ਆਤਿਸ਼ੀ ਸਰਕਾਰ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਸ਼ੁਰੂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮਗਰੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਸਾਰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵਜੋਂ ਆਤਿਸ਼ੀ ਨੂੰ ਪਹਿਲੀ ਵਾਰ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ‘ਆਪ’ ਵਿਧਾਇਕਾਂ ਅਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਨੇ ਸਦਨ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਦਿੱਲੀ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਸ਼ੁਰੂ ਹੋਣ ਤੋਂ ਤੁਰੰਤ ਬਾਅਦ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਭਾਜਪਾ ਦੇ ਮੈਂਬਰਾਂ ਨੇ ਸਪੀਕਰ ਰਾਮ ਨਿਵਾਸ ਗੋਇਲ ਵੱਲੋਂ ‘ਆਪ’ ਸਰਕਾਰ ਦੀਆਂ ਕਥਿਤ ਨਾਕਾਮੀਆਂ ਖ਼ਿਲਾਫ਼ ਮਤਾ ਪੇਸ਼ ਕਰਨ ਤੋਂ ਇਨਕਾਰ ਕਰਨ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ। ਭਾਜਪਾ ਨੇ ਭਾਰਤ ਦੇ ਕੰਪਟਰੋਲਰ ਅਤੇ ਆਡਿਟਰ ਜਨਰਲ ਦੀਆਂ ਰਿਪੋਰਟਾਂ ਨੂੰ ਵਿਧਾਨ ਸਭਾ ’ਚ ਪੇਸ਼ ਕਰਨ ਦੀ ਵੀ ਮੰਗ ਕੀਤੀ।
ਇਸ ਦੌਰਾਨ ਸਪੀਕਰ ਗੋਇਲ ਨੇ ‘ਆਪ’ ਦੇ ਕੁਲਦੀਪ ਕੁਮਾਰ ਨੂੰ ਅਕਤੂਬਰ 2023 ਵਿੱਚ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਬਰਖਾਸਤ ਕੀਤੇ ਬੱਸ ਮਾਰਸ਼ਲਾਂ ਬਾਰੇ ਬੋਲਣ ਦੀ ਇਜਾਜ਼ਤ ਦਿੱਤੀ। ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਅਤੇ ‘ਆਪ’ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਰਸ਼ਲਾਂ ਨੂੰ ਪੱਕੀ ਨੌਕਰੀਆਂ ਦੇਣ ਦੀ ਮੰਗ ਕੀਤੀ। ਗੋਇਲ ਵੱਲੋਂ ਸਾਰੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਦਨ ਦੀ ਕਾਰਵਾਈ ਨੂੰ ਚਾਲੂ ਰੱਖਣ ਦੀ ਅਪੀਲ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਰਹੀ ਤੇ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰਨੀ ਪਈ। ਜਦੋਂ ਸਦਨ ਮੁੜ ਸ਼ੁਰੂ ਹੋਇਆ ਤਾਂ ਵਿਜੇਂਦਰ ਗੁਪਤਾ ਅਤੇ ਭਾਜਪਾ ਦੇ ਹੋਰ ਮੈਂਬਰਾਂ ਨੇ ਸਦਨ ਵਿੱਚ ਨਾਅਰੇਬਾਜ਼ੀ ਜਾਰੀ ਰੱਖੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫ਼ਤਾਰ ਕਾਰਨ ਰੁਕੇ ਕੰਮ ਛੇਤੀ ਹੀ ਲੀਹ ’ਤੇ ਆਉਣਗੇ। ਵਿਧਾਨ ਸਭਾ ਵਿੱਚ ਉਨ੍ਹਾਂ ਭਾਜਪਾ ’ਤੇ ਦਿੱਲੀ ਸਰਕਾਰ ਦੀਆਂ ਯੋਜਨਾਵਾਂ ਨੂੰ ਰੋਕਣ ਦੇ ਦੋਸ਼ ਲਾਏ। ਜ਼ਿਕਰਯੋਗ ਹੈ ਕਿ ਨਵੀਂ ਕੈਬਨਿਟ ਦੀ ਸਹੁੰ ਚੁੱਕਣ ਤੋਂ ਚਾਰ ਦਿਨ ਬਾਅਦ ਵਿਧਾਨ ਸਭਾ ’ਚ ‘ਆਪ’ ਸਰਕਾਰ ਵੱਲੋਂ ਆਪਣਾ ਬਹੁਮਤ ਸਾਬਤ ਕਰਨਾ ਹੈ। ‘ਆਪ’ ਕੋਲ 70 ਮੈਂਬਰੀ ਸਦਨ ’ਚ ਬਹੁਮਤ ਹੈ। ਭਾਜਪਾ ਦੇ ਸੱਤ ਮੈਂਬਰ ਹਨ ਅਤੇ ਬਾਕੀ ਤਿੰਨ ਸੀਟਾਂ ਖਾਲੀ ਹਨ। ਆਤਿਸ਼ੀ ਨੇ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ, ਜਿਵੇਂ ਕਿ ਸਬਸਿਡੀ ਵਾਲੀ ਬਿਜਲੀ ਅਤੇ ਪਾਣੀ, ਔਰਤਾਂ ਲਈ ਮੁਫਤ ਬੱਸ ਦੀ ਸਵਾਰੀ ਅਤੇ ਮੁਹੱਲਾ ਕਲੀਨਿਕਾਂ ਵਿੱਚ ਸਸਤੇ ਇਲਾਜ। ਸੈਸ਼ਨ ਦੌਰਾਨ ਰਾਮਨਿਵਾਸ ਗੋਇਲ ਨੇ ਤਿੰਨ ਵਿਧਾਇਕਾਂ ਦੇ ਅਸਤੀਫੇ ਤੇ ਅਯੋਗਤਾ ਦਾ ਐਲਾਨ ਕੀਤਾ।
ਵਿਧਾਨ ਸਭਾ ਸਪੀਕਰ ਗੋਇਲ ਨੇ ਕਿਹਾ ਕਿ ਰਾਮਵੀਰ ਸਿੰਘ ਬਿਧੂੜੀ ਨੇ ਦੱਖਣੀ ਦਿੱਲੀ ਤੋਂ ਲੋਕ ਸਭਾ ਮੈਂਬਰ ਬਣਨ ਮਗਰੋਂ 18 ਜੂਨ ਨੂੰ ਅਸਤੀਫਾ ਦਿੱਤਾ ਸੀ, ਜਿਸ ਨੂੰ 22 ਸਤੰਬਰ ਨੂੰ ਮਨਜ਼ੂਰ ਕਰ ਲਿਆ ਸੀ। ਇਸੇ ਤਰ੍ਹਾਂ ‘ਆਪ’ ਦੇ ਵਿਧਾਇਕਾਂ ਰਾਜ ਕੁਮਾਰ ਤੇ ਕਰਤਾਰ ਸਿੰਘ ਤੰਵਰ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਅਯੋਗ ਠਹਿਰਾਈ ਗਈ ਹੈ।
ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ 41 ਨੰਬਰ ਸੀਟ ਅਲਾਟ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿਧਾਨ ਸਭਾ ’ਚ ਪਹਿਲੀ ਸੀਟ ਸੀ, ਜੋ ਹੁਣ ਸੀਟ ਨੰਬਰ 41 ’ਤੇ ਚਲੇ ਗਏ ਹਨ ਅਤੇ ਨਵ-ਨਿਯੁਕਤ ਮੁੱਖ ਮੰਤਰੀ ਆਤਿਸ਼ੀ ਨੂੰ ਪਹਿਲੀ ਸੀਟ ਦਿੱਤੀ ਗਈ ਹੈ। ਆਤਿਸ਼ੀ ਦੀ ਪਹਿਲੀ ਸੀਟ ਦਾ ਨੰਬਰ 19 ਸੀ। ਕੇਜਰੀਵਾਲ ਦੀ ਸੀਟ ਸਪੀਕਰ ਦੇ ਬਿਲਕੁਲ ਸਾਹਮਣੇ ਹੈ। ਚੋਣ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਕੇਜਰੀਵਾਲ ਹਮੇਸ਼ਾ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਹਨ। ਇਸ ਲਈ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਸੀਟ ਨੰਬਰ ਇੱਕ ਸੀ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਵਿਧਾਨ ਸਭਾ ’ਚ ਸਿਰਫ਼ ਵਿਧਾਇਕ ਰਹਿ ਗਏ ਹਨ। ਇਸ ਲਈ ਉਨ੍ਹਾਂ ਦੀ ਸੀਟ ਬਦਲ ਗਈ ਹੈ। ਇਸ ਤੋਂ ਇਲਾਵਾ ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਅਤੇ ਮੁਕੇਸ਼ ਅਹਿਲਾਵਤ ਸਮੇਤ ਦਿੱਲੀ ਦੇ ਕਈ ਮੰਤਰੀਆਂ ਦੀ ਸੀਟ ਬਦਲੀ ਗਈ ਹੈ।
ਭਾਜਪਾ ਨੇ ਵਿਧਾਨ ਸਭਾ ਦੇ ਬਾਹਰ ਸੈਸ਼ਨ ਚਲਾਇਆ
ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਦੇ ਅਹਾਤੇ ਵਿੱਚ ਵਿਧਾਨ ਸਭਾ ਸੈਸ਼ਨ ਲਗਾਇਆ ਗਿਆ ਜਿਸ ਵਿੱਚ ਭਾਜਪਾ ਵਿਧਾਇਕਾਂ ਨੇ ਜਨਤਕ ਮੁੱਦਿਆਂ ’ਤੇ ਚਰਚਾ ਕੀਤੀ। ਵਿਰੋਧੀ ਧਿਰ ਦੇ ਆਗੂ ਵਜਿੰਦਰ ਗੁਪਤਾ ਨੇ ਦੱਸਿਆ ਕਿ ਸਦਨ ਅੰਦਰ ਭਾਜਪਾ ਵਿਧਾਇਕ ਜੋ ਲੋਕ ਹਿੱਤ ਦੇ ਮੁੱਦੇ ਨਹੀਂ ਉਠਾ ਸਕਦੇ ਉਹ ਇਸ ਮੌਕ ਸੈਸ਼ਨ ਦੌਰਾਨ ਉਠਾਏ ਗਏ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਅਧੀਨ ਕੰਮ ਕਰਦੇ ਮਾਰਸ਼ਲਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਅੰਦਰ ਮੰਤਰੀ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਐਲਜੀ ਵੱਲੋਂ ਇਸ ਮਾਮਲੇ ਵਿੱਚ ਕਥਿਤ ਅੜਿੱਕੇ ਢਾਹੇ ਜਾ ਰਹੇ ਹਨ।