ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਨਿਸ ਵਿੱਚ ਜਸ ਖੱਟਣ ਵਾਲਾ ਪਹਿਲਾ ਸਰਦਾਰ

11:02 AM Oct 21, 2023 IST

ਜਗਜੀਤ ਸਿੰਘ ਗਣੇਸ਼ਪੁਰ
Advertisement

ਖੇਡਾਂ ਦੇ ਸੰਦਰਭ ਵਿੱਚ ਗੱਲ ਜਦੋਂ ਪੰਜਾਬੀਆਂ ਦੀ ਤੁਰਦੀ ਹੈ ਤਾਂ ਦਿਮਾਗ਼ ਵਿੱਚ ਵਿਸ਼ੇਸ਼ ਕਰਕੇ ਹਾਕੀ, ਕਬੱਡੀ, ਕ੍ਰਿਕਟ, ਫੁੱਟਬਾਲ ਅਤੇ ਅਥਲੈਟਿਕਸ ਆਦਿ ਦਾ ਹੀ ਧਿਆਨ ਆਉਂਦਾ ਹੈ। ਇਸ ਦਾ ਕਾਰਨ ਵੀ ਸਪੱਸ਼ਟ ਹੈ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਕਈ ਮੀਲ ਪੱਥਰ ਆਪਣੇ ਨਾਮ ਕੀਤੇ ਹਨ। ਗੱਲ ਜੇਕਰ ਟੈਨਿਸ ਦੀ ਕਰੀਏ ਤਾਂ ਇਹ ਕਦੇ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਨਹੀਂ ਰਹੀ, ਪਰ ਹੁਣ ਪਿਛਲੇ ਕੁਝ ਸਮੇਂ ਤੋਂ ਨਵੇਂ ਖਿਡਾਰੀ ਇਸ ਵੱਲ ਆ ਰਹੇ ਹਨ। ਪਿਛਲੇ ਸਮੇਂ ਵਿੱਚ ਸਰਦਾਰ ਜਸਜੀਤ ਸਿੰਘ ਨੇ ਟੈਨਿਸ ਵਿੱਚ ਬਹੁਤ ਨਾਮਣਾ ਖੱਟਿਆ, ਜਿਸ ਬਾਰੇ ਨਵੀਂ ਪੀੜ੍ਹੀ ਘੱਟ ਜਾਣਦੀ ਹੈ। ਜਸਜੀਤ ਸਿੰਘ ਨੂੰ ਦੇਸ਼ ਵੱਲੋਂ ਟੈਨਿਸ ਖੇਡਣ ਵਾਲੇ ਪਹਿਲੇ ਪੰਜਾਬੀ ਸਿੱਖ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ ਯਾਨੀ ਟੈਨਿਸ ਵਿੱਚ ਜਸ ਖੱਟਣ ਵਾਲਾ ਪਹਿਲਾ ਸਰਦਾਰ।
ਜਸਜੀਤ ਸਿੰਘ ਦਾ ਜਨਮ ਨਵੀਂ ਦਿੱਲੀ ਵਿਖੇ ਮਹਿੰਦਰ ਸਿੰਘ (ਵਣਜ ਮੰਤਰਾਲੇ ਵਿੱਚ ਸੀਨੀਅਰ ਅਧਿਕਾਰੀ) ਅਤੇ ਹਰਨਾਮ ਕੌਰ ਦੇ ਘਰ 4 ਫਰਵਰੀ 1948 ਨੂੰ ਹੋਇਆ। ਉਨ੍ਹਾਂ ਦਾ ਪਰਿਵਾਰ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਦਿੱਲੀ ਆ ਕੇ ਵਸਿਆ ਸੀ। ਜਸਜੀਤ ਸਿੰਘ ਦੇ ਬਚਪਨ ਵਿੱਚ ਟੈਨਿਸ ਖੇਡਣ ਦੇ ਸ਼ੌਕ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਉਸ ਨੂੰ ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਵਿੱਚ ਟੈਨਿਸ ਸਿੱਖਣ ਲਈ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਭੇਜਿਆ। ਉਨ੍ਹਾਂ ਦਾ ਪਰਿਵਾਰ ਉਸ ਦੀ ਲਗਭਗ 10 ਸਾਲ ਦੀ ਉਮਰ ਤੱਕ ਨਵੀਂ ਦਿੱਲੀ ਵਿੱਚ ਰਿਹਾ ਜਦੋਂ ਤੱਕ ਉਨ੍ਹਾਂ ਦੇ ਪਿਤਾ ਦੀ ਬਦਲੀ ਦਿੱਲੀ ਤੋਂ ਕਲਕੱਤਾ ਦੀ ਨਹੀਂ ਹੋ ਗਈ। ਕਲਕੱਤੇ ਰਹਿੰਦਿਆਂ ਉਹ ਤਿੰਨ ਸਾਲ ਸਾਊਥ ਕਲੱਬ ਵਿਖੇ ਬੰਗਾਲ ਲਾਅਨ ਟੈਨਿਸ ਐਸੋਸੀਏਸ਼ਨ ਕੋਚਿੰਗ ਸਕੀਮ ਅਧੀਨ ਖੇਡਿਆ। ਫਿਰ ਦਿੱਲੀ ਵਾਪਸ ਆਉਣ ’ਤੇ ਉਸ ਦਾ ਬਾਰਾਖੰਬਾ ਰੋਡ ਸਥਿਤ ਮਾਡਰਨ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ। ਉਹ ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਨਾਲ ਮੁੜ ਜੁੜ ਗਿਆ। 15 ਸਾਲ ਦੀ ਉਮਰ ਵਿੱਚ ਉਸ ਨੇ ਦਿੱਲੀ ਸਟੇਟ ਜੂਨੀਅਰ ਖਿਤਾਬ (18 ਸਾਲ ਤੋਂ ਘੱਟ) ਜਿੱਤਿਆ। ਉਹ 18 ਸਾਲ ਤੋਂ ਘੱਟ ਉਮਰ ਵਰਗ ਵਿੱਚ ਦੇਸ਼ ਵਿੱਚੋਂ ਨੰਬਰ 2 ’ਤੇ ਸੀ ਅਤੇ ਉਸ ਨੂੰ ਇੰਗਲੈਂਡ, ਨੀਦਰਲੈਂਡਜ਼ ਅਤੇ ਜਰਮਨੀ ਵਿਖੇ ਟੂਰਨਾਮੈਂਟ ਖੇਡਣ ਲਈ ਦੋ ਮਹੀਨਿਆਂ ਲਈ ਯੂਰਪ ਜਾਣ ਲਈ ਚੁਣਿਆ ਗਿਆ। ਜਿੱਥੇ ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਇੱਕ ਟੂਰਨਾਮੈਂਟ ਜਿੱਤਿਆ ਅਤੇ ਪ੍ਰਸਿੱਧ ਖਿਡਾਰੀਆਂ ਦੇ ਖਿਲਾਫ਼ ਉਮਦਾ ਪ੍ਰਦਰਸ਼ਨ ਕੀਤਾ। ਉਸ ਨੂੰ ਅਮਰੀਕਾ ਦੀਆਂ ਚਾਰ ਯੂਨੀਵਰਸਿਟੀਆਂ ਤੋਂ ਟੈਨਿਸ ਸਕਾਲਰਸ਼ਿਪ ਦਾ ਪ੍ਰਸਤਾਵ ਆਇਆ। ਨਤੀਜੇ ਵਜੋਂ ਉਸ ਨੇ 1964 ਵਿੱਚ ਸਾਊਥ ਬੇਂਡ, ਇੰਡੀਆਨਾ ਵਿੱਚ ਨੋਟਰੇ ਡੈਮ ਯੂਨੀਵਰਸਿਟੀ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਉਸ ਨੇ ਉੱਥੇ 4 ਸਾਲ ਪੜ੍ਹਾਈ ਕੀਤੀ ਅਤੇ ਬਿਜ਼ਨਸ ਮੈਨੇਜਮੈਂਟ ਵਿੱਚ ਆਪਣੀ ਅੰਡਰ ਗ੍ਰੈਜੁਏਟ ਡਿਗਰੀ ਪ੍ਰਾਪਤ ਕੀਤੀ। ਉੱਥੇ ਉਸ ਨੇ ਸਿੰਗਲਜ਼ ਵਿੱਚ ਅੰਡਰ 16 ਨੈਸ਼ਨਲ ਇੰਡੋਰਜ਼ ਖਿਤਾਬ ਜਿੱਤਿਆ, ਅਮਰੀਕਾ ਵਿੱਚ ਜੂਨੀਅਰਜ਼ ਵਿੱਚ 2 ਨੈਸ਼ਨਲ ਡਬਲਜ਼ ਖ਼ਿਤਾਬ ਜਿੱਤੇ। ਉਸ ਨੇ ਨੋਟਰੇ ਡੈਮ ਯੂਨੀਵਰਸਿਟੀ ਲਈ ਸਿੰਗਲਜ਼ ਵਿੱਚ ਤਿੰਨ ਇੰਟਰ ਕਾਲਜੀਏਟ ਖਿਤਾਬ ਵੀ ਜਿੱਤੇ।


ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਜਪਾਨ ਦੇ ਤੋਸ਼ੀਰੋ ਸਕਾਈ ਤੋਂ ਭਾਵੇਂ ਉਹ ਹਾਰ ਗਿਆ, ਪਰ ਉਸ ਦੀ ਟੈਨਿਸ ਜਗਤ ਵਿੱਚ ਚਰਚਾ ਹੋਈ। ਡੇਵਿਸ ਕੱਪ ਵਿੱਚ ਭਾਰਤ ਸਾਹਮਣੇ ਆਸਟਰੇਲੀਆਈ ਚੁਣੌਤੀ ਸੀ ਜਿਸ ਵਿੱਚ ਜਸਜੀਤ ਨੂੰ ਪਹਿਲਾ ਸਿੰਗਲ ਖੇਡਣ ਲਈ ਆਨੰਦ ਅੰਮ੍ਰਿਤਰਾਜ ਤੋਂ ਪਹਿਲਾਂ ਚੁਣਿਆ ਗਿਆ। ਆਪਣੇ ਖੇਡ ਦੀ ਅਭੁੱਲ ਯਾਦ ਦਾ ਜ਼ਿਕਰ ਕਰਦੇ ਹੋਏ ਉਸ ਨੇ ਦੱਸਿਆ ਕਿ 1974 ਵਿੱਚ ਕਲਕੱਤੇ ਵਿਖੇ ਮਈ ਦੇ ਮੱਧ ਵਿੱਚ ਆਸਟਰੇਲੀਆ ਦੇ ਖਿਲਾਫ਼ ਉਸ ਦਾ ਡੇਵਿਸ ਕੱਪ ਮੈਚ; ਨਿਸ਼ਚਿਤ ਤੌਰ ’ਤੇ ਉਸ ਦੇ ਟੈਨਿਸ ਕਰੀਅਰ ਦਾ ਯਾਦਗਾਰੀ ਮੈਚ ਸੀ। ਇਹ ਟਾਈ ਦਾ ਪਹਿਲਾ ਮੈਚ ਸੀ, ਉਹ ਦਿਨ 100% ਨਮੀ ਦੇ ਨਾਲ ਬਹੁਤ ਗਰਮ (45° ਤਾਪਮਾਨ) ਦਿਨ ਸੀ । ਮੈਦਾਨ ’ਤੇ 10000 ਤੋਂ ਵੱਧ ਲੋਕ ਸਨ, ਹਰ ਇਮਾਰਤ ਤੇ ਹਰ ਰੁੱਖ ਦਰਸ਼ਕਾਂ ਨਾਲ ਲੱਦਿਆ ਹੋਇਆ ਸੀ। ਇਹ ਮੁਕਾਬਲਾ ਉਸ ਨੇ ਬਹੁਤ ਮੁਸ਼ਕਲ ਹਾਲਤਾਂ ਵਿੱਚ ਜਿੱਤਿਆ। ਉਸ ਨੇ ਆਸਟਰੇਲੀਆ ਦੇ ਬੌਬ ਗਿਲਟੀਨਾਨ ਨੂੰ 11-9 9-11 12-10 8-6 ਦੇ ਫਰਕ ਨਾਲ ਹਰਾ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਅਗਲੇ ਦਿਨ ਉਸ ਦੀ ਤਸਵੀਰ ਭਾਰਤ ਦੇ ਜ਼ਿਆਦਾਤਰ ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ ਸੀ। ਜਿੱਤ ਤੋਂ ਖੁਸ਼ ਵਿਜੇ ਅੰਮ੍ਰਿਤਰਾਜ ਨੇ ਟਿੱਪਣੀ ਕੀਤੀ, ‘‘ਜਸਜੀਤ ਨੇ ਸਾਨੂੰ ਚੰਗੀ ਲੀਡ ਦਿਵਾਈ ਜਿਸ ਦਾ ਭਾਰਤ ਨੇ ਪੂਰਾ ਫਾਇਦਾ ਉਠਾਇਆ; ਉਹ ਸ਼ਾਨਦਾਰ ਖੇਡਿਆ।’’
ਤਿਰੁਵੇਂਦਰਮ ਵਿੱਚ ਰਾਮਨਾਥ ਕ੍ਰਿਸ਼ਨਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਲ ਇੰਡੀਆ ਹਾਰਡ ਕੋਰਟ ਚੈਂਪੀਅਨਸ਼ਿਪ ਜਿੱਤੀ। ਉਹ 1977 ਵਿੱਚ ਬੰਬਈ ਵਿੱਚ ਹੋਏ ਇੰਡੀਅਨ ਓਪਨ ਵਿੱਚ ਮਾਰਸੇਲੋ ਲਾਰਾ ਨਾਲ ਡਬਲਜ਼ ਫਾਈਨਲਿਸਟ ਸੀ। ਉਸ ਨੇ ਸਾਰੇ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਦੇ ਮੁੱਖ ਸਿੰਗਲ ਡਰਾਅ ਵਿੱਚ ਹਿੱਸਾ ਲਿਆ। ਉਸ ਦੀਆਂ ਪ੍ਰਾਪਤੀਆਂ ਵਿੱਚ ਕਈ ਮਹਾਨ ਖਿਡਾਰੀਆਂ ਉੱਤੇ ਜਿੱਤਾਂ ਸ਼ਾਮਲ ਹਨ। ਉਸ ਦੀ ਸਭ ਤੋਂ ਵੱਡੀ ਸਫਲਤਾ ਮਿਕਸਡ ਡਬਲਜ਼ ਵਿੱਚ ਆਈ ਜਦੋਂ 1973 ਦੇ ਯੂਐੱਸ ਓਪਨ ਵਿੱਚ ਉਹ ਆਪਣੀ ਜੋੜੀਦਾਰ ਇਲਾਨਾ ਕਲੋਸ ਦੇ ਨਾਲ ਕੁਆਰਟਰ ਫਾਈਨਲ ਤੱਕ ਪਹੁੰਚਿਆ। ਰਿਟਾਇਰ ਹੋਣ ਤੋਂ ਬਾਅਦ ਅੱਜਕੱਲ੍ਹ ਉਹ ਨਿਊਯਾਰਕ ਵਿੱਚ ਰਹਿ ਰਿਹਾ ਹੈ ਅਤੇ ਨਵੀਂ ਦਿੱਲੀ ਆਉਂਦਾ ਜਾਂਦਾ ਰਹਿੰਦਾ ਹੈ।
ਆਲ ਇੰਡੀਆ ਟੈਨਿਸ ਐਸੋਸੀਏਸ਼ਨ ਭਾਰਤ ਅਤੇ ਵਿਦੇਸ਼ਾਂ ਵਿੱਚ ਖੇਡਣ ਦੇ ਮਾਮਲੇ ਵਿੱਚ ਉਸ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਰਹੀ ਸੀ। ਇਸ ਲਈ 1969 ਵਿੱਚ ਉਸ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਯੂਰਪ ਵਿੱਚ ਖੇਡਣ ਤੋਂ ਬਾਅਦ ਅਮਰੀਕਾ ਚਲਾ ਗਿਆ। 1970 ਵਿੱਚ ਉਸ ਨੇ ਰਾਤ ਨੂੰ ਵਿੱਤ ਵਿੱਚ ਐੱਮਬੀਏ ਕਰਨ ਲਈ ਨਿਊਯਾਰਕ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦਾ ਫੈਸਲਾ ਕਰਨ ਦੇ ਨਾਲ ਹੀ ਦਿਨ ਦੇ ਸਮੇਂ ਟੈਨਿਸ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਦੋ ਸਾਲਾਂ ਲਈ ਅਜਿਹਾ ਕੀਤਾ। ਇਸ ਸਮੇਂ ਉਹ ਨਿਊਯਾਰਕ ਵਿੱਚ ਸਿੰਗਲਜ਼ ਵਿੱਚ ਯੂ.ਐੱਸ. ਓਪਨ ਖੇਡਿਆ। 1981 ਦੇ ਅੰਤ ਵਿੱਚ ਉਹ ਪੇਸ਼ੇਵਰ ਤੌਰ ’ਤੇ ਟੈਨਿਸ ਖੇਡਣਾ ਛੱਡ ਕੇ ਨਿਊਯਾਰਕ ਵਿੱਚ ਇੱਕ ਵਿੱਤੀ ਕੰਪਨੀ ਵਿੱਚ ਨੌਕਰੀ ਕਰਨ ਲੱਗਾ।
ਜਸਜੀਤ ਸਿੰਘ ਨੂੰ ਭਾਰਤ ਦਾ ਭੁੱਲਿਆ ਹੋਇਆ ਟੈਨਿਸ ਸਟਾਰ ਕਰਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਪੰਜਾਬ ਵਿੱਚ ਵੀ ਉਸ ਦਾ ਜ਼ਿਕਰ ਘੱਟ ਹੀ ਹੁੰਦਾ ਹੈ। ਲੋੜ ਹੈ ਇਹੋ ਜਿਹੀਆਂ ਸ਼ਖ਼ਸੀਅਤਾਂ ਦੀਆਂ ਬਾਤਾਂ, ਆਪਣੇ ਨੌਜਵਾਨ ਖਿਡਾਰੀਆਂ ਨਾਲ ਪਾਉਣ ਦੀ; ਤਾਂ ਜੋ ਉਹ ਉਨ੍ਹਾਂ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਸਕਣ।
Advertisement

ਸੰਪਰਕ: 94655-76022

Advertisement