ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਇੱਕ ਰੋਜ਼ਾ ਮੁਕਾਬਲਾ ਅੱਜ
ਜੋਹੈਨਸਬਰਗ: ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਭਲਕੇ ਐਤਵਾਰ ਨੂੰ ਇੱਥੇ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਨਵੀਂ ਸ਼ੁਰੂਆਤ ਕਰਨ ਉਤਰੇਗੀ। ਸਭ ਤੋਂ ਜ਼ਿਆਦਾ ਧਿਆਨ ਕੇਐੱਲ ਰਾਹੁਲ ’ਤੇ ਰਹੇਗਾ ਜੋ ਤਿੰਨ ਮੈਚਾਂ ਦੀ ਇਸ ਲੜੀ ’ਚ ਟੀਮ ਦੀ ਅਗਵਾਈ ਕਰੇਗਾ। ਬਿਮਾਰ ਹੋਣ ਕਾਰਨ ਟੀ-20 ਲੜੀ ਵਿੱਚ ਨਾ ਖੇਡਣ ਵਾਲੇ ਰੁਤੁਰਾਜ ਗਾਇਕਵਾੜ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀ ਪਹਿਲਾਂ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ ਪਰ ਕੁੱਝ ਹੋਰ ਖਿਡਾਰੀ ਆਪਣੀ ਕਾਬਲੀਅਤ ਦਿਖਾਉਣ ਲਈ ਬੇਤਾਬ ਹੋਣਗੇ। ਇਨ੍ਹਾਂ ਖਿਡਾਰੀਆਂ ’ਚ ਰਿੰਕੂ ਸਿੰਘ ਵੀ ਸ਼ਾਮਲ ਹੈ, ਜਿਸ ਨੇ ਇਸ ਸਾਲ ਟੀ-20 ਕ੍ਰਿਕਟ ’ਚ ਆਪਣੀ ਛਾਪ ਛੱਡੀ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਭਲਕੇ ਮੌਕਾ ਮਿਲ ਸਕਦਾ ਹੈ। ਇਸੇ ਤਰ੍ਹਾਂ ਰਜਤ ਪਾਟੀਦਾਰ, ਭਾਰਦਵਾਜ ਸਾਈ ਸੁਦਰਸ਼ਨ ਅਤੇ ਤਿਲਕ ਵਰਮਾ ਨੂੰ ਵੀ ਮੌਕਾ ਮਿਲ ਸਕਦਾ ਹੈ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਗੈਰ-ਮੌਜੂਦਗੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ੀ ਦੀ ਕਮਾਨ ਆਵੇਸ਼ ਖਾਨ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਹੱਥ ਹੋਵੇਗੀ। ਵੀਰਵਾਰ ਨੂੰ ਤੀਜੇ ਟੀ-20 ਮੈਚ ’ਚ ਜੋਹੈਨਸਬਰਗ ਦੀ ਪਿੱਚ ਸਪਿੰਨਰਾਂ ਦੀ ਮਦਦ ਕਰ ਰਹੀ ਸੀ ਅਤੇ ਜੇ ਸਥਿਤੀ ਇਹੋ ਜਿਹੀ ਹੀ ਰਹੀ ਤਾਂ ਭਾਰਤ ਕੁਲਦੀਪ ਯਾਦਵ, ਅਕਸਰ ਪਟੇਲ ਅਤੇ ਯੁਜ਼ਵੇਂਦਰ ਚਾਹਲ ਦੇ ਰੂਪ ’ਚ ਤਿੰਨ ਸਪਿੰਨਰਾਂ ਨਾਲ ਜਾ ਸਕਦਾ ਹੈ। -ਪੀਟੀਆਈ