ਜਲਾਲਪੁਰ ਦੇ ਸਰਪੰਚ ਵੱਲੋਂ ਪਿੰਡ ਦੀ ਭਲਾਈ ਲਈ ਪਹਿਲਾ ਉਪਰਾਲਾ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਅਕਤੂਬਰ
‘ਆਪ’ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨੂੰ 320 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਪਿੰਡ ਜਲਾਲਪੁਰ ਦੇ ਸਰਪੰਚ ਬਣੇ ਭੁਪਿੰਦਰ ਸਿੰਘ ਬਿੱਟੂ ਨੇ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਦਿੱਕਤ ਦਾ ਹੱਲ ਕਰਵਾਇਆ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਕਰਨ ਵਾਲੀ ਟਿਊਬਵੈੱਲ ਦੀ ਮੋਟਰ ਖ਼ਰਾਬ ਹੋ ਗਈ ਸੀ। ਇਸ ਨੂੰ ਸਰਪੰਚ ਭੁਪਿੰਦਰ ਸਿੰਘ ਨੇ ਆਪਣੇ ਵੱਲੋਂ ਨਿੱਜੀ ਤੌਰ ’ਤੇ ਇਕ ਲੱਖ ਰੁਪਏ ਦੀ ਰਕਮ ਖ਼ਰਚ ਕਰ ਕੇ ਟਿਊਬਵੈੱਲ ਵਿੱਚ ਨਵੀਂ ਮੋਟਰ ਪਵਾਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਸਰਪੰਚ ਭੁਪਿੰਦਰ ਸਿੰਘ ਬਿੱਟੂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਰਕਮ ਭੇਟ ਕੀਤੀ ਗਈ। ਇਸ ਤੋਂ ਇਲਾਵਾ ਬੰਤ ਸਿੰਘ ਵੱਲੋਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 31,000 ਦਾਨ ਕੀਤੇ ਗਏ। ਇਸ ਦੌਰਾਨ ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਸਰਪੰਚ ਅਤੇ ਸਮੁੱਚੇ ਪੰਚਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਨਵੇਂ ਚੁਣੇ ਸਰਪੰਚ ਭੁਪਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਧੜੇਬੰਦੀ ਅਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹਨ।