ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਦੀਆਂ ਵਿੱਤੀ ਸ਼ਾਖਾਵਾਂ ਪ੍ਰਭਾਵਿਤ
ਯੇਰੂਸ਼ਲਮ/ਬੈਰੂਤ, 21 ਅਕਤੂਬਰ
ਇਜ਼ਰਾਈਲ ਵੱਲੋਂ ਲੰਘੀ ਰਾਤ ਕੀਤੇ ਹਮਲਿਆਂ ’ਚ ਹਿਜ਼ਬੁੱਲਾ ਦੀ ਵਿੱਤੀ ਸੰਸਥਾ ਦੀਆਂ ਦਰਜਨ ਸ਼ਾਖਾਵਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਹਮਲਿਆਂ ’ਚ ਲਿਬਨਾਨ ਦੇ ਤਿੰਨ ਫੌਜੀ ਵੀ ਮਾਰੇ ਗਏ ਹਨ, ਜਿਸ ਲਈ ਇਜ਼ਰਾਈਲ ਨੇ ਮੁਆਫੀ ਮੰਗੀ ਹੈ।
ਦੂਜੇ ਪਾਸੇ ਹਿਜ਼ਬੁੱਲ੍ਹਾ ਇਨ੍ਹਾਂ ਹਮਲਿਆਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ। ਇਜ਼ਰਾਇਲੀ ਫ਼ੌਜ ਨੇ ਪਿਛਲੇ ਦਿਨ ਦੱਖਣੀ ਲਿਬਨਾਨ ’ਚ ਹਮਲੇ ਵਿੱਚ ਤਿੰਨ ਲਿਬਨਾਨੀ ਫੌਜੀਆਂ ਦੇ ਮਾਰੇ ਜਾਣ ਲਈ ਅੱਜ ਮੁਆਫ਼ੀ ਮੰਗੀ ਤੇ ਕਿਹਾ ਕਿ ਉਹ ਦੇਸ਼ ਦੀ ਫ਼ੌਜ ਨਾਲ ਨਹੀਂ ਲੜ ਰਹੇ। ਉਸ ਦੇ ਫ਼ੌਜੀਆਂ ਦਾ ਮੰਨਣਾ ਹੈ ਕਿ ਉਹ ਹਿਜ਼ਬੁੱਲਾ ਅਤਿਵਾਦੀ ਸਮੂਹ ਨਾਲ ਸਬੰਧਤ ਵਾਹਨ ਨੂੰ ਨਿਸ਼ਾਨਾ ਬਣਾ ਰਹੇ ਸਨ, ਜਦੋਂ ਇਹ ਫੌਜੀ ਮਾਰੇ ਗਏ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਲਿਬਨਾਨ ਦੀ ਫ਼ੌਜ ਦੇਸ਼ ਅੰਦਰ ਸਨਮਾਨਿਤ ਸੰਸਥਾ ਹੈ ਪਰ ਉਹ ਇੰਨੀ ਤਾਕਤਵਰ ਨਹੀਂ ਹੈ ਕਿ ਉਹ ਹਿਜ਼ਬੁੱਲਾ ’ਤੇ ਆਪਣੀ ਇੱਛਾ ਥੋਪ ਸਕੇ ਜਾਂ ਲਿਬਨਾਨ ਨੂੰ ਇਜ਼ਰਾਇਲੀ ਹਮਲੇ ਤੋਂ ਬਚਾਅ ਸਕੇ।
ਇਜ਼ਰਾਈਲ ਦੇ ਹਮਲਿਆਂ ’ਚ ਹਿਜ਼ਬੁੱਲਾ ਦੀਆਂ ਵਿੱਤੀ ਸੰਸਥਾ ਦੀਆਂ ਤਕਰੀਬਨ ਦਰਜਨ ਸ਼ਾਖਾਵਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਬਾਰੇ ਇਜ਼ਰਾਈਲ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਵਰਤੋਂ ਹਮਲਿਆਂ ਲਈ ਵਿੱਤੀ ਮਦਦ ਮੁਹੱਈਆ ਕਰਨ ਲਈ ਕੀਤੀ ਜਾਂਦੀ ਹੈ।
ਹਿਜ਼ਬੁੱਲਾ ਦੀ ਮਜ਼ਬੂਤ ਸਥਿਤੀ ਵਾਲੇ ਇਲਾਕੇ ਨਿਸ਼ਾਨੇ ’ਤੇ
ਇਜ਼ਰਾਇਲੀ ਹਮਲਿਆਂ ਨੇ ਬੈਰੂਤ ਦੇ ਦੱਖਣੀ ਇਲਾਕਿਆਂ, ਦੱਖਣੀ ਲਿਬਨਾਨ ਤੇ ਬੇਕਾ ’ਚ ਅਲ-ਕਰਦ ਅਲ-ਹਸਨ ਦੀਆਂ ਸ਼ਾਖਾਵਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਹਿਜ਼ਬੁੱਲਾ ਦੀ ਸਥਿਤੀ ਮਜ਼ਬੂਤ ਹੈ। ਇੱਕ ਝਟਕੇ ਨਾਲ ਨੌਂ ਮੰਜ਼ਿਲਾ ਇਮਾਰਤ, ਜਿਸ ਅੰਦਰ ਇੱਕ ਬ੍ਰਾਂਚ ਸੀ, ਤਬਾਹ ਹੋ ਗਈ। ਅੱਜ ਵੀ ਕਈ ਥਾਵਾਂ ਤੋਂ ਧੂੰਆਂ ਉਠਦਾ ਰਿਹਾ ਅਤੇ ਬੁਲਡੋਜ਼ਰ ਮਲਬਾ ਹਟਾ ਰਹੇ ਸਨ। ਇਜ਼ਰਾਇਲੀ ਫ਼ੌਜ ਨੇ ਹਮਲਿਆਂ ਤੋਂ ਪਹਿਲਾਂ ਲੋਕਾਂ ਨੂੰ ਇਲਾਕਾ ਛੱਡਣ ਦੀ ਚਿਤਾਵਨੀ ਦਿੱਤੀ ਸੀ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। -ਏਪੀ