ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਵੱਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ
ਮੁਕੇਸ਼ ਕੁਮਾਰ
ਚੰਡੀਗੜ੍ਹ, 7 ਜੂਨ
ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਕੁਲਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਵਿੱਚ ਫਿਰਨੀ ਰੋਡ ਬਰਮ ’ਤੇ ਪੇਵਰ ਬਲਾਕ ਲਈ 39 ਲੱਖ 44 ਹਜ਼ਾਰ ਰੁਪਏ, ਸੈਕਟਰ-23 ਵਿੱਚ ਚਿਲਡਰਨ ਟ੍ਰੈਫਿਕ ਪਾਰਕ ਦੇ ਪਿੱਛੇ ਬੈਂਬੂ ਵੈਲੀ ਦੇ ਵਿਕਾਸ ਲਈ 48 ਲੱਖ 93 ਹਜ਼ਾਰ ਰੁਪਏ, ਸੈਕਟਰ 43 ਏ ਅਤੇ ਬੀ ਵਿੱਚ ਵੀ-5 ਰੋਡ ’ਤੇ ਘਰਾਂ ਦੇ ਸਾਹਮਣੇ ਫੁੱਟਪਾਥ ਬਣਾਉਣ ਅਤੇ ਮਕਾਨਾਂ ਦੇ ਸਾਈਡ ’ਤੇ ਬਣੇ ਫੁੱਟਪਾਥ ਦੀ ਮੁਰੰਮਤ ਲਈ 47 ਲੱਖ 89 ਹਜ਼ਾਰ ਰੁਪਏ, ਸੀ ਐਂਡ ਡੀ ਵੇਸਟ ਪ੍ਰੋਸੈਸਿੰਗ ਪਲਾਂਟ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਚੇਨ ਲਿੰਕ ਫੈਂਸਿੰਗ ਲਗਾਉਣ ਲਈ 22 ਲੱਖ 95 ਹਜ਼ਾਰ ਰੁਪਏ, ਧੂੜ ਨੂੰ ਦਬਾਉਣ, ਸੈਨੀਟੇਸ਼ਨ ਦੇ ਉਦੇਸ਼ਾਂ ਲਈ ਦੋ ਨਵੇਂ ਪਾਣੀ ਦੇ ਟੈਂਕਰ ਖਰੀਦਣ ਅਤੇ ਗਊ ਸ਼ੈੱਡਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਲਈ 50 ਲੱਖ ਰੁਪਏ, ਚੰਡੀਗੜ੍ਹ ਵਿੱਚ ਆਵਾਰਾ ਕੁੱਤਿਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ 6 ਡਾਗ ਕੈਚਰ ਦੇ ਮੌਜੂਦਾ ਠੇਕੇ ਵਿੱਚ ਵਾਧਾ ਕਰਨ, ਪਿੰਡ ਕਿਸ਼ਨਗੜ੍ਹ ਵਿੱਚ ਸਥਿਤ ਕਮਿਊਨਿਟੀ ਸੈਂਟਰ ਵਿੱਚ ਏਅਰ ਕੰਡੀਸ਼ਨਰ ਦੇ ਪ੍ਰਬੰਧ ਲਈ 12 ਲੱਖ 25 ਹਜ਼ਾਰ ਰੁਪਏ, ਸੈਕਟਰ 40-ਸੀ ਦੀ ਮਾਰਕੀਟ ਦੀ ਪਾਰਕਿੰਗ ਵਿੱਚ ਹਾਈ ਮਾਸਟ ਲਾਈਟ ਦੇ ਪ੍ਰਬੰਧ ਲਈ 25 ਲੱਖ 46 ਹਜ਼ਾਰ ਰੁਪਏ ਅਤੇ ਸੈਕਟਰ 41 ਏ ਦੇ ਪਾਰਕਾਂ ਨੇੜੇ ਪੇਵਰ ਬਲਾਕ ਲਗਾਉਣ ਲਈ 48 ਲੱਖ 68 ਹਜ਼ਾਰ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਿਗਮ ਨਾਲ ਸਬੰਧਿਤ ਸ਼ਹਿਰ ਦੇ ਹੋਰ ਮਸਲਿਆਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਜਸਵਿੰਦਰ ਕੌਰ, ਲਖਬੀਰ ਸਿੰਘ, ਮਹੇਸ਼ਇੰਦਰ ਸਿੰਘ ਸਿੱਧੂ, ਰਾਮ ਚੰਦਰ ਯਾਦਵ, ਤਰੁਣਾ ਮਹਿਤਾ ਅਤੇ ਨਗਰ ਨਿਗਮ ਦੇ ਹੋਰ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਕਮੇਟੀ ਦੇ ਮੈਂਬਰਾਂ ਨੇ ਨਗਰ ਨਿਗਮ ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ, ਬੁੜੈਲ, ਖੁੱਡਾ ਲਾਹੌਰ, ਖੁੱਡਾ ਅਲੀਸ਼ੇਰ ਅਤੇ ਡੱਡੂ ਮਾਜਰਾ ਦੀਆਂ ਖੇਤੀ ਅਤੇ ਵਾਹੀਯੋਗ ਜ਼ਮੀਨਾਂ ਨੂੰ ਖੁੱਲ੍ਹੀ ਨਿਲਾਮੀ ਰਹਿਣ ਵਟਾਈ ’ਤੇ ਦੇਣ ਸਬੰਧੀ ਦਾ ਮਤੇ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਪਾਸ ਕਰ ਦਿੱਤਾ ਅਤੇ ਇਸ ਨੂੰ ਨਿਗਮ ਹਾਊਸ ਦੀ ਮੀਟਿੰਗ ਵਿੱਚ ਅਗਲੇਰੀ ਚਰਚਾ ਅਤੇ ਅੰਤਿਮ ਪ੍ਰਵਾਨਗੀ ਦੇਣ ਲਈ ਭੇਜਣ ਦਾ ਫੈਸਲਾ ਕੀਤਾ। ਪਾਸ ਕੀਤੇ ਗਏ ਏਜੰਡੇ ਅਨੁਸਾਰ ਸਬੰਧਿਤ ਜ਼ਮੀਨ ਅਲਾਟਮੈਂਟ ਦੀ ਮਿਤੀ ਤੋਂ 1 ਸਾਲ ਦੀ ਮਿਆਦ ਲਈ ਲੀਜ਼ ’ਤੇ ਦਿੱਤੀ ਜਾਵੇਗੀ ਅਤੇ ਇਸ ਨੂੰ ਵੱਧ ਤੋਂ ਵੱਧ 5 ਸਾਲਾਂ ਲਈ ਨਵਿਆਇਆ ਜਾ ਸਕਦਾ ਹੈ। ਕਿਰਾਇਆ/ਲੀਜ਼ ਦੀ ਰਕਮ ਨੂੰ ਪਿਛਲੇ ਸਾਲ ਦੇ ਆਖਰੀ ਭੁਗਤਾਨ ਕੀਤੇ ਕਿਰਾਏ ਨਾਲੋਂ 10 ਰੁਪਏ ਸਾਲਾਨਾ ਦੀ ਦਰ ਨਾਲ ਵਧਾਇਆ ਜਾਵੇਗਾ। ਵਟਾਈ ’ਤੇ ਦਿੱਤੀ ਗਈ ਜ਼ਮੀਨ ਨੂੰ ਸਿਰਫ਼ ਖੇਤੀਬਾੜੀ ਦੇ ਉਦੇਸ਼ ਲਈ ਵਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਡੱਡੂ ਮਾਜਰਾ ਵਿੱਚ ਪਲਾਂਟ ਦੀ ਬਦਬੂ ਦੀ ਸਮੱਸਿਆ ਦਾ ਹੋਵੇਗਾ ਹੱਲ
ਡੱਡੂ ਮਾਜਰਾ ਵਿੱਚ ਸਥਿਤ ਕੰਪੋਸਟ ਮੈਨੂਫੈਕਚਰਿੰਗ ਪਲਾਂਟ ਵਿੱਚ ਬਦਬੂ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਵਲੋਂ ਹਾਈ ਪ੍ਰੈੱਸ਼ਰ ਮਿਸਟਿੰਗ ਸਿਸਟਮ ਲਗਾਇਆ ਜਾਵੇਗਾ ਤਾਂ ਜੋ ਆਸ-ਪਾਸ ਦੇ ਲੋਕ ਕੰਪੋਸਟ ਮੈਨੂਫੈਕਚਰਿੰਗ ਪਲਾਂਟ ਵਿੱਚੋਂ ਨਿਕਲਣ ਵਾਲੀ ਬਦਬੂ ਤੋਂ ਛੁਟਕਾਰਾ ਪਾ ਸਕਣ। ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਡੱਡੂ ਮਾਜਰਾ ਸਥਿਤ 300 ਟੀਡੀਪੀ ਕੰਪੋਜੀਸ਼ਨ ਪਲਾਂਟ ਵਿੱਚ ਸਿਸਟਮ ਲਗਾਉਣ ਲਈ 32 ਲੱਖ 38 ਹਜ਼ਾਰ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦੇ ਦਿੱਤੀ।
ਚੰਡੀਗੜ੍ਹ ਨਗਰ ਨਿਗਮ ਨੇ 28ਵਾਂ ਸਥਾਪਨਾ ਦਿਵਸ ਮਨਾਇਆ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਇੱਥੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਆਪਣਾ 28ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ 24 ਮਈ 1994 ਮਈ ਨੂੰ ਆਪਣੀ ਸਥਾਪਨਾ ਦੇ ਬਾਅਦ ਤੋਂ ਚੰਡੀਗੜ੍ਹ ਨਗਰ ਨਿਗਮ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਕਈ ਗੁਣਾ ਵੱਧ ਗਈਆਂ ਹਨ। ਪ੍ਰੋਗਰਾਮ ਦੇ ਦੌਰਾਨ ਨਗਰ ਨਿਗਮ ਨੇ ਰੰਗੀਲਾ ਭਾਰਤ, ਗਿੱਡਾ ਅਤੇ ਭੰਗੜਾ, ਝੂਮਰ, ਸ਼ੰਮੀ ਅਤੇ ਫੈਸ਼ਨ ਸ਼ੋਅ ਪੇਸ਼ ਕੀਤਾ।