ਭਾਰਤੀ ਕਾਮਿਆਂ ਦਾ ਪਹਿਲਾ ਜਥਾ ਇਜ਼ਰਾਈਲ ਪੁੱਜਾ
ਤਲ ਅਵੀਵ, 3 ਅਪਰੈਲ
ਭਾਰਤ ਦੇ 60 ਤੋਂ ਜ਼ਿਆਦਾ ਕਾਮਿਆਂ ਦਾ ਪਹਿਲਾ ਜਥਾ ਇਜ਼ਰਾਈਲ ਪਹੁੰਚ ਗਿਆ ਹੈ। ਇਹ ਕਾਮੇ ਇਜ਼ਰਾਈਲ ’ਚ ਹੁਨਰਮੰਦ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਕਰ ਰਹੀ ਨਿਮਰਾਣ ਸਨਅਤ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਦੋਵਾਂ ਮੁਲਕਾਂ ਦੀਆਂ ਸਰਕਾਰਾਂ (ਜੀ2ਜੀ) ਵਿਚਾਲੇ ਹੋਏ ਸਮਝੌਤੇ ਤਹਿਤ ਇੱਥੇ ਪਹੁੰਚੇ ਹਨ। ਦਲਾਲਾਂ ਨੂੰ ਦੂਰ ਰੱਖਣ ਅਤੇ ਇਜ਼ਰਾਇਲੀ ਮਾਹਰਾਂ ਵੱਲੋਂ ਕਰਵਾਏ ਗਏ ਸਕਰੀਨਿੰਗ ਟੈਸਟ ਰਾਹੀਂ ਭਰਤੀ ਪ੍ਰਕਿਰਿਆ ਨੂੰ ਨਿਰਪੱਖ ਬਣਾਉਣ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਇਸ ਪ੍ਰਣਾਲੀ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ। ਇਜ਼ਰਾਇਲੀ ਮਾਹਰਾਂ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਭਾਰਤੀ ਏਜੰਸੀਆਂ ਨਾਲ ਇਹ ਪ੍ਰਕਿਰਿਆ ਦੇ ਸਬੰਧ ਵਿੱਚ ਤਾਲਮੇਲ ਕੀਤਾ ਸੀ। ਭਾਰਤੀ ਮਜ਼ਦੂਰਾਂ ਦਾ ਪਹਿਲਾ ਜਥਾ ਲੰਘੀ ਸ਼ਾਮ ਇਜ਼ਰਾਈਲ ਪਹੁੰਚਿਆ ਸੀ। ਭਾਰਤ ’ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਐਕਸ ’ਤੇ ਕਿਹਾ, ‘(ਦੋਵਾਂ ਦੇਸ਼ਾਂ ਵਿਚਾਲੇ) ਸਮਝੌਤੇ ਤਹਿਤ ਇਜ਼ਰਾਈਲ ਜਾਣ ਵਾਲੇ 60 ਤੋਂ ਵੱਧ ਭਾਰਤੀ ਮਜ਼ਦੂਰਾਂ ਦੇ ਪਹਿਲੇ ਜਥੇ ਨੂੰ ਰਵਾਨਾ ਕਰਨ ਲਈ ਵਿਦਾਈ ਸਮਾਗਮ ਕਰਵਾਇਆ ਗਿਆ। ਇਹ ਭਾਰਤ ਦੇ ਕੌਮੀ ਹੁਨਰ ਵਿਕਾਸ ਨਿਗਮ ਸਮੇਤ ਕਈ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ।’ -ਪੀਟੀਆਈ