ਜੀਟੀਯੂ ਦੀ ਜਨਰਲ ਕੌਂਸਲ ਦਾ ਪਹਿਲਾ ਸੂਬਾਈ ਇਜਲਾਸ
ਜਗਮੋਹਨ ਸਿੰਘ
ਰੂਪਨਗਰ, 23 ਸਤੰਬਰ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 17 ਵੀਂ ਜਨਰਲ ਕੌਂਸਲ ਦਾ ਪਹਿਲਾ ਸੂਬਾਈ ਇਜਲਾਸ ਸਾਥੀ ਵੇਦ ਪ੍ਰਕਾਸ਼ ਯਾਦਗਾਰੀ ਹਾਲ( ਭਸੀਨ ਭਵਨ) ਰੂਪਨਗਰ ਵਿਖੇ ਕਰਵਾਇਆ ਗਿਆ। ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵੱਲੋਂ ਝੰਡੇ ਦੀ ਰਸਮ ਨਾਲ ਹੋਈ ਤੇ ਰਸਮੀ ਉਦਘਾਟਨ ਸਾਬਕਾ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਖੱਟੜਾ ਵੱਲੋਂ ਕੀਤਾ ਗਿਆ। ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਰਿਪੋਰਟ ਪੇਸ਼ ਕੀਤੀ । ਇਸ ਰਿਪੋਰਟ ਦੌਰਾਨ ਕੌਮੀ ਸਿੱਖਿਆ ਨੀਤੀ 2020 ਦੇ ਮਾਰੂ ਪੱਖਾਂ ਸਿੱਖਿਆ ਦੇ ਖੇਤਰ ਅੰਦਰ ਵਿਦੇਸ਼ੀ ਦਖਲਅੰਦਾਜ਼ੀ, ਸਿੱਖਿਆ ਦਾ ਕੇਂਦਰੀਕਰਨ, ਅਧਿਆਪਕ ਭਰਤੀ ਪ੍ਰਕਿਰਿਆ ਔਖਾ ਕਰਨਾ, ਅਧਿਆਪਕਾਂ ਦੀ ਸੇਵਾ ਹਾਲਤਾਂ ਸਬੰਧੀ ਅਸਪਸ਼ਟਾਂ ਆਦਿ ਪੱਖਾਂ ਦੀ ਕਰੜੀ ਨਿਖੇਧੀ ਕਰਦਿਆਂ ਇਸ ਨੀਤੀ ਨੂੰ ਮੁੱਢ ਤੋਂ ਨਕਾਰਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਗੌਰਮਿੰਟ ਟੀਚਰਜ਼ ਯੂਨੀਅਨ ਮੁੱਢ ਕਦੀਮ ਤੋਂ ਪੰਜਾਬ ਦੇ ਮੁਲਾਜ਼ਮ ਸੰਘਰਸ਼ਾਂ ਦਾ ਧੁਰਾ ਰਹੀ ਹੈ। ਰਿਪੋਰਟ ’ਤੇ ਪੰਜਾਬ ਭਰ ਤੋਂ ਪੁੱਜੇ ਆਗੂਆਂ ਕ੍ਰਮਵਾਰ ਗੁਰਦੀਪ ਸਿੰਘ ਬਾਜਵਾ, ਰਣਜੀਤ ਸਿੰਘ ਫਿਰੋਜ਼ਪੁਰ ਨੇ ਬਹਿਸ ਕੀਤੀ।