ਪੰਚਾਇਤੀ ਚੋਣ ਅਮਲੇ ਦੀ ਪਹਿਲੀ ਰਿਹਰਸਲ ਮੁਕੰਮਲ
ਪੱਤਰ ਪ੍ਰੇਰਕ
ਸ਼ਾਹਕੋਟ, 3 ਅਕਤੂਬਰ
ਅਗਾਮੀ ਪੰਚਾਇਤੀ ਚੋਣਾਂ ਵਿੱਚ ਤਾਇਨਾਤ ਕੀਤੇ ਚੋਣ ਅਮਲੇ ਦੀ ਪਹਿਲੀ ਚੋਣ ਰਿਹਰਸਲ ਤਹਿਸੀਲਦਾਰ ਸ਼ਾਹਕੋਟ ਗੁਰਦੀਪ ਸਿੰਘ ਸੰਧੂ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਹੋਈ। ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਚੋਣ ਅਮਲੇ ਨੂੰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਉਣ ਨਾਲ ਹੀ ਸਥਾਨਿਕ ਪੱਧਰ ’ਤੇ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ। ਸੈਕਟਰ ਅਫਸਰ ਅਵਤਾਰ ਸਿੰਘ, ਗੌਰਵ ਕੁਮਾਰ, ਵਿਵੇਕ ਕੌੜਾ, ਵਿਸ਼ਵ ਭਾਨੂੰ ਸ਼ਰਮਾ, ਸੁਖਬੀਰ ਸਿੰਘ, ਕੁਲਦੀਪ ਕੁਮਾਰ ਸਚਦੇਵਾ, ਪ੍ਰਿੰਸ, ਪਵਨ ਕੁਮਾਰ ਅਤੇ ਅਮਨਦੀਪ ਸਿੰਘ ਨੇ ਚੋਣ ਅਮਲੇ ਨੂੰ ਡਿਊਟੀ ਨਿਭਾਉਣ ਸਬੰਧੀ ਸਿਖਲਾਈ ਦਿੱਤੀ। ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਗਲੀ ਰਿਹਰਸਲ 6 ਅਕਤੂਬਰ ਨੂੰ ਇਸੇ ਸਥਾਨ ’ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਸ਼ਾਹਕੋਟ ਵਿੱਚ 108 ਬੂਥ ਲਈ 130 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ। 14 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਨਾਲ ਸਬੰਧਿਤ ਮਟੀਰੀਅਲ ਦੇ ਕੇ ਸੁਰੱਖਿਆ ਦਸਤਿਆਂ ਨਾਲ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਵੋਟ ਪੈਣਗੀਆਂ ਇਸਤੋਂ ਬਾਅਦ ਬੂਥ ਉੱਪਰ ਹੀ ਵੋਟ ਦੀ ਗਿਣਤੀ ਹੋਵੇਗੀ।