For the best experience, open
https://m.punjabitribuneonline.com
on your mobile browser.
Advertisement

ਰੱਬ ਆਸਰੇ ਚੱਲ ਰਿਹੈ ਮੁਹਾਲੀ ਦਾ ਫਾਇਰ ਬ੍ਰਿਗੇਡ ਦਫ਼ਤਰ

06:54 AM Jul 04, 2023 IST
ਰੱਬ ਆਸਰੇ ਚੱਲ ਰਿਹੈ ਮੁਹਾਲੀ ਦਾ ਫਾਇਰ ਬ੍ਰਿਗੇਡ ਦਫ਼ਤਰ
ਮੁਹਾਲੀ ਫਾਇਰ ਬ੍ਰਿਗੇਡ ਦੇ ਵਿਹੜੇ ਵਿੱਚ ਖੜ੍ਹੇ ਅੱਗ ਬੁਝਾਉਣ ਵਾਲੇ ਵਾਹਨ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 3 ਜੁਲਾਈ
ਮੁਹਾਲੀ ਨਗਰ ਨਿਗਮ ਕੋਲ ਅੱਗ ਬੁਝਾਉਣ ਲਈ ਮਸ਼ੀਨਰੀ ਪੱਖੋਂ ਤਾਂ ਪੁਖ਼ਤਾ ਪ੍ਰਬੰਧ ਹਨ ਪ੍ਰੰਤੂ ਫਾਇਰਮੈਨਾਂ ਅਤੇ ਡਰਾਈਵਰਾਂ ਦੀ ਭਾਰੀ ਘਾਟ ਹੈ। ਇੱਥੇ ਅੈਡੀਸ਼ਨਲ ਡਿਵੀਜ਼ਨਲ ਫਾਇਰ ਅਫ਼ਸਰ (ਏਡੀਐਫ਼ਓ) ਦੀ ਅਸਾਮੀ ਵੀ ਖਾਲੀ ਪਈ ਹੈ। ਇਸ ਤੋਂ ਇਲਾਵਾ ਪਾਣੀ ਦੀ ਸਟੋਰੇਜ ਦਾ ਪ੍ਰਬੰਧ ਵੀ ਨਹੀਂ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-1 ਸਥਿਤ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਚਾਰ ਅਤੇ ਨਵੇਂ ਦਫ਼ਤਰ ਵਿੱਚ ਛੇ ਡਰਾਈਵਰ ਹਨ ਅਤੇ ਕ੍ਰਮਵਾਰ 16 ਤੇ 24 ਫਾਇਰਮੈਨ ਹਨ ਜਦੋਂਕਿ ਲੋੜ ਘੱਟੋ-ਘੱਟ 80 ਫਾਇਰਮੈਨਾਂ ਦੀ ਹੈ। ਦੋਵੇਂ ਦਫ਼ਤਰਾਂ ਵਿੱਚ ਸਬ ਫਾਇਰ ਅਫ਼ਸਰ ਵੀ ਪੰਜ ਹੀ ਤਾਇਨਾਤ ਹਨ ਜਦੋਂਕਿ ਲੋੜ 10 ਦੀ ਹੈ। ਇੱਕ ਫਾਇਰ ਅਫ਼ਸਰ ਹੀ ਦੋਵੇਂ ਦਫ਼ਤਰਾਂ ਦਾ ਕੰਮ ਦੇਖ ਰਿਹਾ ਹੈ। ਡਰਾਈਵਰਾਂ ਦੀਆਂ 24 ਅਾਸਾਮੀਆਂ ਮਨਜ਼ੂਰ ਹਨ ਪਰ ਇਸ ਸਮੇਂ ਮੁਹਾਲੀ ਵਿੱਚ ਸਿਰਫ 11 ਚਾਲਕਾਂ ਨਾਲ ਡੰਗ ਸਾਰਿਆ ਜਾ ਰਿਹਾ ਹੈ। ਇਨ੍ਹਾਂ ’ਚੋਂ ਤਿੰਨ ਡਰਾਈਵਰ ਪੱਕੇ ਅਤੇ ਅੱਠ ਕੱਚੇ ਹਨ। ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਤਿੰਨ ਸ਼ਿਫ਼ਟਾਂ ਚੱਲਦੀਆਂ ਹਨ। ਇੱਕ ਫਾਇਰ ਟੈਂਡਰ ’ਤੇ ਘੱਟੋ-ਘੱਟ ਲੀਡ ਫਾਇਰਮੈਨ, ਇੱਕ ਫਾਇਰਮੈਨ, ਡਰਾਈਵਰ ਸਮੇਤ ਕੁੱਲ ਛੇ ਬੰਦਿਆਂ ਦਾ ਸਟਾਫ਼ ਚਾਹੀਦਾ ਹੁੰਦਾ ਹੈ ਪ੍ਰੰਤੂ ਮੌਜੂਦਾ ਸਮੇਂ ਸਿਰਫ਼ ਚਾਰ ਕਰਮਚਾਰੀਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਸੈਕਟਰ-78 ਵਿੱਚ ਬਣਾਏ ਨਵੇਂ ਫਾਇਰ ਦਫ਼ਤਰ-ਕਮ-ਸਿਖਲਾਈ ਕੇਂਦਰ ’ਚ ਵੀ ਸਟਾਫ਼ ਵੀ ਘਾਟ ਹੈ ਅਤੇ ਨਵੇਂ ਦਫ਼ਤਰ ਵਿੱਚ ਪਾਣੀ ਦੀ ਸਟੋਰੇਜ ਦਾ ਪ੍ਰਬੰਧ ਵੀ ਨਹੀਂ ਹੈ। ਗੱਡੀਆਂ ’ਚ ਪਾਣੀ ਭਰਨ ਲਈ ਪੁਰਾਣੇ ਦਫ਼ਤਰ ਜਾਂ ਪ੍ਰਾਈਵੇਟ ਸੁਸਾਇਟੀ ਦੀ ਮਦਦ ਲਈ ਜਾਂਦੀ ਹੈ। ਨੌਜਵਾਨ ਆਗੂ ਆਸ਼ੂ ਵੈਦ ਅਤੇ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦੇ ਪੁਰਾਣੇ ਅਤੇ ਨਵੇਂ ਦਫ਼ਤਰ ਵਿੱਚ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਸ਼ਹਿਰ ਦੀ ਆਬਾਦੀ ਨੂੰ ਦੇਖਦੇ ਹੋਏ ਇੱਕ ਹੋਰ ਨਵਾਂ ਫਾਇਰ ਸਟੇਸ਼ਨ ਬਣਾਇਆ ਜਾਵੇ।

Advertisement

ਕੀ ਕਹਿੰਦੇ ਨੇ ਅਧਿਕਾਰੀ
ਫਾਇਰ ਅਫ਼ਸਰ ਜਸਵਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਰਕਾਰ ਪੱਧਰ ’ਤੇ ਰੈਗੂਲਰ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ ਹੈ ਪ੍ਰੰਤੂ ਸਟਾਫ਼ ਦੀ ਘਾਟ ਦੇ ਬਾਵਜੂਦ ਮੌਜੂਦਾ ਸਟਾਫ਼ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਿਹਾ ਹੈ। ਐਮਰਜੈਂਸੀ ਪੈਣ ’ਤੇ ਛੁੱਟੀ ਵਾਲੇ ਸਟਾਫ਼ ਨੂੰ ਵੀ ਦਫ਼ਤਰ ਸੱਦ ਲਿਆ ਜਾਂਦਾ ਹੈ। ਮੁਹਾਲੀ ਵਿੱਚ ਬਹੁਮੰਜ਼ਿਲਾਂ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ 90 ਮੀਟਰ ਉਚਾਈ ਤੱਕ ਮਾਰ ਕਰਨ ਵਾਲੀ ਹਾਈਡ੍ਰੌਲਿਕ ਮਸ਼ੀਨ ਖ਼ਰੀਦ ਕੇ ਦੇਣ ਲਈ ਗਮਾਡਾ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਦੋ ਯਾਦ ਪੱਤਰ ਵੀ ਲਿਖੇ ਜਾ ਚੁੱਕੇ ਹਨ। ਸ੍ਰੀ ਭੰਗੂ ਨੇ ਦੱਸਿਆ ਕਿ ਮੁਹਾਲੀ ਹਵਾਈਅੱਡੇ ਵਾਲੇ ਪਾਸੇ ਤੀਜਾ ਫਾਇਰ ਬ੍ਰਿਗੇਡ ਦਫ਼ਤਰ ਬਣਾਉਣ ਦੀ ਤਜਵੀਜ਼ ਹੈ।

Advertisement
Tags :
Author Image

Advertisement
Advertisement
×