿਆਰਾਂ ਕੋਰ ਨੇ ਲਾਹੌਰ ਵੱਲ ਤਿੰਨ ਰਸਤਿਆਂ ਤੋਂ ਵਧਣਾ ਸ਼ੁਰੂ ਕਰ ਦਿੱਤਾ। ਦੂਜੇ ਬੰਨੇ, ਵਨ ਕੋਰ ਨੇ ਮਹਿਜ਼ 72 ਘੰਟਿਆਂ ਵਿੱਚ ਮੁਕੰਮਲ ਤਿਆਰੀ ਕਰ ਕੇ ਸਿਆਲਕੋਟ ਵੱਲ ਮੂੰਹ ਕੀਤਾ।
ਲਾਹੌਰ ਅਤੇ ਸਿਆਲਕੋਟ ਵੱਲ ਇੱਕੋ ਵੇਲੇ ਹਮਲੇ ਕਾਰਨ ਪਾਕਿਸਤਾਨ ਬੌਖਲਾ ਗਿਆ ਅਤੇ ਉਹ ਅਖ਼ਨੂਰ ਵੱਲ ਦਬਾਅ ਘਟਾਉਣ ਲਈ ਮਜਬੂਰ ਹੋ ਗਿਆ। ਇਸੇ ਕਰਕੇ ਉਸ ਨੇ ਆਪਣੀ 7 ਇਨਫੈਂਟਰੀ ਡਿਵੀਜ਼ਨ ਅਤੇ ਪੈਰਾਸ਼ੂਟ ਬ੍ਰਿਗੇਡ ਛੰਭ ਤੋਂ ਹਟਾ ਕੇ ਸਿਆਲਕੋਟ ਦੇ ਬਚਾ ਹਿਤ ਲਾ ਦਿੱਤੀਆਂ।
ਅਖ਼ਨੂਰ ਵਿੱਚ ਹੁਣ ਲੜਾਈ ਸਿਰਫ਼ ‘ਝੜਪਾਂ’ ਤੱਕ ਸੀਮਿਤ ਰਹਿ ਗਈ। ਅੱਗੇ ਕੀ ਹੋਇਆ, ਫਿਰ ਕਦੇ ਸਹੀ। ਜੰਗ ਚਲਦੀ ਰਹੀ।

Advertisement

Advertisement
Advertisement
Author Image

joginder kumar

View all posts

Advertisement