For the best experience, open
https://m.punjabitribuneonline.com
on your mobile browser.
Advertisement

ਮੋਗਾ ’ਚ ਖੇਤੀ ਮੰਤਰੀ ਵੱਲੋਂ ਸੂਬੇ ਦੇ ਪਹਿਲੇ ਪਲਾਂਟ ਕਲੀਨਿਕ ਦਾ ਉਦਘਾਟਨ

08:30 AM Jul 09, 2024 IST
ਮੋਗਾ ’ਚ ਖੇਤੀ ਮੰਤਰੀ ਵੱਲੋਂ ਸੂਬੇ ਦੇ ਪਹਿਲੇ ਪਲਾਂਟ ਕਲੀਨਿਕ ਦਾ ਉਦਘਾਟਨ
ਮੋਗਾ ’ਚ ਪਲਾਂਟ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੁਲਾਈ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੂਬੇ ’ਚ ਖੇਤੀਬਾੜੀ ਵਿਭਾਗ ਦੇ ਪਹਿਲੇ ਪਲਾਂਟ ਕਲੀਨਿਕ ਦਾ ਉਦਘਾਟਨ ਕੀਤਾ। ਇਸ ’ਤੇ 1.25 ਕਰੋੜ ਦੀ ਲਾਗਤ ਆਈ ਹੈ। ਇਸ ਵਿੱਚ ਅਮਰੀਕਾ ਦੀ ਆਧੁਨਿਕ ਤਕਨੀਕ ਨਾਲ ਬਣੀ ਆਈਸੀਪੀ-ਓਈਐੱਸ ਮਸ਼ੀਨ ਰਾਹੀਂ ਖੇਤੀ ਮਾਹਰ ਜ਼ਮੀਨਾਂ ਦੀ ਮਿੱਟੀ ਦੀ ਪਰਖ ਮਗਰੋਂ ਜ਼ਮੀਨ ’ਚ ਤੱਤਾਂ ਦੀ ਘਾਟ ਅਤੇ ਫ਼ਸਲ ਨੂੰ ਤੰਦਰੁਸਤ ਰੱਖਣ ਲਈ ਲੋੜੀਂਦੀਆਂ ਖਾਦਾਂ ਤੇ ਦਵਾਈਆਂ ਆਦਿ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਰਹਿੰਦ-ਖੂੰਹਦ ਪ੍ਰਬੰਧਨ ਲਈ ਸਰਕਾਰ ਨੇ ਬਜਟ 350 ਕਰੋੜ ਤੋਂ ਵਧਾ ਕੇ 500 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਇਸ ਆਧੁਨਿਕ ਤਕਨੀਕ ਵਾਲੀ ਮਸ਼ੀਨ ਬਾਰੇ ਦੱਸਿਆ ਕਿ ਇਸ ਕਲੀਨਿਕ ਵਿੱਚ ਕਿਸਾਨ ਬਿਮਾਰੀ ਲੱਗੇ ਬੂਟਿਆਂ ਨੂੰ ਖੇਤਾਂ ’ਚੋਂ ਜੜ੍ਹੋਂ ਪੁੱਟ ਕੇ ਇਥੇ ਅਧਿਐਨ ਲਈ ਲਿਆ ਸਕਦੇ ਹਨ। ਕਲੀਨਿਕ ਵਿੱਚ ਮੌਜੂਦ ਪਲਾਂਟ ਡਾਕਟਰ ਇਨ੍ਹਾਂ ਬੂਟਿਆਂ ਦਾ ਅਧਿਐਨ ਕਰਕੇ ਕਿਸਾਨਾਂ ਨੂੰ ਸਲਾਹ ਦੇਣਗੇ। ਹੁਣ ਕਿਸਾਨਾਂ ਨੂੰ ਖੇਤਾਂ ਦੀ ਮਿੱਟੀ ਦੀ ਪਰਖ ਲਈ ਸੂਬੇ ਤੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਇਹ ਮਸ਼ੀਨ 70 ਤੋਂ ਵੱਧ ਟੈਸਟ ਅਤੇ ਡਾਇਗਨੋਸਿਸ ਕਰ ਸਕਦੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਇਸ ਪਲਾਂਟ ਕਲੀਨਿਕ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਅਧਿਕਾਰੀਆਂ ਨੂੰ ਪਿੰਡ ਅਤੇ ਖੇਤਾਂ ’ਚ ਕਿਸਾਨਾਂ ਨਾਲ ਸੰਗਤ ਦਰਸ਼ਨ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ।
ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੇਤੀ ਵਿੱਚ ਮੁਨਾਫ਼ੇੇ ਦੀ ਸਮਰੱਥਾ ਵਧਾਉਣ ਲਈ ਕਿਸਾਨਾਂ ਵਿੱਚ ਸਭ ਤੋਂ ਪਹਿਲਾਂ ਆਪਣੀ ਉਪਜ ਰਾਹੀਂ ਵੱਖ-ਵੱਖ ਉਤਪਾਦ ਬਣਾਉਣ ਦਾ ਹੁਨਰ ਵਿਕਸਿਤ ਕਰਨਾ ਜ਼ਰੂਰੀ ਹੈ ਤਾਂ ਜੋ ਉਪਜ ਦਾ ਮੁੱਲ ਵਧਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਿਵੇਂ ਕਿ ਮਨੁੱਖੀ ਮਰੀਜ਼ਾਂ ਦੀ ਬਲੱਡ ਰਿਪੋਰਟ ਅਤੇ ਐਕਸ-ਰੇਅ ਆਦਿ ਦੇਖ ਕੇ ਇੱਕ ਚੰਗਾ ਡਾਕਟਰ ਸਲਾਹ ਦਿੰਦਾ ਹੈ। ਠੀਕ ਉਸੇ ਤਰ੍ਹਾਂ ਹੀ ਇਸ ਮਸ਼ੀਨ ਨਾਲ ਜ਼ਮੀਨੀ ਤੱਤਾਂ ਦਾ ਅਧਿਐਨ ਕਰ ਕੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਵੇਗੀ। ਇਸ ਮੌਕੇ ਮੇਅਰ ਬਲਜੀਤ ਸਿੰਘ ਚੰਨੀ, ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ, ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਡਾ. ਸੁਖਰਾਜ ਕੌਰ, ਡਾ. ਨਵਦੀਪ ਸਿੰਘ ਜੌੜਾ, ਡਾ. ਬਲਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement

ਖੇਤੀਬਾੜੀ ਲਈ ਰਵਾਇਤੀ ਗਿਆਨ ਤੇ ਵਿਗਿਆਨ ਦਾ ਸੁਮੇਲ ਜ਼ਰੂਰੀ: ਵਿਧਾਇਕ ਸੁਖਾਨੰਦ

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਕਿਸਾਨਾਂ ਕੋਲ ਸਦੀਆਂ ਤੋਂ ਫਸਲਾਂ ਦੀ ਕਾਸ਼ਤ ਅਤੇ ਸਥਿਰਤਾ ਦਾ ਰਵਾਇਤੀ ਗਿਆਨ ਅਤੇ ਤਜਰਬਾ ਹੈ। ਕਿਸਾਨਾਂ ਦੇ ਰਵਾਇਤੀ ਗਿਆਨ ਦੇ ਨਾਲ ਨੌਜਵਾਨਾਂ ਦਾ ਤਕਨੀਕੀ ਤੇ ਵਿਗਿਆਨਕ ਗਿਆਨ ਦਾ ਸੁਮੇਲ ਖੇਤੀ ਨੂੰ ਸਫਲ ਉੱਦਮ ਬਣਾਏਗਾ। ਇਸ ਨਾਲ ਉਨ੍ਹਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਵੀ ਉੱਚਾ ਹੋਵੇਗਾ ਅਤੇ ਨੌਜਵਾਨਾਂ ਵਿੱਚ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ।

Advertisement
Author Image

Advertisement
Advertisement
×