For the best experience, open
https://m.punjabitribuneonline.com
on your mobile browser.
Advertisement

ਰਸੂਲੜਾ ਦੇ ਕੂੜਾ ਡੰਪ ’ਚ ਸੱਤ ਦਿਨਾਂ ਤੋਂ ਲੱਗੀ ਅੱਗ ਹਾਲੇ ਤੱਕ ਨਹੀਂ ਬੁਝਾਈ

10:59 AM May 08, 2024 IST
ਰਸੂਲੜਾ ਦੇ ਕੂੜਾ ਡੰਪ ’ਚ ਸੱਤ ਦਿਨਾਂ ਤੋਂ ਲੱਗੀ ਅੱਗ ਹਾਲੇ ਤੱਕ ਨਹੀਂ ਬੁਝਾਈ
ਰਸੂਲੜਾ ਦੇ ਕੂੜਾ ਡੰਪ ਵਿੱਚ ਲੱਗੀ ਹੋਈ ਅੱਗ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਮਈ
ਨਗਰ ਕੌਂਸਲ ਖੰਨਾ ਵੱਲੋਂ ਪਿੰਡ ਰਸੂਲੜਾ-ਬਾਹੋਮਾਜਰਾ ਵਿੱਚ ਬਣੇ ਕੂੜਾ ਡੰਪ ਨੂੰ ਖ਼ਤਮ ਕਰਨ ਲਈ ਇਕ ਕੰਪਨੀ ਨੂੰ 2 ਕਰੋੜ ਦਾ ਠੇਕਾ ਅਲਾਟ ਕੀਤਾ ਗਿਆ ਸੀ। ਕੰਪਨੀ ਨੂੰ ਕਮੇਟੀ ਵੱਲੋਂ ਕਰੀਬ 4-5 ਮਹੀਨੇ ਪਹਿਲਾਂ ਕੰਮ ਲਈ ਹੁਕਮ ਵੀ ਜਾਰੀ ਕੀਤੇ ਗਏ ਸਨ ਪਰ ਕੰਪਨੀ ਵੱਲੋਂ ਡੰਪ ਤੋਂ ਕੂੜਾ ਖ਼ਤਮ ਕਰਨ ਲਈ ਕੰਮ ਨਹੀਂ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਡੰਪ ’ਤੇ ਕੂੜੇ ਨੂੰ ਪਿਛਲੇ ਕਰੀਬ ਹਫਤੇ ਤੋਂ ਅੱਗ ਲੱਗੀ ਹੋਈ ਹੈ ਜਿਸ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੰਪਨੀ ਦੀ ਕਥਿਤ ਮਿਲੀਭੁਗਤ ਨਾਲ ਡੰਪ ਦੇ ਕੂੜੇ ਨੂੰ ਅੱਗ ਜਾਣਬੁੱਝ ਕੇ ਲਾਈ ਗਈ ਹੈ ਤਾਂ ਜੋ ਅੱਗ ਲਗਾ ਕੇ ਕੂੜਾ ਖ਼ਤਮ ਕੀਤਾ ਜਾਵੇ। ਲੋਕਾਂ ਵਿਚ ਚਰਚਾ ਹੈ ਕਿ 2 ਕਰੋੜ ਦੀ ਕਥਿਤ ਤੌਰ ’ਤੇ ਰਕਮ ਖੁਰਦ ਬੁਰਦ ਕਰਨ ਲਈ ਅੱਗ ਲਾਈ ਗਈ ਹੈ ਕਿਉਂਕਿ ਕਈ ਮਹੀਨੇ ਬੀਤ ਜਾਣ ’ਤੇ ਵੀ ਕੰਪਨੀ ਖਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲੀ ਮਈ 2024 ਪਿੰਡ ਰਸੂਲੜਾ-ਬਾਹੋਮਾਜਰਾ ’ਚ ਬਣੇ ਕੂੜਾ ਡੰਪ ਨੂੰ ਅੱਗ ਲੱਗ ਗਈ ਜਿਸ ਨੂੰ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਆਲੇ ਦੁਆਲੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਾਰਨ ਅੱਗ ਹੋਰ ਭੜਕ ਗਈ। ਇਸ ਉਪਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਜ 7 ਦਿਨ ਬੀਤ ਜਾਣ ’ਤੇ ਅੱਗ ਨਹੀਂ ਬੁਝਾਈ ਗਈ। ਲੋਕਾਂ ਨੇ ਕਿਹਾ ਕਿ ਕੌਂਸਲ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਲਈ 1997-98 ’ਚ ਜ਼ਮੀਨ ਐਕੁਆਇਰ ਕੀਤੀ ਸੀ ਅਤੇ ਇਥੇ ਹੌਲੀ ਹੌਲੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ। ਹੁਣ ਇਥੇ ਕੂੜੇ ਦੇ ਪਹਾੜ ਬਣ ਗਏ ਹਨ। ਫਾਇਰ ਅਫ਼ਸਰ ਮਹੇਸ਼ ਸ਼ਰਮਾ ਨੇ ਕਿਹਾ ਕਿ ਕੂੜਾ ਡੰਪ ਵਿਚ ਪਏ ਪਲਾਸਟਿਕ ਕਾਰਨ ਅੱਗ ਭੜਕ ਰਹੀ ਹੈ ਅਤੇ ਇਸ ’ਤੇ ਕਾਬੂ ਪਾਉਣ ਵਿਚ ਸਮੱਸਿਆ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ 2 ਕਰੋੜ ਦਾ ਘਪਲਾ ਕਰਨ ਦੀਆਂ ਸ਼ਹਿਰ ਵਿਚ ਗੱਲਾਂ ਹੋ ਰਹੀਆਂ ਹਨ।

Advertisement

ਕੂੜਾ ਖ਼ਤਮ ਕਰਨ ਵਾਲੀ ਕੰਪਨੀ ਨੂੰ ਨੋਟਿਸ ਭੇਜਿਆ: ਈਓ

ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਕੰਪਨੀ ਨੂੰ ਕੂੜਾ ਖਤਮ ਕਰਨ ਲਈ ਕਰੀਬ 2 ਕਰੋੜ ਰੁਪਏ ਦਾ ਟੈਂਡਰ ਅਲਾਂਟ ਕੀਤਾ ਗਿਆ ਸੀ। ਕੰਮ ਨਾ ਕਰਨ ਕਾਰਨ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ, ਜੇਕਰ 2-3 ਦਿਨਾਂ ਵਿਚ ਕੂੜਾ ਸੁੱਟਣ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਇਹ ਮਾਮਲਾ ਕਮੇਟੀ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ, ਜਿਸ ਵਿਚ ਕੰਪਨੀ ਨੂੰ ਕਾਲੀ ਸੂਚੀ ਵਿੱਚ ਪਾਉਣ ਲਈ ਮਤਾ ਲਿਆਂਦਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×